ਆਕਲੈਂਡ : ( ਅਵਤਾਰ ਸਿੰਘ ਟਹਿਣਾ )ਪੰਜਾਬ ਅਤੇ ਹੋਰਨਾਂ ਸੂਬਿਆਂ 'ਚ ਫਸੇ ਬੈਠੇ ਮਾਈਗਰੈਂਟ ਵਰਕਰਾਂ ਦਾ ਦਰਦ ਨਿਊਜ਼ੀਲੈਂਡ ਦੇ ਨਵੀਂ ਦਿੱਲੀ ਸਥਿਤ ਹਾਈ ਕਮਿਸ਼ਨ ਦਫ਼ਤਰ ਤੱਕ ਪਹੁੰਚ ਗਿਆ ਹੈ। ਪੰਜਾਬ ਨਾਲ ਸਬੰਧਤ ਵਰਕਰਾਂ ਨੇ ਜੰਤਰ-ਮੰਤਰ 'ਤੇ ਬੈਨਰ ਲੈ ਕੇ ਆਪਣੇ ਦਿਲਾਂ ਦੀ ਪੀੜ ਦੱਸੀ ਅਤੇ ਨਿਊਜ਼ੀਲੈਂਡ ਸਰਕਾਰ ਅੱਗੇ ਅਰਜ਼ੋਈਆਂ ਕੀਤੀਆਂ ਕਿ ਪਰਿਵਾਰਾਂ ਦੇ ਮਿਲਾਪ ਅਤੇ ਨੌਕਰੀਆਂ ਬਰਕਰਾਰ ਰੱਖਣ ਲਈ ਉਨ੍ਹਾਂ ਲਈ ਬਾਰਡਰ ਦੇ ਦਰਵਾਜ਼ੇ ਖੋਲ੍ਹ ਦਿੱਤੇ ਜਾਣ। ਜਿਨ੍ਹਾਂ ਦੇ ਵੀਜ਼ੇ ਦੀ ਮੁੱਕ ਚੁੱਕੇ ਹਨ, ਉਨ੍ਹਾਂ ਦੀ ਮਿਆਦ ਵਧਾਈ ਜਾਵੇ।
ਪ੍ਰਾਪਤ ਜਾਣਕਾਰੀ ਅਨੁਸਾਰ ਮੰਗਲਵਾਰ ਨੂੰ ਪੰਜਾਬ ਅਤੇ ਹੋਰਨਾਂ ਸੂਬਿਆਂ ਤੋਂ ਦਰਜਨਾਂ ਮਾਈਗਰੈਂਟ ਵਰਕਰ ਰਾਜਧਾਨੀ ਨਵੀਂ ਦਿੱਲੀ ਦੇ ਜੰਤਰ-ਮੰਤਰ ਵਿਖੇ ਇਕੱਠੇ ਹੋਏ। ਜਿਨ੍ਹਾਂ ਨੇ ਆਪਣੇ ਹੱਥਾਂ 'ਚ ਤਖ਼ਤੀਆਂ ਅਤੇ ਜ਼ੁਬਾਨੀ ਰੂਪ 'ਚ ਆਪਣੇ ਦਿਲ ਦੇ ਵਲਵਲੇ ਆਮ ਲੋਕਾਂ ਨਾਲ ਸਾਂਝੇ ਕੀਤੇ। ਲਿਖਤੀ ਰੂਪ 'ਚ ਇੱਕ ਮੰਗ ਪੱਤਰ ਵੀ ਨਿਊਜ਼ੀਲੈਂਡ ਹਾਈ ਕਮਿਸ਼ਨ ਦੇ ਦਫ਼ਤਰ 'ਚ ਪਹੁੰਚਾਇਆ ਗਿਆ ਤਾਂ ਜੋ ਸਰਕਾਰ ਉਸ 'ਤੇ ਗੌਰ ਕਰ ਸਕੇ।
ਹਾਈ ਕਮਿਸ਼ਨ ਦਫ਼ਤਰ ਨੂੰ ਸੌਂਪੇ ਮੰਗ ਪੱਤਰ ਰਾਹੀਂ ਮਾਈਗਰੈਂਟ ਵਰਕਰਾਂ ਨੇ ਆਪਣਾ ਦਰਦ ਬਿਆਨ ਕੀਤਾ ਹੈ ਕਿ ਉਨ੍ਹਾਂ ਚੋਂ ਕਈ ਕੁੱਝ ਮਹੀਨਿਆਂ ਲਈ ਹੀ ਆਪਣੇ ਪਰਿਵਾਰਾਂ ਨੂੰ ਮਿਲਣ ਲਈ ਨਿਊਜ਼ੀਲੈਂਡ ਤੋਂ ਭਾਰਤ ਆਏ ਸਨ ਪਰ 10 ਮਹੀਨਿਆਂ ਤੋਂ ਉੱਥੇ ਫਸ ਕੇ ਬੈਠਣ ਲਈ ਮਜਬੂਰ ਹਨ। ਕਈਆਂ ਦੇ ਵੀਜ਼ਿਆਂ ਦੀ ਮਿਆਦ ਮੁੱਕ ਵੀ ਚੁੱਕੀ ਹੈ ਅਤੇ ਕਈ ਆਪਣੇ ਪਰਿਵਾਰਕ ਮੈਂਬਰਾਂ ਤੋਂ ਲੱਖਾਂ-ਕੋਹਾਂ ਦੂਰ ਬੈਠ ਕੇ ਵਿਛੋੜੇ ਦਾ ਦਰਦ ਹੰਢਾਉਣ ਲਈ ਮਜ਼ਬੂਰ ਹਨ। ਪਰ ਕਾਨੂੰਨੀ ਤੌਰ 'ਤੇ ਵੀਜ਼ੇ ਹੋਣ ਦੇ ਬਾਵਜੂਦ ਵੀ ਉਨ੍ਹਾਂ ਲਈ ਨਿਊਜ਼ੀਲੈਂਡ ਸਰਕਾਰ ਨੇ ਦਰਵਾਜ਼ੇ ਬੰਦ ਕੀਤੇ ਹੋਏ ਹਨ।
ਵਰਕਰਾਂ ਦਾ ਕਹਿਣਾ ਹੈ ਕਿ ਕਈ ਮਹੀਨੇ ਇਕੱਲਤਾ ਝੱਲਣ ਪਿੱਛੋਂ ਹੁਣ ਕ੍ਰਿਸਮਸ ਦਾ ਦਿਹਾੜਾ ਆਪਣੇ ਨਿਊਜ਼ੀਲੈਂਡ ਰਹਿੰਦੇ ਪਰਿਵਾਰਾਂ ਅਤੇ ਕੰਮ ਵਾਲੀਆਂ ਥਾਵਾਂ 'ਤੇ ਆਪਣੇ ਸਾਥੀਆਂ ਨਾਲ ਮਨਾਉਣਾ ਚਾਹੁੰਦੇ ਹਨ। ਉਹ ਆਪਣੇ 14 ਦਿਨ ਕੁਵੌਰਨਟੀਨ ਦੀ ਸ਼ਰਤ ਵੀ ਆਪਣੇ ਖ਼ਰਚ 'ਤੇ ਪੂਰੀ ਕਰਨ ਲਈ ਤਿਆਰ ਹਨ। ਉਨ੍ਹਾਂ ਇਹ ਵੀ ਯਾਦ ਕਰਾਇਆ ਹੈ ਕਿ ਨਿਊਜ਼ੀਲੈਂਡ ਦੀ ਇਕਾਨਮੀ ਨੂੰ ਹੁਲਾਰਾ ਦੇਣ ਲਈ ਮਾਈਗਰੈਂਟ ਵਰਕਰਾਂ ਦਾ ਵੱਡਾ ਯੋਗਦਾਨ ਹੈ।
ਵਰਕ ਵੀਜ਼ਾ, ਸਪਊਜ਼ ਵੀਜ਼ਾ, ਸਟੱਡੀ ਵੀਜ਼ਾ ਅਤੇ ਹੋਰ ਵੀਜ਼ੇ ਵਾਲੇ ਸਾਰੇ ਵਰਕਰਾਂ ਦੀ ਮੰਗ ਹੈ ਕਿ ਖ਼ਤਮ ਹੋ ਚੁੱਕੇ ਵੀਜ਼ਿਆਂ ਦੀ ਮਿਆਦ ਵਧਾਈ ਜਾਵੇ ਅਤੇ ਵਿਦੇਸ਼ਾਂ 'ਚ ਫਸੇ ਬੈਠਿਆਂ ਦੇ ਵੀਜ਼ੇ ਰੀਨਿਊ ਕੀਤੇ ਜਾਣ। ਪਰਿਵਾਰਾਂ ਨੂੰ ਆਪਸ ਮਿਲਾਇਆ ਜਾਵੇ ਕਿਉਂਕਿ ਕਈ ਵਰਕਰ ਆਪਣੀ ਪਤਨੀ,ਪਤੀ ਅਤੇ ਬੱਚਿਆਂ ਤੋਂ ਦੂਰ ਬੈਠੇ ਹਨ। ਅੱਧ ਵਿਚਾਲੇ ਪੜ੍ਹਾਈ ਛੱਡਣ ਲਈ ਮਜਬੂਰ ਹੋਏ ਵਿਦਿਆਰਥੀਆਂ ਨੂੰ ਪੜ੍ਹਾਈ ਮੁਕੰਮਲ ਕਰਨ ਲਈ ਪੋਸਟ ਸਟੱਡੀ ਵੀਜ਼ੇ ਲਈ ਵਾਪਸ ਨਿਊਜ਼ੀਲੈਂਡ ਆਉਣ ਦਿੱਤਾ ਜਾਵੇ। ਉਨ੍ਹਾਂ ਦਾ ਕਹਿਣਾ ਇਹ ਮਹਾਂਮਾਰੀ ਸੈਂਕੜੇ ਸਾਲ ਬਾਅਦ ਅਚਾਨਕ ਆਈ ਹੈ, ਜਿਸ ਕਰਕੇ ਮਾਈਗਰੈਂਟ ਵਰਕਰਾਂ ਦਾ ਇਸ 'ਚ ਕੋਈ ਕਸੂਰ ਨਹੀਂ।
ਪ੍ਰਦਰਸ਼ਨ ਦੌਰਾਨ ਚੇਤਨ ਸ਼ਰਮਾ, ਗੁਰਪ੍ਰੀਤ ਕੌਰ ਅਤੇ ਦੀਪ ਸਿੰਘ ਨੇ ਵੀ ਆਪਣਾ ਦਰਦ ਦੱਸਿਆ ਕਿ ਉਨ੍ਹਾਂ ਦੇ ਪਤੀ-ਪਤਨੀ ਨਿਊਜ਼ੀਲੈਂਡ 'ਚ ਰਹਿ ਰਹੇ ਹਨ ਪਰ ਸਪਾਊਜ਼ ਵੀਜ਼ੇ ਦੇ ਬਾਵਜੂਦ ਵੀ ਉਨ੍ਹਾਂ ਨੂੰ ਬਾਰਡਰ ਬੰਦ ਹੋਣ ਤੋਂ ਪਹਿਲਾਂ ਸਮਾਂ ਨਹੀਂ ਦਿੱਤਾ ਗਿਆ ਹਾਲਾਂਕਿ ਉਨ੍ਹਾਂ ਨੇ ਨਿਊਜ਼ੀਲੈਂਡ ਦੀਆਂ ਟਿਕਟਾਂ ਵੀ ਬੁੱਕ ਕਰਵਾ ਲਈਆਂ ਸਨ। ਇਨਾਂ੍ਹ ਨੇ ਵੀ ਮੰਗ ਕੀਤੀ ਹੈ ਕਿ ਉਨ੍ਹਾਂ ਨੂੰ ਛੇਤੀ-ਛੇਤੀ ਆਪਣੇ ਜੀਵਨ ਸਾਥੀਆਂ ਨਾਲ ਮਿਲਣ ਵਾਸਤੇ ਪ੍ਰਬੰਧ ਕੀਤਾ ਜਾਵੇ।
ਜ਼ਿਕਰਯੋਗ ਹੈ ਕਿ ਇਸ ਵੇਲੇ ਪੰਜਾਬ ਸਮੇਤ ਭਾਰਤ 'ਚ ਸੈਂਕੜੇ ਮਾਈਗਰੈਂਟ ਵਰਕਰ ਫਸੇ ਬੈਠੇ ਹਨ। ਜਿਨ੍ਹਾਂ ਨੇ ਪਿਛਲੇ ਦਿਨੀਂ ਜਲੰਧਰ, ਲੁਧਿਆਣਾ ਅਤੇ ਸੰਗਰੂਰ 'ਚ ਵੀ ਪ੍ਰਦਰਸ਼ਨ ਕਰਕੇ ਆਪਣਾ ਦਰਦ ਦੱਸਿਆ ਸੀ। ਪਰ ਨਿਊਜ਼ੀਲੈਂਡ 'ਚ ਨਵੀਂ ਸਰਕਾਰ ਬਣਨ ਦੇ ਬਾਵਜੂਦ ਅਜੇ ਤੱਕ ਕੈਬਨਿਟ ਨੇ ਵਿਦੇਸ਼ਾਂ 'ਚ ਫਸੇ ਮਾਈਗਰੈਂਟ ਵਰਕਰਾਂ ਬਾਰੇ ਅਜੇ ਤੱਕ ਕੋਈ ਫ਼ੈਸਲਾ ਨਹੀਂ ਲਿਆ।