ਆਕਲੈਂਡ ( ਐੱਨਜ਼ੈੱਡ ਪੰਜਾਬੀ ਨਿਊਜ਼ ਬਿਊਰੋ ) ਪਿਛਲੇ ਦਿਨੀਂ ਤਰਨਤਾਰਨ ਦੇ ਕਸਬੇ ਭਿੱਖੀਵਿੰਡ ਵਿੱਚ ਦੋ ਮੋਟਰਸਾਈਕਲ ਸਵਾਰਾਂ ਵੱਲੋਂ ਕਾਮਰੇਡ ਬਲਵਿੰਦਰ ਸਿੰਘ ਦੇ ਘਰ ਵਿੱਚ ਦਾਖਲ ਹੋਕੇ ਉਸਨੂੰ ਗੋਲੀਆਂ ਮਾਰਕੇ ਕਤਲ ਕਰ ਦਿੱਤਾ ਸੀ। ਰਾਜਨੀਤਕ ਪਾਰਟੀਆਂ ਵੱਲੋਂ ਇਸ ਕਤਲ ਨੂੰ ਅੱਤਵਾਦ ਨਾਲ ਜੋੜ ਕੇ ਇਸ ਤੇ ਹਾਅ ਹੱਲਾ ਮਚਾ ਰਹੀਆਂ ਸਨ। ਕਾਮਰੇਡ ਬਲਵਿੰਦਰ ਸ਼ੋਰੀਆ ਚੱਕਰ ਪ੍ਰਾਪਤ ਸੀ ਤੇ ਉਹਨੂੰ ਸਰਕਾਰ ਵੱਲੋਂ ਅੰਗ ਰੱਖਿਅਕ ਮਿਲਿਆ ਹੋਇਆ ਸੀ ਪਰ ਕਰੋਨਾ ਮਹਾਂਮਾਰੀ ਕਾਰਨ ਫੋਰਸ ਦੀ ਫੀਲਡ ਵਿੱਚ ਜਿਆਦਾ ਜਰੂਰਤ ਪੈਣ ਕਰਕੇ ਅੰਗ ਰੱਖਿਅਕ ਵਾਪਿਸ ਲੈ ਲਿਆ ਗਿਆ ਸੀ। ਸਰਕਾਰ ਨੂੰ ਇਸ ਕਰਕੇ ਵੀ ਜਿਆਦਾ ਘੇਰਿਆ ਜਾ ਰਿਹਾ ਸੀ। ਸੋ ਮੁੱਖ ਮੰਤਰੀ ਵੱਲੋਂ ਫਿਰੋਜ਼ਪੁਰ ਰੇਂਜ ਦੇ ਡੀ ਆਈ ਜੀ ਹਰਦਿਆਲ ਸਿੰਘ ਮਾਨ ਦੀ ਅਗਵਾਈ ਵਿੱਚ SIT ਬਣਾ ਦਿੱਤੀ ਸੀ ਜਿਸਨੇ ਐਤਵਾਰ ਨੂੰ ਪ੍ਰੈਸ ਕਾਨਫਰੰਸ ਕਰਕੇ ਇਸ ਕੇਸ ਨੂੰ ਹੱਲ ਕਰ ਲੈਣ ਦਾ ਦਾਅਵਾ ਕੀਤਾ ਹੈ।
ਪੁਲਿਸ ਨੇ ਇਸ ਮਾਮਲੇ ਵਿੱਚ 8 ਬੰਦੇ ਫੜੇ ਹਨ ਅਤੇ 6 ਬੰਦੇ ਆਉਣ ਵਾਲੇ ਦਿਨਾਂ ਵਿੱਚ ਫੜੇ ਜਾਣ ਦੀ ਆਸ ਹੈ।
ਰਵਿੰਦਰ ਸਿੰਘ ਉਰਫ ਗਿਆਨ ਦੀ ਕਾਮਰੇਡ ਦੇ ਬੇਟੇ ਨਾਲ ਪੁਰਾਣੀ ਦੁਸ਼ਮਣੀ ਸੀ ਉਸਨੇ ਬਦਲੇ ਦੀ ਭਾਵਨਾ ਤਹਿਤ ਇਹ ਕਤਲ ਕਰਵਾਇਆ। ਇਹ ਕਤਲ ਕਰਵਾਉਣ ਲਈ ਉਸਨੇ ਕਿਸੇ ਗੈਂਗਸਟਰ ਨੂੰ ਸੁਪਾਰੀ ਦਿੱਤੀ ਸੀ।
ਫੜੇ ਜਾਣ ਵਾਲਿਆਂ ਵਿੱਚ ਸੁਖਰਾਜ ਸਿੰਘ ਸੁੱਖਾ, ਰਵਿੰਦਰ ਸਿੰਘ ਗਿਆਨ ਅਤੇ ਰਾਜਬੀਰ ਸਿੰਘ ਸਾਰੇ ਗੁਰਦਾਸਪੁਰ ਤੋਂ, ਰਵਿੰਦਰ ਸਿੰਘ ਰਵੀ, ਚਾਂਦ ਕੁਮਾਰ ਭਾਟੀਆ, ਅਕਾਸ਼ਦੀਪ ਸਿੰਘ ਅਤੇ ਰਵੀ ਕੁਮਾਰ ਸਾਰੇ ਲੁਧਿਆਣੇ ਤੋਂ ਅਤੇ ਪ੍ਰਭਦੀਪ ਸਿੰਘ ਕਰਤਾਰਪੁਰ ਜਲੰਧਰ ਦੇ ਵਾਸੀ ਹਨ।
ਘਟਨਾ ਤੋਂ ਬਾਅਦ ਇਹਨਾਂ ਨੇ ਬਜਾਜ ਪਲਸਰ ਮੋਟਰਸਾਈਕਲ ਜੋ ਵਾਰਦਾਤ ਵਿੱਚ ਵਰਤਿਆ ਸੀ, ਉਸਨੂੰ ਉਧੇੜ ਕੇ ਉਸਦੇ ਕਿੱਲ ਪੁਰਜ਼ੇ ਹਰੀਕੇ ਨਹਿਰ ਵਿੱਚ ਸੁੱਟ ਦਿੱਤੇ ਸਨ। ਉਪਰ ਫੜੇ ਮੁਲਜਮਾਂ ਵਿੱਚ ਦੋ ਮਕੈਨਿਕ ਵੀ ਹਨ।
ਪਿਛਲੇ ਹਫਤੇ ਜੱਗੂ ਭਗਵਾਨਪੁਰੀਏ ਨੂੰ ਪੁਲਿਸ ਪਟਿਆਲਾ ਜੇਲ ਤੋਂ ਪੁੱਛਗਿੱਛ ਲਈ ਤਰਨਤਾਰਨ ਲੈਕੇ ਆਈ ਸੀ।
ਕਾਮਰੇਡ ਦਾ ਕਤਲ ਉਹਨਾਂ ਦੀ ਨਿੱਜੀ ਦੁਸ਼ਮਣੀ ਦਾ ਸਿੱਟਾ ਸੀ ਪਰ ਮਨਿੰਦਰਜੀਤ ਬਿੱਟੇ ਵਰਗਿਆਂ ਵੱਲੋ ਇਸਨੂੰ ਖਾਲਿਸਤਾਨੀ ਮੂਵਮੈਂਟ ਨਾਲ ਬਿੰਨਾ ਕਿਸੇ ਤੱਧ ਤੋ ਜੋੜਿਆ ਜਾ ਰਿਹਾ ਸੀ ।