Saturday, 16 January 2021
24 November 2020 New Zealand

ਆਖਰ ਅਰਸ਼ਦੀਪ ਸੰਧੂ ਨੂੰ ਮਿਲਿਆ ਤਿੰਨ ਸਾਲ ਦਾ ਵੀਜ਼ਾ

ਕਈ ਹੋਰਨਾਂ ਦਾ ਵੀ ਹੋ ਸਕਦਾ ਹੈ ਫਾਇਦਾ
ਆਖਰ ਅਰਸ਼ਦੀਪ ਸੰਧੂ ਨੂੰ ਮਿਲਿਆ ਤਿੰਨ ਸਾਲ ਦਾ ਵੀਜ਼ਾ - NZ Punjabi News

ਆਕਲੈਂਡ (ਐੱਨਜੈੱਡ ਪੰਜਾਬੀ ਨਿਊਜ ਬਿਊਰੋ)  ਇਮੀਗਰੇਸ਼ਨ ਨਿਊਜ਼ੀਲੈਂਡ ਨੇ ਆਖ਼ਰ ਇਕ ਪੰਜਾਬੀ ਕੁੜੀ ਨੂੰ ਤਿੰਨ ਸਾਲ ਦਾ ਵੀਜ਼ਾ ਜਾਰੀ ਕਰ ਦਿੱਤਾ ਹੈ। ਓਮਬੱਡਸਮੈਨ ਭਾਵ ਲੋਕਪਾਲ ਵੱਲੋਂ ਪਲਟਾਏ ਗਏ ਇਮੀਗਰੇਸ਼ਨ ਦੇ ਫ਼ੈਸਲੇ ਨਾਲ ਕਈ ਹੋਰ ਸੈਂਕੜੇ ਪੰਜਾਬੀ ਵਿਦਿਆਰਥੀਆਂ ਦੇ ਵੀਜਿਆਂ 'ਤੇ ਵੀ ਚੰਗਾ ਪ੍ਰਭਾਵ ਪੈ ਸਕਦਾ ਹੈ।
ਟਾਈਮਜ਼ ਆਨਲਾਈਨ ਦੀ ਇੱਕ ਰਿਪੋਰਟ ਅਨੁਸਾਰ ਇਹ ਮਾਮਲਾ ਅਰਸ਼ਦੀਪ ਕੌਰ ਸੰਧੂ ਨਾਲ ਸਬੰਧਤ ਹੈ। ਜਿਸਨੇ 8 ਅਗਸਤ 2018 ਨੂੰ ਇੰਡੀਆ ਤੋਂ ਸਟੱਡੀ ਵੀਜ਼ਾ ਪਾਇਆ ਸੀ। ਜਿਸ ਤੋਂ ਬਾਅਦ ਉਸਨੂੰ ਇੰਗਲਿਸ਼ ਦੇ ਲੈਵਲ-4 ਦੀ ਸਟੱਡੀ ਕਰਨ ਲਈ ਵੀਜ਼ਾ ਦਿੱਤਾ ਗਿਆ ਸੀ। ਉਸ ਸਟੱਡੀ ਤੋਂ ਬਾਅਦ ਨਿਊਜ਼ੀਲੈਂਡ 'ਚ ਬਿਜਨਸ ਡਿਪਲੋਮਾ ਕਰਨ ਲਈ ਸਟੱਡੀ ਵੀਜ਼ਾ ਦਿੱਤਾ ਗਿਆ ਸੀ। ਅਰਸ਼ ਨੇ ਡਿਪਲੋਮਾ ਪਾਸ ਕਰਨ ਤੋਂ ਬਾਅਦ ਸਾਲ 2019 'ਚ ਤਿੰਨ ਸਾਲ ਦਾ ਓਪਨ ਵਰਕ ਵੀਜ਼ਾ ਲੈਣ ਲਈ ਐਪਲੀਕੇਸ਼ਨ ਦਿੱਤੀ ਸੀ। ਪਰ ਇਮੀਗਰੇਸ਼ਨ ਨੇ ਤਿੰਨ ਸਾਲ ਦੀ ਬਜਾਏ ਇੱਕ ਸਾਲ ਦਾ ਪੋਸਟ ਸਟੱਡੀ ਓਪਨ ਵਰਕ ਵੀਜ਼ਾ ਜਾਰੀ ਕਰ ਦਿੱਤਾ।
