ਮੈਲਬੌਰਨ : 22 ਅਕਤੂਬਰ ( ਸੁਖਜੀਤ ਸਿੰਘ ਔਲਖ ) ਮੈਲਬੌਰਨ ਸ਼ਹਿਰ ਦੇ ਪੱਛਮੀ ਇਲਾਕੇ ਸਨਬਰੀ ਵਿੱਚ ਬੀਤੇ ਸਾਲ ਦੌਰਾਨ ਭਾਰਤੀ ਮੂਲ ਦੇ ਇੱਕ ਅੰਤਰ ਰਾਸ਼ਟਰੀ ਵਿਦਿਆਰਥੀ ਮੌਲਿਨ ਰਾਠੌੜ ਦੀ ਹੱਤਿਆ ਕਰਨ ਵਾਲੀ ਆਸਟਰੇਲੀਅਨ ਗੋਰੀ ਨੂੰ ਅਦਾਲਤ ਨੇ ਸਿਰਫ ਨੌਂ ਸਾਲ ਦੀ ਸਜ਼ਾ ਸੁਣਾਈ ਹੈ ਜਿਸਦੇ ਤਹਿਤ ਜੇਮੀ ਲੀ ਨਾਂ ਦੀ 21 ਸਾਲਾ ਕੁੜੀ ਮਹਿਜ਼ ਤਿੰਨ ਸਾਲ ਬਾਅਦ ਹੀ ਜੇਲ ਤੋਂ ਬਾਹਰ ਆ ਜਾਵੇਗੀ । ਵਿਕਟੋਰੀਅਨ ਸੁਪਰੀਮ ਕੋਰਟ ਨੇ ਪਿਛਲੇ ਸਾਲ ਜੇਮੀ ਲੀ ਨੂੰ ਭਾਰਤੀ ਵਿਦਿਆਰਥੀ ਦੇ ਕਤਲ ਲਈ ਦੋਸ਼ੀ ਕਰਾਰ ਦਿੱਤਾ ਸੀ । ਸਨਕੀ ਨਜ਼ਰ ਆਉਣ ਵਾਲੀ ਉਕਤ ਲੜਕੀ ਬਾਰੇ ਜੱਜ ਨੇ ਕਿਹਾ ਕਿ ਕਾਤਲ ਦਿਮਾਗੀ ਤੌਰ ਤੇ ਪੂਰੀ ਤਰਾਂ ਤੰਦਰੁਸਤ ਨਹੀਂ ਹੈ ਤੇ ਵਿਅਕਤੀਗਤ ਵਿਕਾਸ ਦੀ ਘਾਟ ਕਾਰਨ ਉਸਦੀ ਸੋਚਣ ਸ਼ਕਤੀ ਕਾਫ਼ੀ ਸੀਮਿਤ ਹੈ । ਮੌਲਿਨ ਰਾਠੌੜ ਜੋ ਕਿ ਮੈਲਬੌਰਨ ਵਿੱਚ ਅਕਾਊਟਿੰਗ ਦੀ ਪੜਾਈ ਕਰ ਰਿਹਾ ਸੀ ਨੂੰ ਜੇਮੀ ਲੀ ਇੱਕ ਡੇਟਿੰਗ ਐਪ ਦੇ ਜਰੀਏ ਮਿਲੀ ਸੀ ਤੇ ਉਸਨੇ ਰਾਤ ਦੇ ਸਮੇਂ ਮੌਲਿਨ ਨੂੰ ਆਪਣੇ ਸਨਬਰੀ ਸਥਿਤ ਘਰ ਵਿੱਚ ਸੱਦ ਲਿਆ ਜਿੱਥੇ ਉਸਨੇ ਰੱਸੀ ਨਾਲ ਗਲਾ ਘੁੱਟਕੇ ਮੌਲਿਨ ਦਾ ਕਤਲ ਕਰ ਦਿੱਤਾ । ਕਤਲ ਕਰਨ ਤੋਂ ਪਹਿਲਾਂ ਉਕਤ ਕੁੜੀ ਨੇ ਗੂਗਲ ਤੇ ਲਿਖਿਆ ਸੀ “ ਮੈਂ ਅੱਜ ਰਾਤ ਮਜ਼ਾ ਲੈਣ ਲਈ ਕਿਸੇ ਦਾ ਕਤਲ ਕਰਾਂਗੀ “ ।