ਬੱਸ-ਟਰੇਨ ਹਾਦਸੇ 'ਚ ਬੱਸ ਡਰਾਈਵਰ ਦੀ ਮੌਤ
ਪਾਲਮਰਸਟਨ ਨੌਰਥ ਨੇੜੇ ਫਾਟਕ 'ਤੇ ਵਾਪਰੀ ਦੁਰਘਟਨਾ
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ ਦੇ ਪਾਲਮਰਸਟਨ ਨੌਰਥ ਦੇ ਨੇੜੇ ਅੱਜ ਸਵੇਰੇ ਬੰਨੀਥਰੌਪ ਦੇ ਰੇਲਵੇ ਕਰਾਸਿੰਗ 'ਤੇ ਬੱਸ ਅਤੇ ਟਰੇਨ ਹਾਦਸੇ 'ਚ ਬੱਸ ਡਰਾਈਵਰ ਦੀ ਮੌਤ ਹੋ ਗਈ ਜਦੋਂ ਕਿ ਬੱਸ 'ਚ ਸਵਾਰ ਛੇ ਵਿਦਿਆਰਥੀ ਜ਼ਖਮੀ ਹੋ ਗਏ। ਹਾਲਾਂਕਿ ਵੱਡੇ ਨੁਕਸਾਨ ਤੋਂ ਬਚਾਅ ਹੋ ਗਿਆ। ਵਿਦਿਆਰਥੀ ਫੀਲਡਿੰਗ ਹਾਈ ਸਕੂਲ ਨਾਲ ਸਬੰਧਤ ਹਨ।
ਸੇਂਟ ਜੌਹਨ ਐਂਬੂਲੈਂਸ ਦੇ ਬੁਲਾਰੇ ਅਨੁਸਾਰ 6 ਜਣਿਆਂ ਨੂੰ ਪਾਲਮਰਸਟਨ ਨੌਰਥ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ, ਜਦ ਕਿ 40 ਹੋਰ ਬਾਕੀਆਂ ਨੂੰ ਮਾਮੂਲੀ ਸੱਟਾਂ ਲੱਗੀਆਂ ਹਨ। ਜਿਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲੀਸ ਅਨੁਸਾਰ ਬੱਚਿਆਂ ਦਾ ਬਚਾਅ ਹੋ ਗਿਆ ਤੇ ਕੋਈ ਵੀ ਗੰਭੀਰ ਸਥਿਤੀ 'ਚ ਨਹੀਂ ਹੈ। ਘਟਨਾ ਸਥਾਨ 'ਤੇ 4 ਐਂਬੂਲੈਂਸ ਗੱਡੀਆਂ ਪਹੁੰਚ ਗਈਆਂ ਸਨ।
ਕੀਵੀ ਰੇਲ ਗਰੁੱਪ ਦੇ ਚੀਫ ਐਗਜ਼ੈਕਟਿਵ ਗਰੇਗ ਮਿੱਲਰ ਨੇ ਹਾਦਸੇ ਨੂੰ ਦੁਖਦਾਈ ਦੱਸਿਆ ਹੈ। ਜਿਨ੍ਹਾਂ ਅਨੁਸਾਰ ਕੀਵੀ ਰੇਲ ਵੱਲੋਂ ਜ਼ਖਮੀ ਬੱਚਿਆਂ ਅਤੇ ਟਰੇਨ ਡਰਾਈਵਰ ਦੀ ਸਹਾਇਤਾ ਕੀਤੀ ਜਾ ਰਹੀ ਹੈ। ਉਨ੍ਹਾਂ ਸਪੱਸ਼ਟ ਕੀਤਾ ਕਿ ਰੇਲਵੇ ਕਰੌਸਿੰਗ 'ਤੇ ਲਾਈਟਾਂ ਅਤੇ ਘੰਟੀਆਂ ਪ੍ਰਬੰਧ ਹੈ।