ਆਕਲੈਂਡ (ਹਰਪ੍ਰੀਤ ਸਿੰਘ) - ਟੀਵੀਐਨਜੈਡ ਦੀ ਅੱਜ ਪ੍ਰਸਾਰਿਤ ਕੀਤੀ ਗਈ "ਫਰਸਟ ਲੀਡਰਜ਼ ਡਿਬੈਟ" ਮੌਕੇ ਨੈਸ਼ਨਲ ਪਾਰਟੀ ਤੇ ਲੇਬਰ ਪਾਰਟੀ ਦੇ ਲੀਡਰਾਂ ਵਿੱਚ ਪੂਰੀ ਖਹਿਬਾਜੀ ਦੇਖਣ ਨੂੰ ਮਿਲ਼ੀ। ਖਾਸਕਰ ਦੋਨੋਂ ਪਾਰਟੀ ਨੇਤਾ ਜੈਡਿਥ ਕੌਲਿਨਜ਼ ਤੇ ਜੈਸਿੰਡਾ ਆਰਡਨ ਘੱਟੋ-ਘੱਟ ਤਨਖਾਹਾਂ ਦੇ ਵਾਧੇ ਨੂੰ ਲੈਕੇ ਇੱਕ ਦੂਜੇ ਤੋਂ ਬਿਲਕੁਲ ਪੂਰਬ-ਪੱਛਮ ਵਾਲੀ ਸਥਿਤੀ ਵਿੱਚ ਦੇਖਣ ਨੂੰ ਮਿਲੇ।
ਨੈਸ਼ਨਲ ਲੀਡਰ ਜੂਡਿਥ ਕੌਲਿਨਜ਼ ਜੋ ਘੱਟੋ-ਘੱਟ ਤਨਖਾਹਾਂ ਦੇ ਵਾਧੇ ਨੂੰ ਬਿਲਕੁਲ ਵੀ ਜਾਇਜ ਨਹੀਂ ਮੰਨਦੇ, ਉਨ੍ਹਾਂ ਦਾ ਕਹਿਣਾ ਹੈ ਕਿ ਫੈਸਲਾ ਛੋਟੇ ਕਾਰੋਬਾਰੀਆਂ ਦੇ ਪੱਖ ਵਿੱਚ ਬਿਲਕੁਲ ਵੀ ਠੀਕ ਨਹੀਂ ਹੈ, ਕਿਉਂਕਿ ਲਗਾਤਾਰ ਤਨਖਾਹਾਂ ਵਧਾਏ ਜਾਣ ਤੋਂ ਛੋਟਾ ਕਾਰੋਬਾਰੀ ਸਭ ਤੋਂ ਪ੍ਰਭਾਵਿਤ ਹੋ ਰਿਹਾ ਹੈ ਅਤੇ ਉਹ ਨਹੀਂ ਚਾਹੁੰਦਾ ਕਿ ਘੱਟੋ-ਘੱਟ ਤਨਖਾਹਾਂ ਦੇ ਵਿੱਚ ਵਾਧਾ ਹੋਏ, ਪਰ ਦੂਜੇ ਪਾਸੇ ਜੇ ਗੱਲ ਕਰੀਏ ਲੇਬਰ ਲੀਡਰ ਤੇ ਮੌਜੂਦਾ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਦੀ ਤਾਂ ਉਨ੍ਹਾਂ ਕਿਹਾ ਕਿ ਘੱਟੋ-ਘੱਟ ਤਨਖਾਹਾਂ ਵਧਾਏ ਜਾਣਾ ਸਮੇਂ ਦੀ ਮੰਗ ਹੈ, ਅਜਿਹਾ ਬਿਲਕੁਲ ਵੀ ਨਹੀਂ ਹੋਣਾ ਚਾਹੀਦਾ ਕਿ ਨਿਊਜੀਲ਼ੈਂਡ ਵਾਸੀ ਜੋ ਘੱਟੋ-ਘੱਟ ਤਨਖਾਹਾਂ ਹਾਸਿਲ ਕਰਦੇ ਹਨ, ਸਿਰਫ ਹੈਂਡ ਟੂ ਮਾਊਥ ਵਾਲੀ ਸਥਿਤੀ ਵਿੱਚ ਰਹਿਣ, ਬਲਕਿ ਉਨ੍ਹਾਂ ਨੂੰ ਆਪਣੇ ਖਰਚੇ ਕੱਢਣ ਦੇ ਨਾਲ-ਨਾਲ ਆਪਣੇ ਆਪ ਅਤੇ ਆਪਣੇ ਪਰਿਵਾਰਾਂ ਨੂੰ ਪ੍ਰਫੂਲਿਤ ਕਰਨ ਦਾ ਮੌਕਾ ਮਿਲਣਾ ਚਾਹੀਦਾ ਹੈ।
ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਘੱਟੋ-ਘੱਟ ਤਨਖਾਹਾ ਵਿੱਚ ਕੀਤੇ ਵਾਧੇ ਨਾਲ ਪਰਿਵਾਰਾਂ ਦੀ ਕਮਾਈ ਵਿੱਚ $100 ਪ੍ਰਤੀ ਹਫਤੇ ਤੱਕ ਦਾ ਫਰਕ ਪਿਆ ਹੈ ਤੇ ਜੇ ਉਨ੍ਹਾਂ ਦੀ ਸਰਕਾਰ ਆਉਂਦੀ ਹੈ ਤਾਂ ਉਹ ਘੱਟੋ-ਘੱਟ ਤਨਖਾਹ ਨੂੰ $20 ਪ੍ਰਤੀ ਘੰਟਾ ਕਰਕੇ ਹੀ ਰਹਿਣਗੇ।