ਆਕਲੈਂਡ (ਹਰਪ੍ਰੀਤ ਸਿੰਘ) - ਮਾਰਚ 20 ਤੋਂ ਸ਼ੁਰੂ ਕੀਤੀ ਵੇਜ ਸਬਸਿਡੀ ਸਕੀਮ, ਜਿਸ ਤਹਿਤ ਉਨ੍ਹਾਂ ਕਾਰੋਬਾਰੀਆਂ ਨੂੰ ਸਰਕਾਰੀ ਮੱਦਦ ਮਿਲਦੀ ਸੀ, ਜਿਨ੍ਹਾਂ ਦੇ ਕਾਰੋਬਾਰਾਂ ਵਿੱਚ ਕੋਰੋਨਾ ਕਰਕੇ ਮੰਦੀ ਆਈ ਸੀ ਤੇ ਸਰਕਾਰ ਵਲੋਂ ਮਿਲਿਆ ਇਹ ਪੈਸਾ ਕਰਮਚਾਰੀਆਂ ਨੂੰ ਤਨਖਾਹਾਂ ਦੇਣ ਲਈ ਵਰਤਿਆ ਜਾਂਦਾ ਸੀ।
ਹੁਣ ਤੱਕ ਸਰਕਾਰ ਇਸ ਸਕੀਮ ਤਹਿਤ $14 ਬਿਲੀਅਨ ਹਜਾਰਾਂ ਕਾਰੋਬਾਰੀਆਂ ਨੂੰ ਵੰਡ ਚੁੱਕੀ ਹੈ ਅਤੇ ਇਸ ਵਿੱਚੋਂ ਕਈ ਕਾਰੋਬਾਰੀਆਂ ਨੇ $546 ਮਿਲੀਅਨ ਦੀ ਰਕਮ ਸਰਕਾਰ ਨੂੰ ਵਾਪਿਸ ਵੀ ਦੇ ਦਿੱਤੀ ਹੈ ਤੇ ਉਹ ਕਾਰੋਬਾਰੀ ਸਨ, ਜਿਨ੍ਹਾਂ ਨੂੰ ਜਾਂ ਤਾਂ ਇਸ ਪੈਸੇ ਦੀ ਲੋੜ ਨਹੀਂ ਸੀ, ਜਾਂ ਫਿਰ ਸਰਕਾਰ ਵਲੋਂ ਕਾਰੋਬਾਰੀਆਂ ਨੂੰ ਨੋਟਿਸ ਜਾਰੀ ਕਰ ਪੈਸਾ ਵਾਪਿਸ ਕਰਨ ਲਈ ਕਿਹਾ ਗਿਆ ਸੀ।
ਅਜਿਹੀਆਂ 4140 ਸ਼ਿਕਾਇਤਾਂ ਵੀ ਕਾਰੋਬਾਰੀਆਂ ਖਿਲਾਫ ਸਾਹਮਣੇ ਆਈਆਂ ਸਨ, ਜਿਨ੍ਹਾਂ ਵਿੱਚ ਕਿਹਾ ਗਿਆ ਸੀ ਕਿ ਕਾਰੋਬਾਰੀਆਂ ਨੇ ਇਹ ਪੈਸਾ ਸਹੀ ਢੰਗ ਨਾਲ ਨਹੀਂ ਵਰਤਿਆ ਹੈ। ਹੁਣ ਇਨ੍ਹਾਂ ਚੋਂ 3218 ਸ਼ਿਕਾਇਤਾਂ ਦੀ ਛਾਣਬੀਣ ਹੋ ਚੁੱਕੀ ਹੈ ਅਤੇ ਜਿਆਦਾਤਰ ਦੋਸ਼ ਬੇਬੁਨਿਆਦ ਨਿਕਲੇ ਹਨ, ਜਦਕਿ ਸਿਰਫ 520 ਕਾਰੋਬਾਰੀਆਂ ਨੂੰ ਹੀ ਪੈਸਾ ਵਾਪਿਸ ਕਰਨ ਬਾਰੇ ਕਿਹਾ ਗਿਆ ਹੈ।
ਮਨਿਸਟਰੀ ਆਫ ਸੋਸ਼ਲ ਡਵੈਲਪਮੈਂਟ ਅਨੁਸਾਰ ਇਹ ਕਾਫੀ ਸੰਤੁਸ਼ਟੀ ਦਾਇਕ ਹੈ, ਕਿਉਂਕਿ ਇਹ ਸਕੀਮ ਭਰੋਸੇ ਦੇ ਸਿਰ 'ਤੇ ਸ਼ੁਰੂ ਹੋਈ ਸੀ ਤੇ ਹੁਣ ਤੱਕ ਜਿਆਦਾਤਰ ਕਾਰੋਬਾਰੀਆਂ ਨੇ ਇਸ ਪੈਸੇ ਦੀ ਵਰਤੋਂ ਸਹੀ ਢੰਗ ਨਾਲ ਹੀ ਕੀਤੀ ਹੈ।