ਆਕਲੈਂਡ (ਹਰਪ੍ਰੀਤ ਸਿੰਘ) - ਆਕਲੈਂਡ ਦੇ ਲੌਕਡਾਊਨ ਲੇਵਲ ਸਬੰਧੀ ਤਾਜਾ ਜਾਣਕਾਰੀ ਜਾਰੀ ਕਰਦਿਆਂ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨੇ ਦੱਸਿਆ ਹੈ ਕਿ ਬੁੱਧਵਾਰ ਰਾਤ 11.59 ਤੋਂ ਆਕਲੈਂਡ ਵਿੱਚ ਲੇਵਲ 1 ਲਾਗੂ ਹੋ ਜਾਏਗਾ। ਸਧਾਰਨ ਸ਼ਬਦਾਂ ਵਿੱਚ ਕਹੀਏ ਤਾਂ ਹੁਣ ਪਬਲਿਕ ਗੈਦਰਿੰਗ ਦੀ ਕੋਈ ਸੀਮਾ ਨਹੀਂ ਰਹੇਗੀ ਅਤੇ ਨਾਲ ਹੀ ਰੈਸਟੋਰੈਂਟ, ਕਲੱਬਾਂ ਆਦਿ ਵਿੱਚ ਵੀ ਸੋਸ਼ਲ ਡਿਸਟੈਂਸਿੰਗ ਦੇ ਨਿਯਮ ਦੀ ਪਾਲਣਾ ਦੀ ਜਰੂਰਤ ਨਹੀਂ ਹੋਏਗੀ। ਜਨਤਕ ਥਾਵਾਂ 'ਤੇ ਮਾਸਕ ਪਾਉਣ ਦੀ ਲੋੜ ਵੀ ਹੁਣ ਨਹੀਂ ਰਹੇਗੀ, ਪਰ ਸਾਫ-ਸਫਾਈ ਦਾ ਖਿਆਲ ਰੱਖਣਾ ਜਰੂਰੀ ਹੋਏਗਾ ਅਤੇ ਬੁਖਾਰ ਆਦਿ ਦੇ ਲੱਛਣ ਦਿਖਣ 'ਤੇ ਕੋਰੋਨਾ ਟੈਸਟ ਵੀ ਕਰਵਾਉਣ ਦੀ ਹਿਦਾਇਤ ਰਹੇਗੀ। ਪ੍ਰਧਾਨ ਮੰਤਰੀ ਨੇ ਨਿਊਜੀਲੈਂਡ ਵਾਸੀਆਂ ਨੂੰ ਸਾਫ ਕਿਹਾ ਹੈ ਕਿ ਇਹ ਅਜੇ ਵੀ ਨਾ ਮੰਨਿਆ ਜਾਏ ਕਿ ਨਿਊਜੀਲ਼ੈਂਡ ਵਿੱਚ ਕੋਰੋਨਾ ਪੂਰੀ ਤਰ੍ਹਾਂ ਖਤਮ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸਦੀ ਉਦਾਹਰਨ ਹੈ ਆਕਲੈਂਡ ਕਲਸਟਰ, ਕਿਉਂਕਿ ਇੱਕ ਵਾਰ ਨਿਊਜੀਲ਼ੈਂਡ ਵਿੱਚ ਕੋਰੋਨਾ ਖਤਮ ਹੋਣ ਦੇ ਬਾਵਜੂਦ ਆਕਲੈਂਡ ਕਲਸਟਰ ਸਭ ਤੋਂ ਵੱਡਾ ਕਲਸਟਰ ਸਾਬਿਤ ਹੋੋਇਆ ਹੈ।