ਆਕਲੈਂਡ : ਅਵਤਾਰ ਸਿੰਘ ਟਹਿਣਾ
ਨਿਊਜ਼ੀਲੈਂਡ 'ਚ 53ਵੀਂ ਪਾਰਲੀਮੈਂਟ ਲਈ 17 ਅਕਤੂਬਰ ਨੂੰ ਹੋਈਆਂ ਚੋਣਾਂ ਦੇ ਮੁੱਢਲੇ ਨਤੀਜੇ ਨੇ ਭਾਵੇਂ ਲੇਬਰ ਪਾਰਟੀ ਨੂੰ ਦੇਸ਼ ਦੀ ਵਾਗਡੋਰ ਸੰਭਾਲ ਦਿੱਤੀ ਹੈ ਪਰ ਦੇਸ਼ ਦੇ ਕਰੀਬ 5 ਲੱਖ ਵੋਟਰਾਂ ਦੀ 'ਸਪੈਸ਼ਲ ਵੋਟ' ਗਿਣਤੀ ਦੇ ਅੱਜ ਆਉਣ ਵਾਲੇ ਆਖਰੀ ਨਤੀਜੇ ਅੱਠ ਕੁ ਸੀਟਾਂ 'ਤੇ ਕੁੱਝ ਉਮੀਦਵਾਰਾਂ ਦੀ ਕਿਸਮਤ ਬਦਲ ਸਕਦੇ ਹਨ, ਜਿਹੜੇ ਥੋੜ੍ਹੀਆਂ ਜਿਹੀਆਂ ਵੋਟਾਂ ਦੇ ਫ਼ਰਕ ਨਾਲ ਜਿੱਤ ਚੁੱਕੇ ਹਨ ਜਾਂ ਕੁੱਝ ਕੁ ਵੋਟਾਂ ਨਾਲ ਪਛੜ ਗਏ ਸਨ। ਕੀ ਮਾਓਰੀ ਤੇ ਗਰੀਨ ਪਾਰਟੀ ਦੇ ਜਿੱਤ ਚੁੱਕੇ ਇੱਕ-ਇੱਕ ਉਮੀਦਵਾਰ ਸਪੈਸ਼ਲ ਵੋਟਾਂ ਪਿੱਛੋਂ ਜੇਤੂ ਰਹਿ ਸਕਣਗੇ? ਇਸ ਸਵਾਲ ਦਾ ਜਵਾਬ ਵੀ ਅੱਜ 2 ਵਜੇ ਦੁਪਹਿਰ ਤੱਕ ਹੀ ਮਿਲ ਸਕੇਗਾ।
ਪ੍ਰਾਪਤ ਜਾਣਕਾਰੀ ਅਨੁਸਾਰ ਨੈਸ਼ਨਲ ਪਾਰਟੀ ਵਾਸਤੇ ਫਾਂਗਰੇਈ ਹਲਕੇ ਦੀ ਸੀਟ ਵੀ ਕਾਫੀ ਡਾਵਾਂਡੋਲ ਮੰਨੀ ਜਾ ਰਹੀ ਹੈ। ਜੋ ਉਸਦੇ ਦੇ ਹੱਥੋਂ ਨਿਕਲ ਸਕਦੀ ਹੈ। ਉੱਥੇ ਪਾਰਟੀ ਉਮੀਦਵਾਰ ਸ਼ੇਨ ਰੇਟੀ ਸਿਰਫ਼ 160 ਕੁ ਵੋਟਾਂ ਦੇ ਫ਼ਰਕ ਨਾਲ ਹੀ ਜਿੱਤੇ ਹਨ ਤੇ ਸਪੈਸ਼ਲ ਵੋਟਾਂ ਦੀ ਗਿਣਤੀ ਪਿੱਛੋਂ ਪਾਸਾ ਪਲਟ ਵੀ ਸਕਦਾ ਹੈ ਤੇ ਜਿੱਤੀ ਹੋਈ ਬਾਜ਼ੀ ਹਾਰ ਵੀ ਸਕਦੀ ਹੈ। ਭਾਵੇਂ ਸ਼ੇਨ ਦਾ ਪਾਰਲੀਮੈਂਟ 'ਚ ਪੁੱਜਣਾ ਤੈਅ ਹੈ ਕਿਉਂਕਿ ਪਾਰਟੀ ਲਿਸਟ 'ਚ ਉਨ੍ਹਾਂ ਨੰਬਰ ਕਾਫੀ ਉੱੱਤੇ ਹੈ। ਪਰ ਫਿਰ ਵੀ ਸਪੈਸ਼ਲ ਵੋਟਾਂ ਦੀ ਗਿਣਤੀ ਦੇ ਨਤੀਜੇ ਨੈਸ਼ਨਲ ਪਾਰਟੀ ਲਈ ਨਿਰਾਸ਼ਾਜਨਕ ਹੋ ਸਕਦੇ ਹਨ।
