ਆਕਲੈਂਡ (ਤਰਨਦੀਪ ਬਿਲਾਸਪੁਰ ) ਨਿਊਜ਼ੀਲੈਂਡ ਵਿਚ ਵੱਸਦੇ ਪੰਜਾਬੀ ਭਾਈਚਾਰੇ ਵਿਚ ਨਵੇਂ ਪੂਰ ਨੂੰ ਮਾਂ ਬੋਲੀ ਅਤੇ ਗੁਰਬਾਣੀ ਦੇ ਨਾਲ ਜੋੜਨ ਹਿੱਤ ਲੰਬੇ ਸਮੇਂ ਤੋਂ ਕਾਰਜਸ਼ੀਲ ਸੰਸਥਾ ਸਿੱਖ ਹੈਰੀਟੇਜ਼ ਸਕੂਲ ਟਾਕਾਨੀਨੀ ਜੋ ਕਿ ਸੁਪਰੀਮ ਸਿੱਖ ਸੁਸਾਇਟੀ ਦੀ ਅਗਵਾਹੀ ਵਿਚ ਚੱਲਦਾ ਹੈ | ਉਕਤ ਸੰਸਥਾ ਅਧੀਨ ਹਰ ਸਾਲ 300 ਤੋਂ ਜਿਆਦਾ ਬੱਚੇ ਬਾਬੇ ਨਾਨਕ ਦੇ ਊੜੇ ਨਾਲ ਜੁੜਦੇ ਹਨ | ਪਰ ਪਿਛਲੇ ਸਮੇਂ ਤੋਂ ਕੋਵਿਡ-19 ਦੀ ਆਈ ਦੂਸਰੀ ਵੇਵ ਕਰਕੇ ਸਕੂਲ ਦੀਆਂ ਬਰੂਹਾਂ ਆਰਜ਼ੀ ਤੌਰ ਤੇ ਬੰਦ ਕਰਨੀਆਂ ਪਈਆਂ ਸਨ | ਜਿਸ ਕਰਕੇ ਬੱਚੇ ਅਤੇ ਮਾਪੇ ਘਰਾਂ ਵਿਚ ਬੈਠੇ ਸਕੂਲ ਖੁੱਲਣ ਦੀ ਬੇਸਬਰੀ ਨਾਲ ਉਡੀਕ ਕਰ ਰਹੇ ਸਨ |
ਪ੍ਰਧਾਨ ਮੰਤਰੀ ਜੈਸਿੰਡਾ ਆਰਡਰਨ ਵਲੋਂ ਮੁਲਕ ਨੂੰ ਮੁੜ ਲੈਵਲ ਇੱਕ ਵਿਚ ਲੈਕੇ ਜਾਣ ਤੋਂ ਬਾਅਦ , ਸਕੂਲ ਦੀ ਪ੍ਰਬੰਧਕੀ ਕਮੇਟੀ ਦੇ ਚੇਅਰਮੈਨ ਕਮਲਜੀਤ ਸਿੰਘ ਬੈਨੀਪਾਲ ਵਲੋਂ ਫੌਰੀ ਤੌਰ ਤੇ ਕੀਤੀ ਮੀਟਿੰਗ ਤੋਂ ਬਾਅਦ 10 ਅਕਤੂਬਰ ਤੋਂ ਮਿੱਥੇ ਸਮੇਂ ਤੇ ਸਕੂਲ ਖੋਲਣ ਦਾ ਫੈਸਲਾ ਲਿਆ ਗਿਆ ਹੈ | ਇਸ ਮੌਕੇ ਸਕੂਲ ਵਲੋਂ ਸਕੂਲ ਦੇ ਪ੍ਰਿੰਸੀਪਲ ਬੀਬੀ ਜਸਵੀਰ ਕੌਰ ਅਤੇ ਐਡਮਿਨ ਪ੍ਰਬੰਧਕ ਮਨਦੀਪ ਕੌਰ ਮਿਨਹਾਸ ਵਲੋਂ ਮਾਪਿਆਂ ਦੇ ਨਾਮ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਇਸ ਮੌਕੇ ਸਮੁੱਚੇ ਮਾਪੇ ਆਪਣੇ ਬੱਚਿਆਂ ਨੂੰ ਦੋ ਵਜੇ ਸਕੂਲ ਲਈ ਡ੍ਰੌਪ ਕਰਨ ਵੇਲੇ ਕੰਨਟੈਕਟ ਟਰੈਸਿੰਗ ਐਪ ਦੀ ਵਰਤੋਂ ਜਰੂਰ ਕਰਨ , ਤਾਂ ਕਿ ਸਮੁਚਾ ਰਿਕਾਰਡ ਸਕੂਲ ਅਤੇ ਸਰਕਾਰ ਕੋਲ ਉਪਲੱਭਧ ਹੋਵੇ |