ਆਕਲੈਂਡ (ਹਰਪ੍ਰੀਤ ਸਿੰਘ) - ਜਦੋਂ ਕੋਰੋਨਾ ਸਬੰਧੀ ਬਾਰਡਰ 'ਤੇ ਸਖਤਾਈਆਂ ਖਤਮ ਹੋਣਗੀਆਂ, ਉਸ ਵੇਲੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਅਮਰੀਕਾ, ਬਿ੍ਰਟੇਨ, ਯੂਰਪ ਤੇ ਚੀਨ ਦਾ ਦੌਰਾ ਕਰਨ ਜਾਏਗੀ, ਪਰ ਇਸ ਦੌਰਾ ਦਾ ਉਦੇਸ਼ ਘੁੰਮਣਾ ਨਹੀਂ, ਬਲਕਿ ਕਾਰੋਬਾਰ ਨੂੰ ਵਧਾਉਣਾ ਹੋਏਗਾ ਤੇ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਨਾਲ ਇਸ ਦੌਰੇ 'ਤੇ ਵਿਸ਼ੇਸ਼ ਬਿਜਨੈਸ ਡੈਲੀਗੇਸ਼ਨ ਵੀ ਜਾਏਗਾ। ਇਸ ਗੱਲ ਦਾ ਐਲਾਨ ਅੱਜ ਪ੍ਰਧਾਨ ਮੰਤਰੀ ਜੈਸਿੰਡਾ ਆਰਡਨ ਵਲੋਂ ਅੱਜ ਆਕਲੈਂਡ ਵਿੱਚ ਹੋਈ ਇੱਕ ਵਿਸ਼ੇਸ਼ ਕਾਰੋਬਾਰੀ ਮੀਟਿੰਗ ਵਿੱਚ ਕੀਤਾ ਗਿਆ।
ਇਸ ਵੇਲੇ ਬਾਰਡਰ 'ਤੇ ਸਖਤਾਈਆਂ ਜਾਰੀ ਹਨ ਅਤੇ ਹੁਣ ਤਾਂ ਵਾਪਿਸ ਆ ਰਹੇ ਨਿਊਜੀਲੈਂਡ ਵਾਸੀਆਂ ਦੀ ਗਿਣਤੀ ਸੀਮਿਤ ਕਰਨ ਲਈ ਮੈਨੇਜਡ ਆਈਸੋਲੇਸ਼ਨ ਦਾ ਵਾਊਚਰ ਜਰੂਰੀ ਕਰ ਦਿੱਤਾ ਗਿਆ ਹੈ ਤੇ ਸਿਰਫ ਉਸ ਨੂੰ ਹੀ ਨਿਊਜੀਲੈਂਡ ਦਾ ਜਹਾਜ ਫੜਣ ਦੀ ਇਜਾਜਤ ਹੈ, ਜਿਸ ਕੋਲ ਇਹ ਵਾਊਚਰ ਹੈ। ਇਸ ਵੇਲੇ ਇਨ੍ਹਾਂ ਵਾਊਚਰਾਂ ਦੀ ਬੁਕਿੰਗ ਇਨ੍ਹੀਂ ਜਿਆਦਾ ਹੈ ਕਿ ਨਵੇਂ ਸਾਲ ਤੱਕ ਦੀਆਂ ਤਾਰੀਖਾਂ ਪਾਰ ਹੋ ਚੁੱਕੀਆਂ ਹਨ।