ਗਰੀਨ ਪਾਰਟੀ ਨੇ ਆਕਲੈਂਡ ਸੈਂਟਰਲ ਵਾਲੀ ਸੀਟ 500 ਤੋਂ ਘੱਟ ਸੀਟਾਂ ਨਾਲ ਜਿੱਤੀ ਹੈ। ਸਪੈਸ਼ਲ ਵੋਟਾਂ ਦੀ ਗਿਣਤੀ ਤੋਂ ਬਾਅਦ ਹਾਲਾਤ ਬਦਲ ਵੀ ਸਕਦੇ ਹਨ ਕਿਉਂਕਿ ਫ਼ਰਕ ਬਹੁਤ ਥੋੜ੍ਹਾ ਹੈ। ਜੇ ਗਰੀਨ ਪਾਰਟੀ ਦੀ ਫਿਲਹਾਲ ਜੇਤੂ ਉਮੀਦਵਾਰ ਕਲੋਏ ਸਵਾਰਬਰਿਕ ਦੀ ਜਿੱਤ ਬਰਕਰਾਰ ਰਹੀ ਤਾਂ 20 ਸਾਲ ਬਾਅਦ ਉਸਦਾ ਕੋਈ ਉਮੀਦਵਾਰ ਚੁਣ ਕੇ ਪਾਰਲੀਮੈਂਟ 'ਚ ਪੁੱਜਣ ਦੇ ਯੋਗ ਹੋਵੇਗਾ।
ਮਾਓਰੀ ਦੀ ਕਿਸਮਤ ਦਾ ਵੀ ਅੱਜ ਹੀ ਪਤਾ ਲੱਗੇਗਾ। ਵਾਇਆਰੀਕੀ ਹਲਕੇ ਤੋਂ ਪਾਰਟੀ ਊਮੀਦਵਾਰ ਰਾਵਿਰੀ ਵੇਟਿਟੀ ਵੀ 500 ਤੋਂ ਘੱਟ ਵੋਟਾਂ ਨਾਲ ਫ਼ਰਕ ਨਾਲ ਚੋਣ ਜਿੱਤੇ ਹਨ ਅਤੇ ਸਪੈਸ਼ਲ ਵੋਟਾਂ ਦੀ ਗਿਣਤੀ ਪਿੱਛੋਂ ਨਵਾਂ ਗਣਿਤ ਸਾਹਮਣੇ ਆ ਸਕਦਾ ਹੈ। ਲੇਬਰ ਪਾਰਟੀ ਟਮਾਟੀ ਕੌਫੀ ਵੀ ਜਿੱਤ ਸਕਦੇ ਹਨ। ਪਰ ਜੇ ਮਾਓਰੀ ਪਾਰਟੀ ਜੇਤੂ ਰਹਿੰਦੀ ਹੈ ਤਾਂ ਮੁੜ ਪਾਰਲੀਮੈਂਟ 'ਚ ਆਪਣਾ ਥਾਂ ਬਣਾ ਸਕਦੀ ਹੈ। ਹਾਲਾਂਕਿ ਸਾਲ 2017 ਦੀਆਂ ਚੋਣਾਂ ਦੌਰਾਨ ਮਾਓਰੀ ਪਾਰਟੀ ਕੋਈ ਵੀ ਸੀਟ ਨਹੀਂ ਜਿੱਤ ਸਕੀ ਸੀ।
ਜ਼ਿਕਰਯੋਗ ਹੈ ਕਿ ਦੇਸ਼ 'ਚ ਕਰਵਾਏ ਗਏ ਦੋ ਰੈਫਰੈਂਡਮ, ਇੱਛੁੱਕ ਮੌਤ ਅਤੇ ਭੰਗ ਦੇ ਕਾਨੂੰਨੀਕਰਨ ਬਾਰੇ ਵੀ ਅੱਜ ਅਧਿਕਾਰਤ ਤੌਰ 'ਤੇ ਚੋਣ ਕਮਿਸ਼ਨ ਵੱਲੋਂ ਅਧਿਕਾਰਤ ਤੌਰ 'ਤੇ ਆਖਰੀ ਨਤੀਜੇ ਐਲਾਨੇ ਜਾਣੇ ਹਨ। ਭਾਵੇਂ ਕਿ ਇੱਛੁੱਕ ਮੌਤ ਦੇ ਹੱਕ 'ਚ ਵੋਟਾਂ ਵੱਡੀ 'ਚ ਗਿਣਤੀ 'ਚ ਪੈਣ ਕਰਕੇ ਸ਼ੱਕ ਕੋਈ ਗੁੰਜਾਇਸ਼ ਨਹੀਂ ਰਹੀ। ਪਰ ਭੰਗ ਦੇ ਕਾਨੂੰਨੀਕਰਨ ਦੇ ਵਿਰੁੱਧ ਪਈ ਵੋਟ ਨੂੰ ਨਵੇਂ ਸਿਰਿਓਂ ਜ਼ਰੂਰ ਵੇਖਿਆ ਜਾਵੇਗਾ ਕਿ ਕਿੰਨੇ ਫੀਸਦ ਲੋਕਾਂ ਨੇ ਹੱਕ ਅਤੇ ਵਿਰੋਧ 'ਚ ਵੋਟ ਪਾਈ ਹੈ।