ਆਕਲੈਂਡ (ਹਰਪ੍ਰੀਤ ਸਿੰਘ) - ਨਿਊਜੀਲੈਂਡ ਚੋਣ ਕਮਿਸ਼ਨ ਵਲੋਂ ਨਿਊਜੀਲੈਂਡ ਵਾਸੀਆਂ ਦੇ ਟੈਕਸਾਂ ਤੋਂ ਇੱਕਠੇ ਹੋਏ ਪੈਸਿਆਂ ਤੋਂ ਇਨ੍ਹਾਂ ਚੋਣਾ ਵਿੱਚ $730,000 ਮੁੱਲ ਦੇ 3.6 ਮਿਲੀਅਨ ਬੈਲੇਟ ਪੈੱਨ ਮੰਗਵਾਏ ਗਏ ਸਨ। ਪੈੱਨ ਵੋਟ ਪਾਉਣ ਤੋਂ ਬਾਅਦ ਨਿਊਜੀਲੈਂਡ ਵਾਸੀ ਘਰੇ ਲੈ ਜਾ ਸਕਦੇ ਸਨ, ਅਜਿਹਾ ਇਸ ਲਈ ਤਾਂ ਜੋ ਕੋਰੋਨਾ ਵਾਇਰਸ ਫੈਲਣ ਦਾ ਖਤਰਾ ਘੱਟੋ-ਘੱਟ ਰਹੇ। ਪਰ ਪੈੱਨਾਂ 'ਤੇ ਇਨ੍ਹਾਂ ਜਿਆਦਾ ਖਰਚਾ ਕਰਨ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ ਨਿਊਜੀਲੈਂਡ ਵਾਸੀਆਂ ਵਲੋਂ ਇਸ 'ਤੇ ਕਾਫੀ ਤਿੱਖੀਆਂ ਪ੍ਰਤੀਕਿਰਿਆਵਾਂ ਦਿਖਾਈਆਂ ਗਈਆਂ ਹਨ, ਹੁਣ ਤਾਂ ਲੋਕ ਇਸ ਗੱਲ ਨੂੰ ਲੈਕੇ ਮਜਾਕ ਵੀ ਉਡਾਉਣ ਲੱਗ ਪਏ ਹਨ, ਅਜਿਹੇ ਹੀ ਇੱਕ ਨਿਊਜੀਲੈਂਡ ਵਾਸੀ ਨੇ ਅਜਿਹੇ ਪੈੱਨ ਦੀ ਫੋਟੋ ਪਾਕੇ, ਲਿਖਿਆ ਹੈ ਕਿ ਇੱਕ ਪੁਰਾਣਾ ਪੈੱਨ ਸੇਲ 'ਤੇ, ਜਿਸ ਨੂੰ ਬਹੁਤ ਘੱਟ ਵਾਰ ਤੇ ਸਿਰਫ ਕੁਝ ਟਿੱਕ ਮਾਰਕ ਲਾਉਣ ਲਈ ਹੀ ਵਰਤਿਆ ਗਿਆ ਹੈ ਅਤੇ ਇਸ ਨੂੰ ਫੇਸਬੁੱਕ 'ਤੇ ਅਪਲੋਡ ਕਰ ਦਿੱਤਾ। ਜਿਸਤੋਂ ਬਾਅਦ ਹੁਣ ਤੱਕ ਹਜਾਰਾਂ ਲਾਈਕਸ ਤੇ ਕੁਮੈਂਟ ਇਸ ਪੋਸਟ ਨੂੰ ਮਿਲ ਚੁੱਕੇ ਹਨ, ਜਿਸ ਵਿੱਚ ਬਹੁਤੇ ਸਰਕਾਰ ਦੇ ਇਸ ਫੈਸਲੇ 'ਤੇ ਵੀ ਸੁਆਲ ਚੁੱਕ ਰਹੇ ਹਨ।