120 'ਚੋਂ 58 ਸੀਟਾਂ ਔਰਤਾਂ ਨੇ ਮੱਲੀਆਂ
ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਨਿਊਜ਼ੀਲੈਂਡ 'ਚ 53ਵੀਂ ਪਾਰਲੀਮੈਟ ਦਾ ਗਠਨ ਹੋ ਗਿਆ ਹੈ। ਜਿਸਦੀਆਂ ਕੁੱਲ 120 ਸੀਟਾਂ ਚੋਂ 58 ਸੀਟਾਂ ਔਰਤਾਂ ਦੇ ਹਿੱਸੇ ਆਈਆਂ ਹਨ। ਇਸ ਮੌਕੇ 12 ਵੱਖ-ਵੱਖ ਭਾਸ਼ਾਵਾਂ 'ਚ ਪਾਰਲੀਮੈਂਟ ਨੇ ਸਹੁੰ ਚੁੱਕੀ ਜਦੋਂ ਕਿ ਭਾਰਤੀ ਮੂਲ ਦੇ ਡਾ ਗੌਰਵ ਸ਼ਰਮਾ ਨੇ ਸੰਸਕ੍ਰਿਤ 'ਚ ਹਲਫ਼ ਲਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਮੈਂਬਰਾਂ ਨੇ ਇੰਗਲਿਸ਼, ਮਾਓਰੀ, ਸੰਸਕ੍ਰਿਤ, ਮੈਂਡਰਿਨ, ਟੌਂਗਨ, ਸਮੋਅਨ, ਕੋਰੀਅਨ, ਕੁੱਕ ਆਈਲੈਂਡਜ ਮਾਓਰੀ, ਅਰੈਬਿਕ, ਕੈਂਟੋਨੀਜ, ਡੱਚ ਅਤੇ ਰੋਟੋਮੈਨ 'ਚ ਸਹੁੰ ਚੁੱਕੀ। ਹਾਊਸ ਦੇ ਕਲਰਕ ਵੱਲੋਂ ਮੈਂਬਰਾਂ ਨੂੰ ਸਹੁੰ ਚੁਕਾਉਣ ਦੀ ਰਸਮ ਮੌਕੇ ਚੀਫ਼ ਜਸਟਿਸ ਹੈਲਨ ਵਿੰਕਲਮੈਨ ਨੇ ਬਤੌਰ ਕਮਿਸ਼ਨਰ ਦੇ ਰੂਪ 'ਚ ਪਾਰਲੀਮੈਂਟ ਮੈਂਬਰਾਂ ਨੂੰ ਹਾਊਸ ਦਾ ਸਪੀਕਰ ਚੁਣਨ ਦੀ ਇਜਾਜ਼ਤ ਦਿੱਤੀ।
ਗਵਰਨਰ ਜਨਰਲ ਡੇਮ ਪੈਟਸੀ ਰੈਡੀ ਵੱਲੋਂ ਪ੍ਰਧਾਨ ਮੰਤਰੀ ਜੈਸਿੰਡਾ ਅਰਡਨ ਅਤੇ ਹੋਰ ਮਹਿਮਾਨਾਂ ਦੀ ਮੌਜੂਦਗੀ 'ਚ ਟਰੇਵਰ ਮਿਲਾਰਡ ਦੀ ਮੁੜ ਸਪੀਕਰ ਵਜੋਂ ਪੁਸ਼ਟੀ ਕਰ ਦਿੱਤੀ ਗਈ ਹੈ।
ਮਾਓਰੀ ਪਾਰਟੀ ਦੇ ਕੋ-ਲੀਡਰ ਰਾਵਿਰੀ ਵਾਟਿਟੀ ਨੇ ਸਿਰਫ਼ ਤੇ ਸਿਰਫ਼ ਮਹਾਰਾਣੀ ਦੇ ਪ੍ਰਤੀ ਵਫ਼ਾਦਾਰੀ ਪ੍ਰਤੀ ਸਹੁੰ ਚੁੱਕਣ ਤੋਂ ਇਕ ਵਾਰ ਨਾਂਹ ਕਰ ਦਿੱਤੀ ਸੀ। ਪਰ ਉਨ੍ਹਾਂ ਰਵਾਇਤੀ ਅੰਦਾਜ਼ ਤੇ ਮਾਓਰੀ ਬੋਲੀ 'ਚ ਸਹੁੰ ਚੁੱਕੀ ਲਈ। ਪਰ ਉਨ੍ਹਾਂ ਕਿਹਾ ਕਿ ਉਹ ਪਾਰਲੀਮੈਂਟ ਦੀ ਮੌਜੂਦਾ ਟਰਮ 'ਚ ਇੱਕ ਬਿਲ ਲੈ ਕੇ ਆਉਣਗੇ ਕਿਉਂਕਿ ਟਰੀਏਟੀ ਆਫ ਵੇਟੈਂਗੀ ਦੇ ਇੱਕ ਭਾਸ਼ਾ 'ਚ ਸਹੁੰ ਚੁਕਵਾਉਣੀ ਨਿਆਂਪੂਰਨ ਨਹੀਂ।
ਦੱਸਣਯੋਗ ਹੈ ਕਿ ਨਿਊਜ਼ੀਲੈਂਡ ਦੀ ਪਾਰਲੀਮੈਂਟ ਨੂੰ 17 ਅਕਤੂਬਰ ਨੂੰ ਵੋਟਾਂ ਪਈਆਂ ਸਨ। ਜਿਸ ਉਪਰੰਤ ਆਏ ਨਤੀਜਿਆਂ ਦੌਰਾਨ ਸੱਤਾਧਾਰੀ ਲੇਬਰ ਪਾਰਟੀ ਨਿਰੋਲ ਬਹੁਮਤ ਲੈ ਗਈ ਸੀ।