ਆਕਲੈਂਡ (ਹਰਪ੍ਰੀਤ ਸਿੰਘ) -ਨਿਊਜੀਲੈਂਡ ਦਾ ਸਟਾਰ ਬਾਸਕਟਬਾਲ ਖਿਡਾਰੀ ਟੋਮ ਵੋਡੇਨਵਿਕ ਜੋ ਸਤੰਬਰ ਵਿੱਚ ਖਾਸ ਕਾਂਟਰੇਕਟ ਤਹਿਤ ਖੇਡਣ ਲਕਸਮਬਰਗ ਗਿਆ ਸੀ, ਉਸਨੂੰ ਇਮੀਗ੍ਰੇਸ਼ਨ ਨਿਊਜੀਲੈਂਡ ਦੇ ਬਦਲੇ ਨਿਯਮਾਂ ਕਰਕੇ ਨਿਊਜੀਲੈਂਡ ਆਪਣੇ ਦੇਸ਼ ਵਿੱਚ ਹੀ ਵਾਪਸੀ ਕਾਫੀ ਭਾਰੀ ਪਈ। ਦਰਅਸਲ ਟੋਮ ਤੇ ਉਸਦੀ ਗਰਲਫਰੈਂਡ ਦੀ ਵਾਪਸੀ ਦੀ ਟਿਕਟ 3 ਨਵੰਬਰ ਨੂੰ ਹੋਈ ਸੀ, ਇਮੀਗ੍ਰੇਸ਼ਨ ਨਿਊਜੀਲ਼ੈਂਡ ਦੀ ਮਨਜੂਰੀ ਅਨੁਸਾਰ ਇਹ ਵਾਪਸੀ ਦੀ ਉਡਾਣ ਦੁਬਈ ਤੋਂ ਹੋਕੇ ਆਉਣੀ ਸੀ। ਸਾਰੀਆਂ ਕਲੀਅਰੈਂਸ ਦੇ ਦਿੱਤੀਆਂ ਗਈਆਂ ਸਨ, ਪਰ 1 ਨਵੰਬਰ ਤੋਂ ਲਾਗੂ ਮੈਨੇਜਡ ਆਈਸੋਲੇਸ਼ਨ ਵਾਊਚਰ ਦੋਨਾਂ ਲਈ ਸਿਰ ਦਰਦੀ ਬਣ ਗਿਆ।
ਦੁਬਈ ਤੋਂ ਨਿਊਜੀਲੈਂਡ ਆਉਣ ਮੌਕੇ ਕਿਉਂਕਿ ਉਨ੍ਹਾਂ ਕੋਲ ਮੈਨੇਜਡ ਆਈਸੋਲੇਸ਼ਨ ਦਾ ਵਾਊਚਰ ਨਹੀਂ ਸੀ, ਇਸੇ ਲਈ ਉਨ੍ਹਾਂ ਨੂੰ ਜਹਾਜ 'ਤੇ ਬੋਰਡਿੰਗ ਨਹੀਂ ਕਰਨ ਦਿੱਤੀ ਗਈ। ਟੋਮ ਲਈ ਇਹ ਇੱਕ ਤਣਾਅ ਭਰਿਆ ਵੇਲਾ ਸੀ, ਕਿਉਂਕਿ ਨਾ ਤਾਂ ਉਹ ਦੁਬਈ ਵਿੱਚ ਇਨ੍ਹਾਂ ਲੰਬਾ ਸਮਾਂ ਰੁੱਕ ਸਕਦੇ ਸਨ ਤੇ ਨਾ ਹੀ ਯੂਰਪ ਵਾਪਿਸ ਜਾ ਸਕਦੇ ਸਨ। ਪਰ ਸਮਾਂ ਰਹਿੰਦਿਆਂ ਜਦੋਂ ਐਨ ਜੈਡ ਹੈਰਾਲਡ ਵਲੋਂ ਇਸ ਘਟਨਾ ਸਬੰਧੀ ਇਮੀਗ੍ਰੇਸ਼ਨ ਨਾਲ ਗੱਲਬਾਤ ਕੀਤੀ ਗਈ ਤਾਂ ਜਾਕੇ ਟੋਮ ਲਈ ਵਾਊਚਰ ਦਾ ਪ੍ਰਬੰਧ ਹੋ ਸਕਿਆ।
ਦੱਸਦੀਏ ਕਿ ਮੈਨੇਜਡ ਆਈਸੋਲੇਸ਼ਨ ਵਾਊਚਰ 20 ਦਸੰਬਰ ਤੱਕ ਪੂਰੀ ਤਰ੍ਹਾਂ ਬੁੱਕ ਹਨ ਅਤੇ ਇਹ ਵਾਊਚਰ ਇਮੀਗ੍ਰੇਸ਼ਨ ਵਿਭਾਗ ਨੇ ਵਾਪਿਸ ਆ ਰਹੇ ਨਿਊਜੀਲੈਂਡ ਵਾਸੀਆਂ ਦੀ ਗਿਣਤੀ ਸੀਮਿਤ ਕਰਨ ਲਈ ਲਾਗੂ ਕੀਤਾ ਹੈ।