ਆਕਲੈਂਡ (ਹਰਪ੍ਰੀਤ ਸਿੰਘ) - ਖਬਰ ਭਾਂਵੇ ਅਮਰੀਕਾ ਤੋਂ ਹੈ, ਪਰ ਇਹ ਨਿਊਜੀਲੈਂਡ ਵਾਸੀਆਂ ਨੂੰ ਕਿਤੇ ਨਾ ਕਿਤੇ ਰਾਹਤ ਦੁਆਏਗੀ ਕਿ ਉਨ੍ਹਾਂ ਨੂੰ ਇਸ ਔਖੇ ਦੌਰ ਵਿੱਚੋਂ ਗੁਜਰਣਾ ਨਹੀਂ ਪੈ ਰਿਹਾ ਹੈ।
ਅਮਰੀਕਾ ਜਿੱਥੇ ਅਜੇ ਵੀ ਰੋਜਾਨਾ ਹਜਾਰਾਂ ਦੀ ਗਿਣਤੀ ਵਿੱਚ ਕੋਰੋਨਾ ਦੇ ਨਵੇਂ ਕੇਸ ਸਾਹਮਣੇ ਆ ਰਹੇ ਹਨ। ਪਬਲਿਕ ਗੈਦਰਿੰਗ ਤੇ ਹੋਰ ਸਖਤ ਹਿਦਾਇਤਾਂ ਅਜੇ ਵੀ ਅਮਲ ਵਿੱਚ ਹਨ। ਉੱਥੇ ਹੀ ਵਾਲਟ ਡਿਜਨੀ ਵਾਲਿਆਂ ਨੇ ਵੀ ਕੈਲੀਫੋਰਨੀਆ ਅਤੇ ਫਲੋਰੀਡਾ ਵਿੱਚ ਡਿਜਨੀ ਦੇ ਪਾਰਕਾਂ ਚੋਂ 28,000 ਕਰਮਚਾਰੀਆਂ ਦੀ ਛੁੱਟੀ ਕਰਨ ਦਾ ਫੈਸਲਾ ਲਿਆ ਹੈ। ਦੱਸਦੀਏ ਕਿ ਹਿਦਾਇਤਾਂ ਕਰਕੇ ਕੈਲੀਫੋਰਨੀਆਂ ਵਿੱਚ ਤਾਂ ਅਜੇ ਡਿਜਨੀ ਦੇ ਐਡਵੇਂਚਰ ਪਾਰਕ ਖੁੱਲਣੇ ਬਾਕੀ ਹਨ, ਜਦਕਿ ਫਲੋਰੀਡਾ ਵਿੱਚ ਗਰਮੀਆਂ ਮੌਕੇ ਪਾਰਕ ਖੁੱਲ ਗਏ ਸਨ ਤੇ ਆਪਣੇ ਨੁਕਸਾਨ 'ਤੇ ਕਾਬੂ ਪਾਉਣ ਲਈ ਕੰਪਨੀ ਨੇ ਇਹ ਫੈਸਲਾ ਲਿਆ ਹੈ, ਜਿਸਨੂੰ ਜਲਦ ਹੀ ਅਮਲ ਵਿੱਚ ਲਿਆਉਂਦਾ ਜਾਏਗਾ।
ਕੰਪਨੀ ਵਲੋਂ ਛੁੱਟੀ ਕੀਤੇ ਜਾਣ ਵਾਲੇ ਕਰਮਚਾਰੀਆਂ ਲਈ ਦੂਜੀ ਜਗ੍ਹਾ ਨੌਕਰੀ ਦੀ ਪੇਸ਼ਕਸ਼ ਕਰਨ ਤੋਂ ਇਲਾਵਾ, ਕੱਢੇ ਗਏ ਕਰਮਚਾਰੀਆਂ ਲਈ ਸੈਵਰੇਂਸ ਪੈਕੇਜ ਵੀ ਦਿੱਤੇ ਜਾਣ ਦੀ ਗੱਲ ਆਖੀ ਗਈ ਹੈ।