ਆਕਲੈਂਡ (ਹਰਪ੍ਰੀਤ ਸਿੰਘ) - ਮਨਪ੍ਰੀਤ ਕੌਰ (ਬਦਲਿਆ ਨਾਮ) ਜਦੋਂ 2012 ਵਿੱਚ ਨਿਊਜੀਲ਼ੈਂਡ ਵਿਦਿਆਰਥੀ ਵੀਜੇ 'ਤੇ ਲੇਵਲ 5 ਦਾ ਡਿਪਲੋਮਾ ਕੋਰਸ ਕਰਨ ਆਈ ਸੀ ਤਾਂ ਉਸਨੂੰ ਤੇ ਉਸਦੇ ਪਰਿਵਾਰ ਨੂੰ ਆਸ ਸੀ ਕਿ ਉਹ ਨਿਊਜੀਲ਼ੈਂਡ ਵਿੱਚ ਇੱਕ ਨਵੀਂ ਜਿੰਦਗੀ ਦੀ ਸ਼ੁਰੂਆਤ ਕਰੇਗੀ। ਪਰ ਅੱਜ ਏਨੇਂ ਸਾਲਾਂ ਬਾਅਦ ਵੀ ਉਹ ਨਿਊਜੀਲੈਂਡ ਵਿੱਚ ਪੱਕੀ ਨਹੀਂ ਹੋ ਸਕੀ ਤੇ 2018 ਤੋਂ ਓਵਰਸਟੇਅ ਚੱਲ ਰਹੀ ਹੈ, ਜਦੋਂ ਉਸਨੂੰ ਅੰਤਰਿਮ ਵੀਜਾ ਦਿੱਤਾ ਗਿਆ ਸੀ।
ਮਨਪ੍ਰੀਤ ਅਨੁਸਾਰ ਇਸ ਸਮੇਂ ਵਿੱਚ ਇਮੀਗ੍ਰੇਸ਼ਨ ਏਜੰਟਾਂ ਅਤੇ ਵਕੀਲਾਂ ਨੇ ਵੀ ਉਸਨੂੰ ਪੱਕੀ ਰਿਹਾਇਸ਼ ਦੁਆਉਣ ਦੇ ਨਾਮ 'ਤੇ ਬਹੁਤ ਲੁੱਟ ਖਸੁੱਟ ਕੀਤੀ ਤੇ ਹਰ ਕੋਈ ਉਸ ਦੇ ਓਵਰਸਟੇਅ ਹੋਣ ਦਾ ਲਾਹਾ ਲੈਣਾ ਚਾਹੁੰਦਾ ਹੈ। ਕੱਚੇ ਵਿੱਚ ਉਸਨੂੰ ਕੰਮ ਕਰਨਾ ਪੈਂਦਾ ਹੈ, ਇੱਕ ਮਾਲਕ ਨੇ ਤਾਂ ਉਸਨੂੰ ਸ਼ਰਰਿਕ ਸਬੰਧ ਬਨਾਉਣ 'ਤੇ ਵੀ ਮਜਬੂਰ ਕੀਤਾ ਤੇ ਮਨਪ੍ਰੀਤ ਅਨੁਸਾਰ ਇਹ ਹੱਡਬੀਤੀ ਤਾਂ ਕੁੜੀਆਂ ਨਾਲ ਆਮ ਜਿਹਾ ਵਰਤਾਰਾ ਹੈ।
ਸਾਬਕਾ ਇਮੀਗ੍ਰੇਸ਼ਨ ਮਨਿਸਟਰ ਟੁਆਰੀਕੀ ਡੈਲਮੀਅਰ ਅਨੁਸਾਰ ਵਿਦਿਆਰਥੀ ਵੀਜੇ 'ਤੇ ਨਿਊਜੀਲੈਂਡ ਆਉਣ ਵਾਲਿਆਂ ਲਈ ਨਿਊਜੀਲੈਂਡ ਇਮੀਗ੍ਰੇਸ਼ਨ ਸਿਸਟਮ ਵਿੱਚ ਚੰਗੇ ਬਦਲਾਵਾਂ ਦੀ ਲੋੜ ਹੈ ਤਾਂ ਜੋ ਉਨ੍ਹਾਂ ਦੇ ਰੈਜੀਡੈਂਸੀ ਦੇ ਰਾਹ ਸੁਖਾਲੇ ਹੋ ਸਕਣ।
