ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਭਾਰਤ ਸਰਕਾਰ ਵੱਲੋਂ ਪਿਛਲੇ ਦਿਨੀਂ ਕਿਸਾਨੀ ਨਾਲ ਸਬੰਧਤ ਬਣਾਏ ਗਏ ਤਿੰਨ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਜਿੱਥੇ ਪੰਜਾਬ-ਹਰਿਆਣਾ ਦੇ ਕਿਸਾਨ ਵੱਡੇ ਧਰਨੇ ਲਾ ਕੇ ਰੋਸ ਪ੍ਰਗਟ ਕਰ ਰਹੇ ਹਨ, ਉੱਥੇ ਆਕਲੈਂਡ 'ਚ ਵੀ ਕਿਸਾਨ ਪਰਿਵਾਰਾਂ ਨਾਲ ਸਬੰਧਤ ਵਿਅਕਤੀਆਂ ਨੇ ਖੁੱਲ੍ਹ ਕੇ ਵਿਚਾਰਾਂ ਕੀਤੀਆਂ। ਜਿਸ ਦੌਰਾਨ ਅਗਲੀ ਰੂਪ-ਰੇਖਾ ਉਲੀਕਣ ਲਈ ਵੀ ਇੱਕਜੁੱਟ ਹੋਣ ਦਾ ਸੱਦਾ ਦਿੱਤਾ ਗਿਆ।
ਪਾਪਾਟੋਏਟੋਏ ਦੇ ਟਾਊਨ ਹਾਲ 'ਚ ਵੀਰਵਾਰ ਦੇਰ ਸ਼ਾਮ ਤੱਕ ਵੱਖ-ਵੱਖ ਸੰਸਥਾਵਾਂ ਨਾਲ ਸਬੰਧਤ ਬੁਲਾਰਿਆਂ ਨੇ ਕਾਨੂੰਨਾਂ ਦੇ ਮਾਰੂ ਪ੍ਰਭਾਵਾਂ ਬਾਰੇ ਆਪੋ-ਆਪਣੇ ਵਿਚਾਰ ਰੱਖੇ। ਉਨ੍ਹਾਂ ਦੱਸਿਆ ਕਿ ਇਸ ਦਾ ਅਸਰ ਹਰਿਆਣਾ 'ਚ ਦਿਸਣਾ ਵੀ ਸ਼ੁਰੂ ਹੋ ਗਿਆ ਹੈ ਅਤੇ ਅਗਲੇ ਦਿਨੀਂ ਪੰਜਾਬ-ਹਰਿਆਣਾ ਦੀ ਛੋਟੀ ਕਿਸਾਨੀ ਦਾ ਵਜੂਦ ਖ਼ਤਰੇ 'ਚ ਪੈ ਜਾਵੇਗਾ। ਇਹ ਗੱਲ ਜ਼ੋਰ-ਸ਼ੋਰ ਨਾਲ ਉਠਾਈ ਗਈ ਕਿ ਨਿਊਜ਼ੀਲੈਂਡ ਵਾਸੀਆਂ ਨੂੰ ਸਭ ਚਾਹੀਦਾ ਹੈ ਕਿ ਸਭ ਨਿੱਜੀ ਵਖਰੇਵੇਂਂ ਖ਼ਤਮ ਕਰਕੇ ਇੱਕ ਜੁੱਟ ਹੋਣ ਤਾਂ ਜੋ ਕਿਸਾਨੀ ਦੇ ਸੰਘਰਸ਼ ਦੀ ਡਟਵੀਂ ਹਮਾਇਤ ਕੀਤੀ ਜਾ ਸਕੇ। ਕਿਸਾਨੀ ਦਾ ਵੱਡੇ ਸੰਕਟ ਦਾ ਵੱਡੇ ਜਿਗਰੇ ਨਾਲ ਟਾਕਰਾ ਕੀਤਾ ਜਾ ਸਕਦਾ ਹੈ। ਆਗੂਆਂ ਨੇ ਇਸ ਗੱਲ ਦਾ ਵੀ ਫਿਕਰ ਕੀਤਾ ਕਿ ਜੇਕਰ ਕਿਸਾਨਾਂ ਕੋਲ ਜ਼ਮੀਨ ਨਾ ਰਹੀ ਤਾਂ ਪਰਵਾਸੀ ਪੰਜਾਬੀਆਂ ਦਾ ਵੀ ਆਪਣੇ ਪੰਜਾਬ ਰਹਿੰਦੇ ਰਿਸ਼ਤੇਦਾਰਾਂ ਨਾਲ ਵੀ ਹੌਲੀ-ਹੌਲੀ ਰਿਸ਼ਤਾ ਮੁੱਕ ਜਾਵੇਗਾ।
ਗੁਰਪਾਲ ਸਿੱਧੂ ਦੇ ਸੱਦੇ 'ਤੇ ਇਕੱਤਰ ਹੋਏ ਬੁਲਾਰਿਆਂ 'ਚ ਸੁਪਰੀਮ ਸਿੱਖ ਸੁਸਾਇਟੀ ਆਫ ਨਿਊਜ਼ੀਲੈਂਡ ਤੋਂ ਦਲਜੀਤ ਸਿੰਘ, ਹਰਿਆਣਾ ਫੈਡਰੇਸ਼ਨ ਦੇ ਗੁਰਬਾਜ਼ ਸਿੰਘ ਬੱਲ, ਪੰਜਾਬ ਵਿਰਾਸਤ ਭਵਨ ਵੱਲੋਂ ਤਰਨਦੀਪ ਬਿਲਾਸਪੁਰ, ਵਲਿੰਗਟਨ ਤੋਂ ਵਿਸ਼ੇਸ਼ ਤੌਰ 'ਤੇ ਪੁੱਜੇ ਗੁਰਪ੍ਰੀਤ ਸਿੰਘ, ਮੁਖ਼ਤਿਆਰ ਸਿੰਘ, ਪੱਤਰਕਾਰ ਯੋਗੇਸ਼ ਸ਼ਰਮਾ, ਹਰਿਆਣਾ ਤੋਂਂ ਕਿਸਾਨੀ ਨਾਲ ਸਬੰਧਤ ਯੋਗੇਸ਼ ਨੇ ਵੀ ਵਿਚਾਰ ਸਾਂਝੇ ਕੀਤੇ।
ਜ਼ਿਕਰਯੋਗ ਹੈ ਕਿ ਪਿਛæਲੇ ਕਈ ਦਿਨਾਂ ਤੋਂਂ ਵੱਖ-ਵੱਖ ਦੇਸ਼ਾਂ 'ਚ ਪਰਵਾਸੀ ਪੰਜਾਬੀਆਂ ਵੱਲੋਂਂ ਕਿਸਾਨੀ ਕਾਨੂੰਨਾਂ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਨਿਊਜ਼ੀਲੈਂਡ 'ਚ ਵੀ ਅਗਲੇ ਦਿਨੀਂ ਭਰਵਾਂ ਵਿਰੋਧ ਕਰਨ ਬਾਰੇ ਵਿਚਾਰਾਂ ਕੀਤੀਆਂ ਜਾ ਰਹੀਆਂ ਹਨ।