ਆਕਲੈਂਡ (ਹਰਪ੍ਰੀਤ ਸਿੰਘ) - ਇਹ ਵੀਕੈਂਡ ਆਮ ਨਹੀਂ ਰਹਿਣ ਵਾਲਾ, ਕਿਉਂਕਿ ਮੈਟ ਸਰਵਿਸ ਵਲੋਂ ਨਿਊਜੀਲੈਂਡ ਭਰ ਵਿੱਚ ਮੌਸਮ ਨੂੰ ਲੈਕੇ ਗੰਭੀਰ ਪੱਧਰ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਗੜੇਮਾਰੀ ਤੋਂ ਲੈਕੇ ਤੂਫਾਨੀ ਹਵਾਵਾਂ, ਮੀਂਹ, ਝੱਖੜ ਸਭ ਕੁਝ ਇਸ ਚੇਤਾਵਨੀ ਵਿੱਚ ਦੱਸਿਆ ਗਿਆ ਹੈ।
ਚੇਤਾਵਨੀ ਵਿੱਚ ਨਿਊਜੀਲੈਂਡ ਦੇ ਸਾਰੇ ਹਿੱਸੇ ਹੀ ਜਾਂ ਤਾਂ ਪੀਲੇ ਰੰਗ ਦੀ ਚੇਤਾਵਨੀ ਜਾਂ ਸੰਤਰੀ ਰੰਗ ਦੀ ਚੇਤਾਵਨੀ ਦੇ ਦਰਸਾਏ ਗਏ ਹਨ।
ਸਾਵਧਾਨੀ ਵਜੋਂ ਆਕਲੈਂਡ ਦੀਆਂ ਜਿਆਦਾਤਰ ਟੈਂਪਰੇਰੀ ਰੋਡ ਕੋਨ 'ਤੇ ਸੈਂਡ ਬੈਗ ਤੇ ਵੈਟ ਲਗਾ ਦਿੱਤੇ ਗਏ ਹਨ। ਟ੍ਰਾਂਸਪੋਰਟ ਐਜੰਸੀ ਦਾ ਕਹਿਣਾ ਹੈ ਕਿ ਕੋਈ ਮੰਦਭਾਗੀ ਘਟਨਾ ਨਾ ਵਾਪਰੇ ਇਸ ਲਈ ਉਹ ਸਾਵਧਾਨੀ ਵਜੋਂ ਕਈ ਸੜਕਾਂ ਤੇ ਪੁੱਲ ਆਰਜੀ ਤੌਰ 'ਤੇ ਬੰਦ ਕਰ ਸਕਦੇ ਹਨ। ਹਾਰਬਰ ਬਿ੍ਰਜ ਪਾਰ ਕਰਨ ਵਾਲਿਆਂ ਨੂੰ ਘੱਟ ਰਫਤਾਰ 'ਤੇ ਪੁੱਲ ਪਾਰ ਕਰਨ ਦੀ ਚੇਤਾਵਨੀ ਹੈ।
ਇਸ ਤੋਂ ਇਲਾਵਾ ਹੋਰਨਾਂ ਇਲਾਕਿਆਂ ਲਈ ਭਾਰੀ ਮੀਂਹ, ਨਦੀਆਂ ਦੇ ਪੱਧਰ ਵੱਧਣ, ਢਿੱਗਾਂ ਡਿੱਗਣ ਜਿਹੀਆਂ ਘਟਨਾਵਾਂ ਵਾਪਰਣ ਦੀ ਗੱਲ ਆਖੀ ਗਈ ਹੈ। ਵਾਇਰੀਰਾਪਾ ਜਿਹੇ ਇਲਾਕਿਆਂ ਲਈ ਤੂਫਾਨੀ ਹਵਾਵਾਂ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।