ਆਕਲੈਂਡ (ਅਵਤਾਰ ਸਿੰਘ ਟਹਿਣਾ) ਨਿਊਜ਼ੀਲੈਂਡ 'ਚ ਬਾਰਡਰ ਬੰਦ ਹੋਣ ਕਰਕੇ ਪੈਦਾ ਹੋਈ ਕਾਮਿਆਂ ਦੀ ਘਾਟ ਨੂੰ ਪੂਰਾ ਕਰਨ ਲਈ ਸਟੂਡੈਂਟ ਵੀਜ਼ਾ, ਵਿਜ਼ਟਰ ਵੀਜ਼ਾ ਅਤੇ ਓਵਰਸਟੇਅਰਜ ਨੂੰ ਹਾਰਟੀਕਲਚਰ ਅਤੇ ਹੈੱਲਥ ਕੇਅਰ ਸੈਕਟਰ 'ਚ ਵਕਤੀ ਤੌਰ 'ਤੇ ਫੁੱਲ ਟਾਈਮ ਕੰਮ ਕਰਨ ਦਾ ਅਧਿਕਾਰ ਦੇਣ ਬਾਰੇ ਅਵਾਜ਼ ਉੱਠਣ ਲੱੱੱਗ ਪਈ ਹੈ। ਇਸ ਤੋਂ ਇਲਾਵਾ ਇਹ ਮੰਗ ਵੀ ਕੀਤੀ ਗਈ ਹੈ ਕਿ ਸਰਕਾਰ ਤੋਂ ਵਿੱਤੀ ਸਹਾਇਤਾ (ਬੈਨੀਫਿਟ) ਵਾਲੇ ਲੋਕਾਂ ਨੂੰ ਵੀ ਕੰਮ ਕਰਨ ਦੀ ਖੁੱਲ੍ਹ ਦੇ ਦਿੱਤੀ ਜਾਣੀ ਚਾਹੀਦੀ ਹੈ।
ਇਮੀਗਰੇਸ਼ਨ ਦੇ ਸਾਬਕਾ ਮੰਤਰੀ ਟਾਓਰਿਟੀ ਡੈਲਮੇਰ ਨੇ ਨਿਊਜ਼ੀæਲੈਂਡ ਦੇ ਇੱਕ ਕੌਮੀ ਮੀਡੀਆ ਅਦਾਰੇ ਨੂੰ ਤਾਜ਼ਾ ਇੰਟਰਵਿਊ ਦੌਰਾਨ ਸੁਝਾਅ ਦਿੱਤਾ ਹੈ ਕਿ ਜਦੋਂ ਦੇਸ਼ ਦੇ ਬਾਰਡਰ ਨਹੀਂ ਖੁੱਲ੍ਹਦੇ, ਉਦੋਂ ਤੱਕ ਅਜਿਹੇ ਸਾਰੇ ਲੋਕਾਂ ਨੂੰ ਖੁੱਲ੍ਹੇ ਰੂਪ 'ਚ ਕੰਮ ਕਰਨ ਦੇ ਅਧਿਕਾਰ ਦਿੱਤੇ ਜਾਣੇ ਚਾਹੀਦੇ ਹਨ, ਜਿਨਾਂ 'ਤੇ ਨਿਸ਼ਚਤ ਹੱਦ ਤੱਕ ਕੰਮ ਕਰਨ ਦੀ ਪਾਬੰਦੀ ਲੱਗੀ ਹੋਈ ਹੈ। ਉਨ੍ਹਾਂ ਕਿਹਾ ਕਿ ਇਸ ਵੇਲੇ ਰੈਸਟ ਹੋਮਜ ਅਤੇ ਹਾਰਟੀਕਲਚਰ ਸੈਕਟਰ 'ਚ ਕਾਮਿਆਂ ਦੀ ਵੱਡੀ ਘਾਟ ਮਹਿਸੂਸ ਕੀਤੀ ਜਾ ਰਹੀ ਹੈ। ਜਿਸ ਕਰਕੇ ਇਸਦਾ ਬਦਲ ਦੇਸ਼ ਵਿਚਲੇ ਲੋਕਾਂ ਰਾਹੀਂ ਹੀ ਲੱਭਿਆ ਜਾ ਸਕਦਾ ਹੈ। ਜਿਸਦੇ ਤਹਿਤ ਸਟੂਡੈਂਟਸ, ਵਿਜ਼ਟਰਜ ਹੀ ਕਾਮਿਆਂ ਦੇ ਰੂਪ 'ਚ ਵਰਕਫੋਰਸ ਦੀ ਘਾਟ ਨੂੰ ਪੂਰਾ ਕਰ ਸਕਦੇ ਹਨ। ਉਨ੍ਹਾਂ ਪੈਸੀਫਿਕ ਦੇਸ਼ਾਂ ਤੋਂ ਕਾਮੇ ਬੁਲਾਉਣ 'ਤੇ ਜ਼ੋਰ ਦੇਣ ਦੇ ਨਾਲ-ਨਾਲ ਓਵਰ ਸਟੇਅਰਜ ਤੋਂ ਇਲਾਵਾ ਅਜਿਹਾ ਬੈਨੀਫਿਟ ਲੈਣ ਵਾਲੇ ਲੋਕ ਕੰਮ ਕਰਨ ਦੀ ਖੁੱਲ੍ਹ ਦੇਣ ਦੀ ਵਕਾਲਤ ਕੀਤੀ ਹੈ। ਹਾਲਾਂਕਿ ਨਿਯਮਾਂ ਅਨੁਸਾਰ ਸਰਕਾਰ ਤੋਂ ਬੈਨੀਫਿਟ ਲੈਣ ਵਾਲੇ ਲੋਕ ਹੋਰ ਕਿਸੇ ਜਗ੍ਹਾ 'ਤੇ ਕੰਮ ਨਹੀਂ ਕਰ ਸਕਦੇ।
ਦੂਜੇ ਪਾਸੇ ਫ਼ਲਾਂ ਦਾ ਵਪਾਰ ਕਰਨ ਵਾਲੀ ਇੱਕ ਬਾਡੀ ਸਮਰ ਫਰੂਟ ਨਿਊਜ਼ੀਲੈਂਡ ਦੇ ਚੀਫ਼ ਐਗਜ਼ੈਕਟਿਵ ਰਿਚਰਡ ਪਾਲਮਰ ਵੀ ਖਦਸ਼ਾ ਪ੍ਰਗਟ ਕਰ ਚੁੱਕੇ ਹਨ ਕਿ ਇਸ ਵਾਰ ਕਾਮਿਆਂ ਦੀ ਘਾਟ ਕਾਰਨ ਇਸ ਸਾਲ 30 ਫੀਸਦ ਫ਼ਸਲ ਦੀ ਤੁੜਾਈ ਪੂਰੀ ਨਹੀਂ ਕੀਤੀ ਜਾ ਸਕੇਗੀ। ਜਿਸ ਨਾਲ ਸਵਾ ਬਿਲੀਅਨ ਡਾਲਰ ਦੇ ਐਕਸਪੋਰਟ ਦਾ ਘਾਟਾ ਪਵੇਗਾ। ਪ੍ਰੀ-ਇਲੈਕਸ਼ਨ ਇਕਨਾਮਿਕ ਐਂਡ ਫਿਸਕਲ ਅੱਪਡੇਟ ਵੀ ਖੁਲਾਸਾ ਕਰ ਚੁੱਕਿਆ ਹੈ ਕਿ ਕਾਮਿਆਂ ਦੀ ਘਾਟ ਲੰਬੇ ਸਮੇਂ ਤੱਕ ਬਣੀ ਰਹੇਗੀ।
