ਆਕਲੈਂਡ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਦੁਨੀਆਂ ਭਰ ਵਿਚ ਭਾਰਤੀ ਸਰਕਾਰ ਵਲੋਂ ਲਾਗੂ ਕੀਤੇ ਖੇਤੀ ਆਰਡੀਨੈਂਸਾਂ ਅਤੇ ਜੰਮੂ ਕਸ਼ਮੀਰ ਵਿਚ ਪੰਜਾਬੀ ਭਾਸ਼ਾ ਨੂੰ ਸੂਬਾਈ ਸੂਚੀ ਵਿਚੋਂ ਕੱਢਣ ਦੇ ਵਿਰੋਧ ਵਿਚ ਵੱਖ ਵੱਖ ਤਰੀਕੇ ਦੇ ਨਾਲ ਲੋਕਾਂ ਵਲੋਂ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ | ਇਸੇ ਸਿਲਸਿਲੇ ਦੇ ਤਹਿਤ ਪੰਜਾਬ ਵਿਰਾਸਤ ਭਵਨ ਆਕਲੈਂਡ ਅਤੇ ਸਾਹਿਤਕ ਸੱਥ ਨਿਊਜ਼ੀਲੈਂਡ ਵੱਲੋਂ ਇੱਕ ਵਫਦ ਆਕਲੈਂਡ ਵਿਚ ਸਥਿਤ ਭਾਰਤੀ ਅੰਬੈਸੀ ਦੇ ਦਫਤਰ ਵਿਚ ਆਨਰੇਰੀ ਕੌਂਸਲ ਜਰਨਲ ਭਵਦੀਪ ਸਿੰਘ ਢਿੱਲੋਂ ਨੂੰ ਵਿਸ਼ੇਸ਼ ਤੌਰ ਤੇ ਮਿਲਿਆ | ਜਿਥੇ ਉਹਨਾਂ ਭਾਰਤੀ ਸਰਕਾਰ ਵੱਲੋਂ ਪਾਸ ਕੀਤੇ ਕਾਨੂੰਨਾਂ ਬਾਬਤ ਜਿਥੇ ਆਪਣੇ ਵਿਚਾਰ ਸਾਂਝੇ ਕੀਤੇ | ਉੱਥੇ ਹੀ ਇੱਕ ਮੰਗ ਪੱਤਰ ਵੀ ਇਸ ਮੌਕੇ ਆਨਰੇਰੀ ਕੌਂਸਲ ਜਰਨਲ ਭਵਦੀਪ ਢਿੱਲੋਂ ਨੂੰ ਵਫ਼ਦ ਵੱਲੋਂ ਦਿੱਤਾ ਗਿਆ | ਜਿਸ ਵਿਚ ਜਿੱਥੇ ਨਵੇਂ ਖੇਤੀ ਕਾਨੂੰਨਾਂ ਨੂੰ ਮੁੜ ਵਿਚਾਰਨ ਅਤੇ ਰੱਦ ਕਰਨ ਦੀ ਮੰਗ ਰੱਖੀ ਗਈ | ਉੱਥੇ ਹੀ ਜੰਮੂ ਕਸ਼ਮੀਰ ਵਿਚ ਨਵੇਂ ਭਾਸ਼ਾ ਐਕਟ ਵਿਚ ਪੰਜਾਬੀ ਭਾਸ਼ਾ ਨੂੰ ਵੀ ਪਾਉਣ ਦੀ ਬੇਨਤੀ ਵੀ ਕੀਤੀ | ਕਿਓਂਕਿ ਜੰਮੂ ਅਤੇ ਕਸ਼ਮੀਰ ਵਿਚ ਇਸ ਮੌਕੇ ਵੱਡੀ ਤਾਦਾਦ ਵਿਚ ਪੰਜਾਬੀ ਬੋਲਦੇ ਲੋਕ ਰਹਿੰਦੇ ਹਨ | ਜੋ ਉਹਨਾਂ ਨਾਲ ਹੀ ਨਹੀਂ ਸਗੋਂ ਇੱਕ ਘੱਟ ਗਿਣਤੀ ਦੀ ਭਾਸ਼ਾ ਨਾਲ ਵੀ ਧੱਕਾ ਹੈ |
ਇਸ ਮੌਕੇ ਪੰਜਾਬ ਵਿਰਾਸਤ ਭਵਨ ਅਤੇ ਸਾਹਿਤਕ ਸੱਥ ਵੱਲੋਂ ਵਫ਼ਦ ਵਿਚ ਐਨ ਜ਼ੈੱਡ ਪੰਜਾਬੀ ਨਿਊਜ਼ ਦੇ ਸੰਪਾਦਕ ਅਵਤਾਰ ਸਿੰਘ ਟਹਿਣਾ ਦੀ ਅਗਵਾਹੀ ਵਿਚ ਗੁਰਦੀਪ ਸਿੰਘ ਲੂਥਰ ,ਅਮਰਜੀਤ ਸਿੰਘ ਲੱਖਾ ,ਤਰਨਦੀਪ ਬਿਲਾਸਪੁਰ ,ਜਸਪ੍ਰੀਤ ਸਿੰਘ ਰਾਜਪੁਰਾ ,ਹਰਮਨਪ੍ਰੀਤ ਸਿੰਘ ਅਤੇ ਮੁਖਤਿਆਰ ਸਿੰਘ ਸ਼ਾਮਿਲ ਸਨ |