ਹੁਣ ਮਨਪ੍ਰੀਤ ਨੇ ਟੁਆਰੀਕੀ ਡੇਲਮੀਅਰ ਨਾਲ ਸੰਪਰਕ ਕੀਤਾ ਹੈ, ਜਿਸਨੇ ਦੱਸਿਆ ਹੈ ਕਿ ਮਨਪ੍ਰੀਤ ਕੋਲ ਹੋਰ ਕੋਈ ਪੱਕਾ ਹੋਣ ਦਾ ਰਾਹ ਨਹੀਂ ਹੈ,ਬਸ਼ਰਤੇ ਉਹ ਸੈਕਸ਼ਨ 61 ਤਹਿਤ ਸਰਕਾਰ ਨੂੰ ਬੇਨਤੀ ਕਰੇ। ਹਾਲਾਂਕਿ ਮਨਪ੍ਰੀਤ ਅਜਿਹਾ 2 ਵਾਰ ਕਰ ਚੁੱਕੀ ਹੈ। ਪਰ ਉਸਨੂੰ ਜਲਦ ਤੋਂ ਜਲਦ ਨਿਊਜੀਲੈਂਡ ਛੱਡਣ ਦੀ ਗੱਲ ਆਖੀ ਗਈ ਹੈ।
ਟੁਆਰੀਕੀ ਇਸ ਵੇਲੇ ਓਪੋਰਚਿਊਨਿਟੀਜ਼ ਪਾਰਟੀ ਵਲੋਂ ਚੋਣਾ ਵਿੱਚ ਬਤੌਰ ਉਮੀਦਵਾਰ ਵੀ ਖੜੇ ਹੋਏ ਹਨ।
ਟੁਆਰੀਕੀ ਦਾ ਕਹਿਣਾ ਹੈ ਕਿ ਲੇਵਲ 5 ਤੇ 6 ਵਾਲਿਆਂ ਨੂੰ ਪੜਾਈ ਉਪਰੰਤ ਪੱਕੇ ਹੋਣ ਦਾ ਰਸਤਾ ਕਦੋਂ ਦਾ ਬੰਦ ਕਰ ਦਿੱਤਾ ਗਿਆ ਹੈ ਅਤੇ ਹੁਣ ਸਿਰਫ ਹਾਇਰ ਟਰਸ਼ਰੀ ਲੈਵਲਾਂ 'ਤੇ ਗ੍ਰੈਜੂਏਟ ਹੋਇਆਂ ਲਈ ਹੀ ਇਹ ਰਾਹ ਖੁੱਲਾ ਹੈ।
ਵਿਦਿਆਰਥੀਆਂ ਨੂੰ ਗਲਤ ਸਲਾਹ ਦੇਕੇ ਨਿਊਜੀਲੈਂਡ ਭੇਜਣ ਵਾਲਿਆਂ ਵਿੱਚ ਇਮੀਗ੍ਰੇਸ਼ਨ ਏਜੰਟਾਂ ਦਾ ਵੀ ਕਾਫੀ ਵੱਡਾ ਹੱਥ ਹੈ।
ਇੱਕ ਅੰਦਾਜੇ ਅਨੁਸਾਰ ਇਸ ਵੇਲੇ ਨਿਊਜੀਲੈਂਡ ਵਿੱਚ 10,000 ਤੋਂ ਵਧੇਰੇ ਓਵਰਸਟੇਅਰ ਹਨ, ਭਾਂਵੇ ਇਨ੍ਹਾਂ ਚੋਂ ਜਿਆਦਾ ਆਈਲੈਂਡਰ ਹਨ, ਪਰ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵੀ ਇਸ ਵਿੱਚ ਅਹਿਮ ਹੈ।