ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਦੇ ਡਾਇਰੈਕਟਰ ਜਨਰਲ ਆਫ ਹੈਲਥ ਡਾਕਟਰ ਐਸ਼ਲੀ ਬਲੂਮਫਿਲਡ, ਜਿਨ੍ਹਾਂ ਨੂੰ 27 ਜਨਵਰੀ ਤੋਂ ਪਹਿਲਾਂ ਸ਼ਾਇਦ ਗਿਣਤੀ ਭਰ ਲੋਕ ਹੀ ਜਾਣਦੇ ਸਨ, ਪਰ ਕੋਰੋਨਾ ਮਹਾਂਮਾਰੀ ਦੌਰਾਨ ਲਗਾਤਾਰ 8 ਮਹੀਨੇ ਦੇ ਸਮੇਂ ਵਿੱਚ ਉਨ੍ਹਾਂ ਨਿਊਜੀਲੈਂਡ ਵਾਸੀਆਂ ਨੂੰ ਲਗਭਗ ਰੋਜਾਨਾ ਹੀ ਅਪਡੇਟ ਜਾਰੀ ਕੀਤੀਆਂ ਤੇ ਸਿਹਤ ਮੰਤਰਾਲੇ ਦੇ ਦਿਸ਼ਾ ਨਿਰਦੇਸ਼ਾਂ ਤੋਂ ਜਾਣੂ ਕਰਵਾਇਆ ਤੇ ਨਿਊਜੀਲੈਂਡ ਵਾਸੀਆਂ ਦੇ ਇੱਕ ਭਰੋਸੇਯੋਗ ਪਾਤਰ ਵਜੋਂ ਉੱਭਰ ਕੇ ਸਾਹਮਣੇ ਆਏ।
ਆਪਣੀ ਇੰਟਰਵਿਊ ਦੌਰਾਨ ਉਨ੍ਹਾਂ ਕਬੂਲਿਆ ਕਿ ਇਸ ਲਬੇ ਸਮੇਂ ਦੌਰਾਨ ਹਰ ਦਿਨ ਉਨ੍ਹਾਂ ਨੂੰ ਮਾਨਸਿਕ ਦਬਾਅ ਝੱਲਣਾ ਪਿਆ। ਪਰ ਇੱਕ ਛੋਟੇ ਜਿਹੇ ਮੂਲਮੰਤਰ ਨੇ ਉਨ੍ਹਾਂ ਦਾ ਇਹ ਰਾਹ ਸੌਖਾ ਕੀਤਾ ਅਤੇ ਉਹ ਮੂਲਮੰਤਰ ਸੀ, ਆਪਣੀ ਡਿਊਟੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਾ। ਜਿਸ ਦਿਨ ਕੁਝ ਚੰਗਾ ਨਹੀਂ ਹੁੰਦਾ ਸੀ, ਉਸ ਦਿਨ ਉਹ ਅਤੇ ਉਨ੍ਹਾਂ ਦੀ ਟੀਮ ਇਹੀ ਸੋਚਦੇ ਕਿ ਹਾਲਾਤ ਕਿਸ ਤਰ੍ਹਾਂ ਕਾਬੂ ਵਿੱਚ ਰੱਖੇ ਜਾਣ ਅਤੇ ਉਨ੍ਹਾਂ ਦਾ ਮੰਨਣਾ ਹੈ ਕਿ ਇਸੇ ਸਦਕਾ ਹੀ ਨਿਊਜੀਲੈਂਡ ਅੱਜ ਕੋਰੋਨਾ ਦੇ ਪ੍ਰਭਾਵ ਤੋਂ ਬਾਹਰ ਹੈ।