ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਸਰਕਾਰ ਇਸ ਗੱਲ 'ਤੇ ਵਿਚਾਰ ਕਰ ਰਹੀ ਹੈ ਕਿ ਜਿਨ੍ਹਾਂ ਦੇਸ਼ਾਂ ਵਿੱਚ ਕੋਰੋਨਾ ਜਿਆਦਾ ਫੈਲਿਆ ਹੈ, ਉਨ੍ਹਾਂ ਤੋਂ ਵਾਪਿਸ ਆ ਰਹੇ ਨਿਊਜੀਲੈਂਡ ਵਾਸੀਆਂ 'ਤੇ ਰੋਕ ਲਾਈ ਜਾਏ ਤੇ ਇਸ ਸੂਚੀ ਵਿੱਚ ਸਭ ਤੋਂ ਪਹਿਲਾ ਨਾਮ ਭਾਰਤ ਦਾ ਹੈ।
ਸਰਕਾਰੀ ਐਜੰਸੀਆਂ ਦਾ ਮੰਨਣਾ ਹੈ ਕਿ ਭਾਰਤ ਸਰਕਾਰ ਕੋਰੋਨਾ ਨਾਲ ਲੜਣ ਵਿੱਚ ਤਾਂ ਬਹੁਤ ਕਾਮਯਾਬ ਰਹੀ ਹੈ, ਪਰ ਫਿਰ ਵੀ ਇੱਥੇ ਕੋਰੋਨਾ ਦੇ ਕੇਸਾਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ ਤੇ ਇਸੇ ਕਰਕੇ ਬਾਰਡਰ 'ਤੇ ਕੋਰੋਨਾ ਫੈਲਣ ਦਾ ਰਿਸਕ ਵੀ ਵੱਧ ਰਿਹਾ ਹੈ।
6 ਕੇਸਾਂ ਦੇ ਗਰੁੱਪ ਕਲਸਟਰ ਤੇ 31 ਨਜਦੀਕੀ ਸੰਪਰਕ ਭਾਰਤ ਤੋਂ 27 ਅਗਸਤ ਨੂੰ ਆਏ ਇੱਕ ਵਿਅਕਤੀ ਨਾਲ ਸਬੰਧਤ ਹੈ, ਜਿਸਨੂੰ ਕੋਰੋਨਾ ਦੀ ਪੁਸ਼ਟੀ ਮੈਨੇਜਡ ਆਈਸੋਲੇਸ਼ਨ ਤੋਂ ਬਾਹਰ ਆਉਣ 'ਤੇ ਹੋਈ ਸੀ। ਕਾਰਨਾ ਦਾ ਪਤਾ ਲਾਉਣ ਦੀ ਅਜੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪਰ ਜੀਨੋਮ ਸਿਕੁਏਂਸਿੰਗ ਇਸੇ ਵਿਅਕਤੀ ਨਾਲ ਸਬੰਧਤ ਹੈ।
ਅਰਥਸ਼ਾਸਤਰੀ ਰੋਡਨੀ ਜੋਨਸ, ਜੋ ਕਿ ਕੋਵਿਡ 19 ਦਾ ਮਾਡਲ ਬਣਾ ਰਹੇ ਹਨ, ਉਨ੍ਹਾਂ ਨੇ ਸਾਫ ਤੌਰ 'ਤੇ ਕਿਹਾ ਹੈ ਕਿ ਕੋਰੋਨਾ ਦਾ ਖਤਰਾ ਨਿਊਜੀਲੈਂਡ ਵਾਸੀਆਂ ਨੂੰ ਓਵਰਸੀਜ ਤੋਂ ਸੋਚੇ ਤੋਂ ਕਿਤੇ ਵਧੇਰੇ ਹੈ।