ਇਸ ਸਬੰਧ 'ਚ ਈਸਟ ਟਮਾਕੀ ਦੀ ਇੱਕ ਫਰਮ, ਇਮੀਗਰੇਸ਼ਨ ਐਡਵਾਈਸ ਐਨਜ਼ੈੱਡ ਲਿਮਟਿਡ ਦੇ ਡਾਇਰੈਕਟਰ ਸੈਫ਼ ਸੇਖ਼ ਦਾ ਦਾਅਵਾ ਹੈ ਕਿ ਇਸ ਸਬੰਧ 'ਚ ਇਮੀਗਰੇਸ਼ਨ ਨੂੰ ਬੇਨਤੀ ਕੀਤੀ ਗਈ ਕਿ ਇਮੀਗਰੇਸ਼ਨ ਵਾਲੇ ਪਾਸਿਓਂ ਕੋਈ ਤਰੁੱਟੀ ਰਹਿਣ ਕਰਕੇ ਅਰਸ਼ਦੀਪ ਨੂੰ ਇੱਕ ਸਾਲ ਦਾ ਵੀਜ਼ਾ ਜਾਰੀ ਕੀਤਾ ਗਿਆ ਹੈ, ਜਦੋਂ ਕਿ ਉਹ ਤਿੰਨ ਸਾਲ ਦੇ ਓਪਨ ਵਰਕ ਵੀਜ਼ੇ ਦੀ ਹੱਦਦਾਰ ਹੈ। ਪਰ ਇਮੀਗਰੇਸ਼ਨ ਨੇ ਇਹ ਕਹਿ ਕਿ ਅਪੀਲ ਠੁਕਰਾ ਦਿੱਤੀ ਸੀ ਕਿ ਇਮੀਗਰੇਸ਼ਨ ਨੇ ਅਰਸ਼ਦੀਪ ਨੂੰ ਇੱਕ ਸਾਲ ਦਾ ਵੀਜ਼ਾ ਦੇ ਕੋਈ ਗਲਤੀ ਨਹੀਂ ਕੀਤੀ।
ਇਸ ਪਿੱਛੋਂ ਮਾਮਲਾ ਆਫਿਸ ਆਫ ਓਮਬੱਡਸਮੈਨ ( ਭਾਵ ਲੋਕਪਾਲ) ਕੋਲ ਚਲਾ ਗਿਆ। ਜਿਸ ਦੌਰਾਨ ਛਾਣਬੀਣ ਉਪਰੰਤ ਓਮਬੱਡਸਮੈਨ ਨੇ ਇਮੀਗਰੇਸ਼ਨ ਨੂੰ ਸਿਫਾਰਸ਼ ਕਰ ਦਿੱਤੀ ਕਿ ਅਰਸ਼ਦੀਪ ਨੂੰ ਤਿੰਨ ਸਾਲ ਦਾ ਵੀਜ਼ਾ ਦਿੱਤਾ ਜਾਵੇ।
ਸੈਫ ਅਨੁਸਾਰ ਪਿਛਲੇ ਸਮੇਂ ਦੌਰਾਨ ਅਜਿਹੇ ਬਹੁਤ ਸਾਰੇ ਵਿਦਿਆਰਥੀਆਂ ਨੇ ਇਮੀਗਰੇਸ਼ਨ ਨਾਲ ਸੰਪਰਕ ਕੀਤਾ ਸੀ,ਜਿਨ੍ਹਾਂ ਨੂੰ ਤਿੰਨ ਸਾਲ ਦੀ ਬਜਾਏ ਇੱਕ ਸਾਲ ਦੇ ਵੀਜ਼ੇ ਜਾਰੀ ਕੀਤੇ ਸਨ। ਉਨ੍ਹਾਂ ਆਸ ਪ੍ਰਗਟ ਕੀਤੀ ਹੈ ਕਿ ਓਮਬੱਡਸਮੈਨ ਦੇ ਨਵੇਂ ਫ਼ੈਸਲੇ ਨਾਲ ਹੋਰ ਸੈਂਕੜੇ ਵਿਦਿਆਰਥੀਆਂ ਲਈ ਵੀ ਨਵਾਂ ਰਾਹ ਖੁੱਲ੍ਹ ਸਕਦਾ ਹੈ,ਜਿਨ੍ਹਾਂ ਨੂੰ ਇੱਕ ਸਾਲ ਦੇ ਵੀਜ਼ੇ ਜਾਰੀ ਹੋਏ ਸਨ।
ਸਰੋਤ : ਟਾਈਮਜ ਆਨਲਾਈਨ

ADVERTISEMENT
NZ Punjabi News Matrimonials