ਏਐਨਜ਼ੈੱਡ ਐਗਰੀਕਲਚਰ ਇਕੌਨੋਮਿਸਟ ਸੂਸਨ ਕਿਲਸਬੇ ਵੀ ਸੰਸਾ ਪ੍ਰਗਟ ਕਰ ਚੁੱਕੇ ਹਨ ਕਿ ਫ਼ਲਾਂ੍ਹ ਦੀ ਤੁੜਾਈ ਵਾਲਾ ਭਾਰਾ ਕੰਮ ਕਰਨ ਵਾਸਤੇ ਨਿਊਜ਼ੀਲੈਂਡ ਦੇ ਲੋਕਲ ਲੋਕਾਂ ਵੱਲੋਂ ਕੰਮ ਕੀਤੇ ਜਾਣ ਦੀ ਸੰਭਾਵਨਾ ਬਹੁਤ ਘੱਟ ਹੈ। ਜਿਸ ਕਰਕੇ ਅਜਿਹੀ ਘਾਟ ਮਾਈਗਰੈਂਟ ਕਾਮਿਆਂ ਰਾਹੀਂ ਹੀ ਪੂਰੀ ਕੀਤੀ ਜਾ ਸਕਦੀ ਹੈ।
ਅੰਕੜਿਆਂ ਅਨੁਸਾਰ ਇਸ ਤੋਂ ਇਲਾਵਾ ਰੀਕੌਗਨਾਈਜ਼ਡ ਸੀਜ਼ਨਲ ਇੰਪਲੋਏਅਰ ਸਕੀਮ ਤਹਿਤ ਪੈਸੀਫਿਕ ਦੇਸ਼ਾਂ ਚੋਂ ਆਉਣ ਵਾਲੇ ਵਰਕਰਾਂ ਦੀ ਵੀ ਵੱਡੀ ਘਾਟ ਹੈ, ਜੋ ਹਰ ਸਾਲ ਫ਼ਲਾਂ ਦੀ ਤੁੜਾਈ 'ਚ 20 ਤੋਂ 30 ਫ਼ੀਸਦ ਯੋਗਦਾਨ ਪਾਉਂਦੇ ਹਨ। ਇਸ ਸਕੀਮ ਤਹਿਤ ਹਰ ਸਾਲ 14 ਹਜ਼ਾਰ ਕਾਮਿਆਂ ਨੂੰ ਨਿਊਜ਼ੀਲੈਂਡ ਆਉੁਣ ਦੀ ਆਗਿਆ ਦਿੱਤੀ ਜਾਂਦੀ ਹੈ ਪਰ ਇਸ ਸਾਲ ਇਹ ਗਿਣਤੀ ਸਿਰਫ਼ 6700 ਹੀ ਰਹਿ ਗਈ ਹੈ। ਇਨ੍ਹਾਂ ਚੋਂ ਵੀ 1000 ਕਾਮੇ ਕ੍ਰਿਸਮਸ ਤੱਕ ਆਪਣੇ ਘਰਾਂ ਨੂੰ ਮੁੜ ਜਾਣ ਦੀ ਸੰਭਾਵਨਾ ਹੈ।
ਇਹ ਵੀ ਵਰਣਨਯੋਗ ਹੈ ਕਿ ਹਰ ਸਾਲ 70 ਹਜ਼ਾਰ ਬੈਕਪੈਕਰਜ ਕਾਮਿਆਂ ਦਾ ਨਿਊਜ਼ੀਲੈਂਡ ਦੇ ਹਾਰਟੀਕਲਚਰ 'ਚ ਹਰ ਸਾਲ ਵੱਡਾ ਯੋਗਦਾਨ ਹੁੰਦਾ ਹੈ ਪਰ ਕੋਵਿਡ-19 ਕਾਰਨ ਪੈਦਾ ਹੋਏ ਹਾਲਾਤ ਕਾਰਨ ਹੁਣ ਇਹ ਗਿਣਤੀ ਸਿਰਫ 13 ਹਜ਼ਾਰ ਤੱਕ ਸੀਮਤ ਹੋ ਗਈ ਹੈ।