ਆਕਲੈਂਡ (ਹਰਪ੍ਰੀਤ ਸਿੰਘ) - ਜੇ ਨਿਊਜੀਲੈਂਡ ਦੀ ਕੋਰੋਨਾ ਮਹਾਂਮਾਰੀ ਦੀ ਸ਼ਿਕਾਰ ਹੋਈ ਆਰਥਿਕਤਾ ਨੂੰ ਦੁਬਾਰਾ ਤੋਂ ਕਿਸੇ ਚੰਗੇ ਰਾਹ 'ਤੇ ਪਾਉਣਾ ਹੈ ਤਾਂ ਇਸ ਲਈ ਖੇਤੀਬਾੜੀ ਨਾਲ ਸਬੰਧਤ ਪ੍ਰਵਾਸੀ ਕਰਮਚਾਰੀਆਂ ਦੀ ਘਾਟ ਨੂੰ ਸਭ ਤੋਂ ਪਹਿਲਾਂ ਪੂਰਾ ਕਰਨਾ ਪਏਗਾ, ਇਹ ਮੰਨਣਾ ਹੈ ਨਿਊਜੀਲੈਂਡ ਦੇ ਕਿਸਾਨਾਂ ਦਾ।
ਇੱਥੇ ਦੱਸਦੀਏ ਕਿ ਇਹ ਕਹਿਣੀ ਇਸ ਲਈ ਵੀ ਸਹੀ ਹੋ ਜਾਂਦੀ ਹੈ ਕਿਉਂਕਿ ਬੀਤੇ ਕੁਝ ਸਮੇਂ ਤੋਂ ਸ਼ਹਿਰਾਂ ਨਾਲ ਸਬੰਧਤ ਜੀਡੀਪੀ ਦੇ ਵਿੱਚ -12.2% ਦਰਜ ਕੀਤੀ ਗਈ ਹੈ,ਪਰ ਜੇ ਗੱਲ ਕਰੀਏ ਖੇਤੀਬਾੜੀ ਨਾਲ ਸਬੰਧਤ ਕਿੱਤਿਆਂ ਦੀ ਤਾਂ ਇੱਥੇ ਜੀਡੀਪੀ ਵਿੱਚ ਸਿਰਫ -2% ਦੀ ਗਿਰਾਵਟ ਹੀ ਆਈ ਹੈ ਤੇ ਖੇਤੀਬਾੜੀ ਨਿਊਜੀਲ਼ੈਂਡ ਵਿਚ ਮੁੱਖ ਕਿੱਤਿਆਂ ਵਿੱਚ ਗਿਣਿਆਂ ਜਾਂਦਾ ਹੈ। ਪਰ ਅੱਗੇ ਆ ਰਹੇ ਸੀਜਨ ਵਿੱਚ ਕਿਸਾਨਾਂ ਨੂੰ ਮੌਜੂਦਾ ਸਮੇਂ ਦੇ ਹਿਸਾਬ ਨਾਲ ਕਰਮਚਾਰੀਆਂ ਦੀ ਭਾਰੀ ਕਿੱਲਤ ਦੇਖਣ ਨੂੰ ਮਿਲ ਸਕਦੀ ਹੈ।
ਇੱਕ ਅੰਦਾਜੇ ਅਨੁਸਾਰ ਇੱਕਲੇ ਹਾਕਸ ਬੇਅ ਵਿੱਚ ਹੀ 10,000 ਤੋਂ ਵਧੇਰੇ ਕਾਮਿਆਂ ਦੀ ਲੋੜ ਹੈ।
ਯਮੀ ਐਪਲਜ਼ ਦੇ ਜਨਰਲ ਮੈਨੇਜਰ ਪੋਲ ਪੈਂਟਰ ਅਨੁਸਾਰ ਕਰਮਚਾਰੀਆਂ ਦੀ ਘਾਟ ਰਹਿਣ ਦਾ ਮਤਲਬ ਹੈ ਬਿਲੀਅਨ ਡਾਲਰ ਦੀ ਕਮਾਈ ਨੂੰ ਖਤਰੇ ਵਿੱਚ ਪਾਉਣਾ ਤੇ ਜੋ ਅਰਥਚਾਰੇ ਦੇ ਹਾਲਾਤ ਹਨ, ਉਸਨੂੰ ਲੈਕੇ ਕੋਈ ਵੀ ਅਣਗਹਿਲੀ ਵਰਤਣੀ ਗਲਤ ਸਾਬਿਤ ਹੋਏਗੀ। ਉਨ੍ਹਾਂ ਇਹ ਵੀ ਕਿਹਾ ਕਿ ਨਿਊਜੀਲੈਂਡ ਦੇ ਲੋਕਲ ਕਾਮਿਆਂ ਨਾਲ ਉਨ੍ਹਾਂ ਦੀ ਘਾਟ ਕਿਸੇ ਵੀ ਹਾਲ 'ਚ ਪੂਰੀ ਨਹੀਂ ਹੋ ਸਕਦੀ।