ਆਕਲੈਂਡ (ਹਰਪ੍ਰੀਤ ਸਿੰਘ) - ਲੇਬਰ ਲੀਡਰ ਜੈਸਿੰਡਾ ਆਰਡਨ ਤੇ ਨੈਸ਼ਨਲ ਲੀਡਰ ਜੂਡਿਥ ਕੌਲਿਨਜ਼ ਦੀ ਅੱਜ ਹੋਈ ਦ ਪ੍ਰੈਸ ਲੀਡਰਜ਼ ਡੀਬੈਟ ਦੌਰਾਨ ਉਸ ਵੇਲੇ ਕਾਫੀ ਕਿਰਕਿਰੀ ਹੋਈ, ਜਦੋਂ ਪ੍ਰੈਸ ਐਡੀਟਰ ਕਮਲਾ ਹੈਮੇਨ ਨੇ ਦੋਨਾਂ ਲੀਡਰਾਂ ਤੋਂ ਘਰ ਵਿੱਚ ਖਾਣ-ਪੀਣ ਲਈ ਵਰਤੀਆਂ ਜਾਣ ਵਾਲੀਆਂ ਚੀਜਾਂ ਦੇ ਭਾਅ ਪੁੱਛੇ ਤੇ ਅਫਸੋਸ ਇਸ ਗੱਲ ਦਾ ਰਿਹਾ ਕਿ ਜਿਨ੍ਹਾਂ ਵੀ ਚੀਜਾਂ ਦੇ ਦੋਨਾਂ ਕੋਲੋਂ ਭਾਅ ਪੁੱਛੇ ਗਏ, ਉਸਦਾ ਠੀਕ ਉੱਤਰ ਕਿਸੇ ਨੇ ਵੀ ਨਹੀਂ ਦਿੱਤਾ।
ਦੁੱਧ ਦੇ ਕਾਰਟਨ ਦਾ ਮੁੱਲ ਜੈਸਿੰਡਾ ਆਰਡਨ ਨੇ $4.50 ਦੱਸਿਆ ਜਦਕਿ ਜੂਡਿਥ ਕੌਲਿਨਜ਼ ਨੇ $6 ਤੇ ਅਸਲ ਮੁੱਲ $4 ਤੋਂ ਹੇਠਾਂ ਹੈ, ਭੇਡ ਦੇ ਮਾਸ ਦਾ ਮੁੱਲ ਜੈਸਿੰਡਾ ਨੇ $20 ਤੇ ਜੂਡਿਥ ਨੇ $28 ਦੱਸਿਆ ਜਦਕਿ ਅਸਲ ਮੁੱਲ $40 ਹੈ। ਹਾਲਾਂਕਿ ਨੈਟਫਲਿਕਸ ਦੇ ਬੇਸ ਪੈਕ ਦਾ ਮੁੱਲ ਦੋਨਾਂ ਠੀਕ ਦੱਸਿਆ ਜੋ ਕਿ $11.99 ਤੋਂ ਸ਼ੁਰੂ ਹੁੰਦਾ ਹੈ ਤੇ ਅਧਿਆਪਕਾਂ ਦੀ ਸ਼ੁਰੂਆਤੀ ਤਨਖਾਹ $49,000 ਵੀ ਸਹੀ ਦੱਸੀ।
ਘਰ ਦੀਆਂ ਚੀਜਾਂ ਸਬੰਧੀ ਦਿੱਤੇ ਗਲਤ ਜੁਆਬ 'ਤੇ ਦੋਨੋਂ ਲੀਡਰ ਇਹੀ ਕਹਿੰਦੇ ਦਿਖੇ ਕਿ ਕਿਉਂਕਿ ਉਹ ਜਿਆਦਾਤਰ ਸਮਾਂ ਵਿਅਸਤ ਰਹਿੰਦਿਆਂ ਹਨ, ਇਸੇ ਲਈ ਉਨ੍ਹਾਂ ਦੀ ਇਹ ਜਾਣਕਾਰੀ ਕਾਫੀ ਸੀਮਿਤ ਹੈ।