ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ) ਇਮੀਗਰੇਸ਼ਨ ਨਿਊਜ਼ੀਲੈਂਡ ਵੱਲੋਂ ਰੈਜ਼ੀਡੈਂਟ ਵੀਜ਼ੇ ਲਈ ਅਪਲਾਈ ਕਰ ਚੁੱਕੇ ਮਾਈਗਰੈਂਟ ਵਰਕਰਾਂ ਪ੍ਰਤੀ ਅਪਣਾਏ ਜਾ ਰਹੇ ਸਖ਼ਤ ਰਵੱਈਏ ਸਬੰਧੀ ਇੱਕ ਇਮੀਗਰੇਸ਼ਨ ਸਲਾਹਕਾਰ ਕਾਫੀ ਖਫ਼ਾ ਹੈ। ਉਸਦਾ ਕਹਿਣਾ ਹੈ ਕਿ ਵਰਕਰਾਂ ਨੂੰ 'ਵਾਧੂ ਚੀਜ਼' ਕਿਓਂ ਸਮਝਿਆ ਜਾ ਰਿਹਾ ਹੈ? ਜਿਨ੍ਹਾਂ ਨੇ ਲੰਬਾ ਸਮਾਂ ਇੱਥੇ ਬਿਤਾਇਆ ਹੈ।
ਇਮੀਗਰੇਸ਼ਨ ਐਡਵਾਈਜ਼ਰ ਟੋਨੀ ਅਲੈਗਜ਼ੈਂਡਰ ਨੇ ਦਾਅਵਾ ਕੀਤਾ ਹੈ ਕਿ ਇਮੀਗਰੇਸ਼ਨ ਵਿਭਾਗ ਵੱਲੋਂ ਇਮੀਗਰੇਸ਼ਨ ਸਲਾਹਕਾਰਾਂ ਅਤੇ ਰੈਜ਼ੀਡੈਂਟ ਵੀਜ਼ਾ ਐਪਲੀਕੇਸ਼ਨ ਦੇ ਜਵਾਬ ਦੀ ਉਡੀਕ ਕਰਨ ਵਾਲੇ ਮਾਈਗਰੈਂਟਸ ਨੂੰ ਹੋਰ ਕਿਸੇ ਤਰਾਂ੍ਹ ਦਾ ਟੈਂਪਰੇਰੀ ਵੀਜ਼ਾ ਦੇਣ ਤੋਂ ਨਾਂਹ ਕਰਨ ਪਿੱਛੋਂ ਈਮੇਲ ਭੇਜੀ ਜਾ ਰਹੀ ਹੈ ਕਿ ਉਹ ਐਪਲੀਕੈਂਟ ਦੇਸ਼ ਛੱਡ ਕੇ ਜਾਣ ਲਈ ਪਲਾਨ ਬਣਾ ਲੈਣ। ਹਾਲਾਂਕਿ ਸਕਿਲਡ ਵਰਕਰਾਂ ਕੋਲ ਜੌਬਸ ਵੀ ਹਨ
ਈਮੇਲ 'ਚ ਲਿਖਿਆ ਗਿਆ ਹੈ ਕਿ ਸਿਰਫ਼ ਤੇ ਸਿਰਫ਼ ਉਨ੍ਹਾਂ ਵਰਕਰਾਂ ਦੀਆਂ ਐਪਲੀਕੇਸ਼ਨਜ ਹੀ ਪਹਿਲ ਦੇ ਅਧਾਰ 'ਤੇ ਵਿਚਾਰੀਆਂ ਜਾ ਰਹੀਆਂ ਹਨ, ਜਿਹੜੇ ਔਸਤ ਨਾਲੋਂ ਦੁਗਣੇ ਰੇਟ 'ਤੇ ਕੰਮ ਕਰ ਰਹੇ ਹਨ ਜਾਂ ਜਿਨ੍ਹਾਂ ਲਈ ਕੰਮ ਕਰਨ ਵਾਲੇ ਕਿੱਤੇ ਦੀ ਰਜਿਸਟਰੇਸ਼ਨ ਜ਼ਰੂਰੀ ਹੈ। ਟੋਨੀ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਰੈਜੀਡੈਂਸੀ ਦੇ ਫ਼ੈਸਲੇ ਤੱਕ ਵਰਕਰਾਂ ਨੂੰ ਇੱਥੇ ਨਾ ਰਹਿਣ ਦਿੱਤਾ ਗਿਆ ਤਾਂ ਇਸ ਨਾਲ ਇੰਪਲੋਏਅਰਜ ਨੂੰ ਵੀ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।
ਦੂਜੇ ਪਾਸੇ ਇਮੀਗਰੇਸ਼ਨ ਦੇ ਬੁਲਾਰੇ ਅਨੁਸਾਰ ਸਕਿਲਡ ਮਾਈਗਰੈਂਟ ਕੈਟਾਗਿਰੀ ਅਤੇ ਵਰਕ ਟੂ ਰੈਜੀਡੈਂਸ ਸ਼੍ਰੇਣੀ ਤਹਿਤ ਬਹੁਤ ਜਿਆਦਾ ਐਪਲੀਕੇਸ਼ਨਜ ਆ ਜਾਣ ਕਰਕੇ ਪ੍ਰੋਸੈਸਿੰਗ ਦਾ ਕੰਮ ਹੌਲੀ ਹੋ ਗਿਆ ਹੈ। ਜਿਸ ਕਰਕੇ ਉਡੀਕ ਲੰਬੀ ਹੋ ਰਹੀ ਹੈ ਅਤੇ ਵਰਕਰਾਂ ਨੂੰ ਪੇਸ਼ ਆਉਣ ਵਾਲੀ ਪ੍ਰੇਸ਼ਾਨੀ ਨੂੰ ਸਮਝਦੇ ਹਨ। ਹਾਲਾਂਕਿ ਕਿ ਵੀਜ਼ਾ ਪ੍ਰਾਸੈਸਿੰਗ ਨੂੰ ਤੇਜ਼ੀ ਨਾਲ ਪੂਰਾ ਕਰਨ ਲਈ ਵਚਨਬੱਧ ਹਨ।
ਹੁਣ ਇਹ ਪੱਖ ਵੀ ਵਿਚਾਰਨ ਵਾਲਾ ਹੈ ਕਿ ਕੋਈ ਵੀ ਮਾਈਗਰੈਂਟ ਜਦੋਂ ਰੈਜੀਡੈਂਸੀ ਲਈ ਅਪਲਾਈ ਕਰਦਾ ਹੈ ਤਾਂ ਉਸ ਲਈ ਸਕਿਲਡ ਜੌਬ 'ਤੇ ਹਾਜ਼ਰ ਹੋਣਾ ਜ਼ਰੂਰੀ ਹੁੰਦਾ ਹੈ ਜਦੋਂ ਤੱਕ ਇਮੀਗਰੇਸ਼ਨ ਦਾ ਫ਼ੈਸਲਾ ਨਹੀਂ ਆਉਂਦਾ। ਇਸ ਲਈ ਰੈਜੀਡੈਂਟ ਵੀਜਾ ਐਪਲੀਕੇਸ਼ਨ ਅਪਰੂਵ ਹੋਣ ਤੱਕ ਜੇ ਕੋਈ ਫ਼ੈਸਲਾ ਨਹੀਂ ਆਉਂਦਾ ਹੈ ਤਾਂ ਉਸ ਲਈ ਉਦੋਂ ਤੱਕ ਹੋਰ ਵਾਧੂ ਟੈਂਪਰੇਰੀ ਵੀਜੇ ਦੀ ਲੋੜ ਹੁੰਦੀ ਹੈ। ਜੇ ਵਰਕਰ ਦੇਸ਼ ਛੱਡ ਕੇ ਚਲਾ ਗਿਆ ਤਾਂ ਉਸਦੀ ਰੈਜੀਡੈਂਸੀ ਕਿਵੇਂ ਹੋਵੇਗੀ ?