ਆਕਲੈਂਡ (ਹਰਪ੍ਰੀਤ ਸਿੰਘ) - ਡਾਇਰੈਕਟਰ ਜਨਰਲ ਦੀ ਸਲਾਹ 'ਤੇ ਕੈਬਿਨੇਟ ਨੇ ਫੈਸਲਾ ਲਿਆ ਹੈ ਕਿ ਆਕਲੈਂਡ ਅਤੇ ਬਾਕੀ ਦੇ ਨਿਊਜੀਲੈਂਡ ਵਿੱਚ ਲੌਕਡਾਊਨ ਦੇ ਮੌਜੂਦਾ ਲੇਵਲ ਅਗਲੇ ਕੁਝ ਦਿਨ ਹੋਰ ਜਾਰੀ ਰਹਿਣਗੇ। ਆਕਲੈਂਡ ਦੇ ਲੇਵਲ ਸਬੰਧੀ 21 ਸਤੰਬਰ ਨੂੰ ਕੈਬਿਨੇਟ ਦੀ ਇੱਕ ਰੀਵਿਊ ਮੀਟਿੰਗ ਕਰਵਾਈ ਜਾਏਗੀ, ਜਿਸ ਵਿੱਚ ਜਨਤਕ ਇੱਕਠ ਦੇ ਵਧਾਏ ਜਾਣ 'ਤੇ ਵੀ ਗੱਲਬਾਤ ਹੋਏਗੀ।
ਇਸ ਗੱਲ ਦੀ ਜਾਣਕਾਰੀ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਲਾਈਵ ਹੋ ਕੇ ਦਿੱਤੀ ਗਈ ਹੈ। ਇਸ ਤੋਂ ਪਹਿਲਾਂ ਮੌਜੂਦਾ ਲੌਕਡਾਊਨ ਦੇ ਲੇਵਲ ਸਬੰਧੀ ਕੈਬਿਨੇਟ ਵਲੋਂ ਰੀਵਿਊ ਮੀਟਿੰਗ ਕੀਤੀ ਗਈ ਸੀ।
ਇਸ ਗੱਲ ਦੀ ਪੂਰੀ ਆਸ ਹੈ ਕਿ 21 ਸਤੰਬਰ ਨੂੰ ਹੋਣ ਵਾਲੀ ਮੀਟਿੰਗ ਵਿੱਚ ਬਾਕੀ ਦੇ ਨਿਊਜੀਲੈਂਡ ਦੇ ਹਿੱਸਿਆ ਵਿੱਚ ਲੇਵਲ 1 ਲਾਗੂ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਲੇਵਲ 2 ਵਾਲੇ ਇਲਾਕਿਆਂ ਵਿੱਚ ਅੱਜ ਤੋਂ ਜਹਾਜਾਂ, ਰੇਲ-ਗੱਡੀਆਂ ਤੇ ਬੱਸਾਂ ਵਿੱਚ ਫੀਜੀਕਲ ਡਿਸਟੈਂਸਿੰਗ ਦੀ ਲੋੜ ਨਹੀਂ ਹੋਏਗੀ, ਪਰ ਮਾਸਕ ਪਾਉਣਾ ਲਾਜਮੀ ਹੀ ਰਹੇਗਾ। ਕੋਰੋਨਾ ਟੈਸਟ ਵੀ ਜਾਰੀ ਰਹਿਣਗੇ।
ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਇਸ ਮੌਕੇ ਇੱਕ ਖਾਸ ਗੱਲ ਵੀ ਕਹੀ ਜੋ ਕਾਫੀ ਮੱਹਤਵਪੂਰਨ ਕਹੀ ਜਾ ਸਕਦੀ ਹੈ, ਉਨ੍ਹਾਂ ਕਿਹਾ ਕਿ ਦੁਨੀਆਂ ਭਰ ਵਿੱਚ ਆਰਥਿਕ ਹਾਲਾਤ ਮਾੜੇ ਹਨ। ਪਰ ਇਸ ਵੇਲੇ ਕੋਰੋਨਾ ਤੋਂ ਬਚਾਅ ਕਰਕੇ ਨਿਊਜੀਲੈਂਡ ਵਾਸੀਆਂ ਦੀ ਸਿਹਤ ਨੂੰ ਬਚਾ ਕੇ ਰੱਖਣਾ ਹੀ ਸਭ ਤੋਂ ਵੱਡੀ ਉਪਲਬਧੀ ਹੈ।