ਆਕਲੈਂਡ (ਹਰਪ੍ਰੀਤ ਸਿੰਘ) - ਤਾਜਾ ਜਾਰੀ ਆਂਕੜੇ ਦੱਸਦੇ ਹਨ ਕਿ ਇਮੀਗ੍ਰੇਸ਼ਨ ਨਿਊਜੀਲੈਂਡ ਦੇ ਓਵਰਸੀਜ ਕਰਮਚਾਰੀ ਜੋ ਕਿ ਕੋਰੋਨਾ ਮਹਾਂਮਾਰੀ ਕਰਕੇ ਕਈ ਮਹੀਨਿਆਂ ਲਈ ਕੰਮ ਨਹੀਂ ਕਰ ਸਕੇ, ਉਨ੍ਹਾਂ ਨੂੰ ਵੇਹਲੇ ਬੈਠਿਆਂ ਨੂੰ ਬਿਨ੍ਹਾਂ ਕਟੌਤੀ ਪੂਰੀ ਤਨਖਾਹ ਦਿੱਤੀ ਗਈ ਹੈ। ਬੀਜਿੰਗ ਦਾ ਦਫਤਰ ਜੋ ਕਿ 24 ਜਨਵਰੀ ਤੋਂ ਬੰਦ ਪਿਆ ਹੈ ਅਤੇ ਹੁਣ ਜਾ ਕੇ ਉਸਨੂੰ ਖੋਲਣ ਦੀ ਤਿਆਰੀ ਚੱਲ ਰਹੀ ਹੈ, ਉਸਦੇ ਕਰਮਚਾਰੀਆਂ ਨੂੰ $5 ਮਿਲੀਅਨ ਦੀ ਤਨਖਾਹ ਇਸ ਸਮੇਂ ਦੌਰਾਨ ਦਿੱਤੀ ਗਈ ਹੈ। ਮੁੰਬਈ ਸਥਿਤ ਦਫਤਰ ਦੇ ਕਰਮਚਾਰੀਆਂ ਨੂੰ $2 ਮਿਲੀਅਨ ਦੀ ਤਨਖਾਹ ਇਸ ਸਮੇਂ ਦੌਰਾਨ ਦਿੱਤੀ ਗਈ ਹੈ। ਸਮੋਆ ਤੇ ਫਿਲੀਪੀਨਜ ਦੇ ਦਫਤਰ ਜੋ ਪਿਛਲੇ ਮਹੀਨੇ ਖੁੱਲੇ ਹਨ, ਉਨ੍ਹਾਂ ਕਰਮਚਾਰੀਆਂ ਨੂੰ ਦਿੱਤੀ ਤਨਖਾਹ ਦੇ ਤਾਂ ਅਜੇ ਆਂਕੜੇ ਵੀ ਸਾਹਮਣੇ ਨਹੀਂ ਆਏ ਹਨ।
ਦੂਜੇ ਪਾਸੇ ਸਿਸਟਮ ਦੀ ਇੱਕ ਹੋਰ ਨਾਲਾਇਕੀ ਵੀ ਸਾਹਮਣੇ ਆਈ ਹੈ, ਜਿੱਥੇ ਸਰਕਾਰ ਇਨ੍ਹਾਂ ਕਰਮਚਾਰੀਆਂ ਨੂੰ ਵੇਲਿਆਂ ਬੈਠਿਆਂ ਨੂੰ ਤਨਖਾਹਾਂ ਤਾਂ ਦੇ ਸਕਦੀ ਹੈ, ਉੱਥੇ ਹੀ ਐਮ ਬੀ ਆਈ ਈ ਦੇ 3000 ਕਰਮਚਾਰੀ ਜੋ ਕਿ ਵਰਕ ਫਰਾਮ ਹੋਮ ਕਰ ਰਹੇ ਸਨ, ਉਨ੍ਹਾਂ ਨੂੰ ਸਿਸਟਮ ਅਪਡੇਟ ਨਾ ਹੋਣ ਕਰਕੇ ਭਾਰੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪਿਆ।