ਆਕਲੈਂਡ (ਹਰਪ੍ਰੀਤ ਸਿੰਘ) - ਅੱਜ ਇਮੀਗ੍ਰੇਸ਼ਨ ਮੰਤਰੀ ਕ੍ਰਿਸ ਫਫੋਈ ਵਲੋਂ ਪੈਸੇਫਿਕ ਤੋਂ 2000 ਪ੍ਰਵਾਸੀ ਕਰਮਚਾਰੀਆਂ ਨੂੰ ਨਿਊਜੀਲ਼ੈਂਡ ਆਉਣ ਦੇਣ ਦੀ ਗੱਲ ਆਖੀ ਗਈ ਹੈ। ਪਰ ਕਰਮਚਾਰੀਆਂ ਨੂੰ ਨਿਊਜੀਲੈਂਡ ਆਉਣ ਤੋਂ ਬਾਅਦ ਜੋ ਖਰਚਾ ਹੋਣਾ ਹੈ ਉਹ ਸਰਕਾਰ ਨਹੀਂ ਇਹ ਕਾਰੋਬਾਰੀ ਦੇਣਗੇ ਤੇ ਇਸ ਗੱਲ ਨੇ ਕਾਰੋਬਾਰੀਆਂ ਦੀ ਖੁਸ਼ੀ ਨੂੰ ਚਿੰਤਾ ਵਿੱਚ ਬਦਲ ਦਿੱਤਾ ਹੈ, ਪਰ ਫਿਰ ਵੀ ਸਰਕਾਰ ਦੇ ਇਸ ਫੈਸਲੇ ਤੋਂ ਖੇਤੀਬਾੜੀ ਕਾਰੋਬਾਰੀ ਖੁਸ਼ ਹਨ।
ਨਿਊਜੀਲੈਂਡ ਸਰਕਾਰ ਦਾ ਕਹਿਣਾ ਹੈ ਕਿ ਜੋ ਵੀ ਪ੍ਰਵਾਸੀ ਮਜਦੂਰ ਨਿਊਜੀਲੈਂਡ ਆਏਗਾ ਉਸਦਾ 14 ਦਿਨ ਦਾ ਆਈਸੋਲੇਸ਼ਨ ਦਾ ਖਰਚਾ $4472 ਹੋਏਗਾ ਉਹ ਕਾਰੋਬਾਰੀਆਂ ਨੂੰ ਦੇਣਾ ਪਏਗਾ। ਇਸ ਤੋਂ ਇਲਾਵਾ 30 ਘੰਟੇ ਪ੍ਰਤੀ ਹਫਤੇ ਦੇ ਹਿਸਾਬ ਨਾਲ $22.10 ਡਾਲਰ ਪ੍ਰਤੀ ਘੰਟਾ ਲੀਵਿੰਗ ਵੇਜ ਵੀ ਕਰਮਚਾਰੀਆਂ ਨੂੰ ਦੇਣੀ ਪਏਗੀ। ਮਤਲਬ ਕਿ ਇੱਕ ਕਰਮਚਾਰੀ ਦੇ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਕਾਰੋਬਾਰੀਆਂ ਸਿਰ ਹਜਾਰਾਂ ਡਾਲਰ ਦਾ ਖਰਚਾ ਪੈਣਾ ਤੈਅ ਹੈ।