ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਵਿੱਚ ਇਸ ਵੇਲੇ ਵੀ ਰੋਜਾਨਾ 30 ਮਿਲੀਅਨ ਲੋਕਾਂ ਦੇ ਕੋਰੋਨਾ ਟੈਸਟ ਕੀਤੇ ਜਾਣ ਦੀ ਦਰਕਾਰ ਹੈ, ਜਦਕਿ ਰੋਜਾਨਾ 1 ਮਿਲੀਅਨ ਦੇ ਲਗਭਗ ਹੀ ਕੋਰੋਨਾ ਦੇ ਟੈਸਟ ਸੰਭਵ ਹੋ ਪਾ ਰਹੇ ਹਨ।
ਟੈਸਟਾਂ ਦੀ ਗਿਣਤੀ ਵਧਾਉਣ ਲਈ ਅਮਰੀਕੀ ਸਰਕਾਰੀ ਏਜੰਸੀ ਨੈਸ਼ਨਲ ਇੰਸਟੀਚਿਊਸ਼ਨਜ਼ ਆਫ ਹੈਲਥ (ਐਨ ਆਈ ਐਚ) ਵਲੋਂ ਮਿਲੀਅਨ ਡਾਲਰਾਂ ਦੀ ਗ੍ਰਾਂਟ ਅਮਰੀਕੀ ਕੰਪਨੀਆਂ ਨੂੰ ਦਿੱਤੀ ਜਾ ਰਹੀ ਹੈ ਤਾਂ ਜੋ ਇਹ ਟੀਚਾ ਹਾਸਿਲ ਕੀਤਾ ਜਾ ਸਕੇ। ਪਰ ਆਕਲੈਂਡ (ਅਲਬਾਨੀ) ਸਥਿਤ ਯੂਬੀਕੁਈਟੋਮ ਅਜਿਹੀ ਪਹਿਲੀ ਨਿੱਜੀ ਕੰਪਨੀ ਬਣੀ ਹੈ, ਜੋ ਅਮਰੀਕਾ ਦੀ ਕੰਪਨੀ ਨਹੀਂ ਹੈ, ਪਰ ਇਸ ਵਲੋਂ ਬਣਾਈ ਗਈ ਛੋਟੀ ਜਿਹੀ ਡਿਵਾਈਸ ਅਮਰੀਕਾ ਨੂੰ ਮੁੱਹਈਆ ਕਰਵਾਉਣ ਲਈ ਕੰਪਨੀ ਨੂੰ $3.6 ਮਿਲੀਅਨ ਦੀ ਗ੍ਰਾਂਟ ਦਿੱਤੀ ਗਈ ਹੈ। ਇਹ ਮਸ਼ੀਨ 40 ਮਿੰਟ ਵਿੱਚ 16 ਕੋਰੋਨਾ ਟੈਸਟ ਇੱਕੋ ਵਾਰ ਵਿੱਚ ਕਰ ਸਕਦੀ ਹੈ, ਇਸ ਡਿਵਾਈਸ ਦਾ ਨਾਮ ਲਿਬਰਟੀ 16 ਹੈ। ਕੰਪਨੀ ਜਲਦ ਹੀ ਆਪਣੀ ਕਾਰਜਕੁਸ਼ਲਤਾ ਵਧਾ ਕੇ ਨਿਊਜੀਲੈਂਡ ਵਿੱਚ ਹੀ ਇਹ ਡਿਵਾਈਸਾਂ ਅਮਰੀਕਾ ਭੇਜਣ ਦਾ ਕੰਮ ਕਰੇਗੀ।