-ਕਾਰੋਬਾਰਾਂ ਦੇ ਨਾਂ 'ਤੇ ਚੱਲਦੀਆਂ ਨੇ ਕਈਆਂ ਦੀਆਂ "ਕਾਮਨੀ" ਦੁਕਾਨਦਾਰੀਆਂ
-ਵੀਜ਼ਾ ਲਵਾਉਣ ਪਿੱਛੋਂ ਵਰਕਰ ਹੋ ਜਾਂਦਾ ਹੈ ਮਜ਼ਬੂਰ
-ਅਪਰੈਂਟਸ਼ਿਪ ਦੌਰਾਨ ਵੀ ਹੋਣਾ ਪੈਂਦਾ ਹੈ ਸ਼ੋਸ਼ਣ ਦਾ ਸ਼ਿਕਾਰ
-ਟੀਚਰਜ ਨੂੰ ਮਿਲਦੀਆਂ ਨੇ ਰਜਿਸਟਰੇਸ਼ਨ ਰੱਦ ਕਰਾਉਣ ਦੀਆਂ ਧਮਕੀਆਂ
ਅਵਤਾਰ ਸਿੰਘ ਟਹਿਣਾ
ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ ਵਰ੍ਹਿਆਂ 'ਚ ਕਰਤਾਰਪੁਰ ਸਾਹਿਬ ਵਿਖੇ ਹਲ ਚਲਾ ਕੇ ਕਿਰਤ ਨੂੰ ਉੱਚਾ-ਸਾਬਤ ਕਰਨ ਲਈ ਯਤਨ ਕੀਤੇ। ਦੁਨੀਆਂਦਾਰਾਂ ਨੂੰ ਦਿੱਤੇ 'ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ' ਦੇ ਸੁਨੇਹੇ 'ਚ ਕਿਰਤ ਨੂੰ ਸਭ ਤੋਂ ਪਹਿਲਾਂ ਥਾਂ ਦਿੱਤੀ। ਉਨ੍ਹਾਂ ਦੇ ਜੀਵਨ ਨਾਲ ਜੁੜੀਆਂ ਸਾਖੀਆਂ 'ਚ 'ਸੱਜਣ ਠੱਗ' ਦਾ ਜ਼ਿਕਰ ਵੀ ਆਉਂਦਾ ਹੈ। ਭਾਈ ਕਾਹਨ ਸਿੰਘ ਨਾਭਾ ਤੇ ਪਿਆਰਾ ਪਦਮ ਅਨੁਸਾਰ ਜ਼ਿਲ੍ਹਾ ਮੁਲਤਾਨ (ਪਾਕਿਸਤਾਨ) ਦੇ ਇੱਕ ਪਿੰਡ ਮਖਦੂਮਪੁਰ (ਉਦੋਂ ਤੁਲੰਬਾ) ਦਾ ਦੰਭੀ ਵਿਅਕਤੀ ਆਪਣੀ ਸਰ੍ਹਾਂ 'ਚ ਠਹਿਰਣ ਵਾਲੇ ਮੁਸਾਫ਼ਰਾਂ ਨੂੰ ਰਾਤ ਵੇਲੇ ਲੁੱਟ ਲੈਂਦਾ ਸੀ ਪਰ ਗੁਰੂ ਸਾਹਿਬ ਦੀ ਸੰਗਤ ਕਰਕੇ ਭਲਾ ਪੁਰਸ਼ ਬਣ ਗਿਆ।
ਇੱਕ ਹੋਰ ਸਾਖੀ 'ਚ ਏਮਨਾਬਾਦ (ਪਾਕਿਸਤਾਨ) ਦੇ ਬਹੁਤ ਅਮੀਰ ਮਲਿਕ ਭਾਗੋ ਦਾ ਜ਼ਿਕਰ ਆਉਂਦਾ ਹੈ। ਜੋ ਬਹੁਤ ਆਪਣੇ ਨੌਕਰਾਂ-ਚਾਕਰਾਂ ਤੋਂ ਬਹੁਤ ਕੰਮ ਲੈਂਦਾ ਸੀ ਅਤੇ ਪੂਰੇ ਮਿਹਤਾਨਾ ਵੀ ਨਹੀਂ ਸੀ ਦਿੰਦਾ। ਜਿਸ ਕਰਕੇ ਗੁਰੂ ਸਾਹਿਬ ਨੇ ਮਲਿਕ ਭਾਗੋ ਦੇ ਛੱਤੀ ਪ੍ਰਕਾਰ ਦੇ ਪਕਵਾਨ ਠੁਕਰਾ ਨੇ ਮਿਹਨਤ ਦੀ ਕਮਾਈ ਕਰਨ ਵਾਲੇ ਭਾਈ ਲਾਲੋ ਦੀ ਰੁੱਖੀ-ਮਿੱਸੀ ਨੂੰ ਤਰਜੀਹ ਦਿੱਤੀ ਸੀ। ਇਕ ਹੋਰ ਸਾਖੀ 'ਚ ਇਸ ਗੱਲ ਦਾ ਵੀ ਜ਼ਿਕਰ ਆਉਂਦਾ ਹੈ ਕਿ ਉਦਾਸੀਆਂ ਦੌਰਾਨ ਉਨ੍ਹਾਂ ਨਾਲ ਚੰਗਾ ਸਲੂਕ ਕਰਨ ਵਾਲੇ ਇੱਕ ਪਿੰਡ ਦੇ ਲੋਕਾਂ ਨੂੰ 'ਉਜੜ ਜਾਓ' ਆਖਿਆ। ਮਾੜਾ ਸਲੂਕ ਕਰਨ ਵਾਲੇ ਪਿੰਡ ਦੇ ਲੋਕਾਂ ਨੂੰ 'ਵਸਦੇ ਰਹੋ' ਕਿਹਾ ਤਾਂ ਜੋ ਉੱਥੋਂ ਦੇ ਲੋਕ ਕਿਸੇ ਹੋਰ ਪਿੰਡ ਜਾ ਕੇ ਉੱਥੋਂ ਦੇ ਲੋਕਾਂ ਨੂੰ ਮਾੜੀਆਂ ਆਦਤਾਂ ਨਾ ਸਿਖਾਉਣ।
ਮਨੁੱਖੀ ਜੀਵਨ ਨੂੰ ਵਧੀਆ ਬਣਾਉਣ ਵਾਲੇ ਗੁਰੂ ਸਾਹਿਬ ਦੇ ਵੱਡੇ ਧਾਰਮਿਕ ਸੁਨੇਹਿਆਂ ਦਾ ਜੇਕਰ ਨਿਊਜ਼ੀਲੈਂਡ ਦੇ ਸੰਦਰਭ 'ਚ ਵਿਸ਼ਲੇਸ਼ਣ ਕਰੀਏ ਤਾਂ ਆਮ ਲੋਕਾਂ ਨੂੰ ਹੈਰਾਨੀ ਹੋਣੀ ਸੁਭਾਵਿਕ ਹੈ। ਜਿਹੜੀਆਂ ਮਾੜੀਆਂ ਆਦਤਾਂ ਕਰਕੇ ਗੁਰੂ ਸਾਹਿਬ ਨੇ ਜਿਹੜੇ ਲੋਕਾਂ ਨੂੰ 'ਵਸਦੇ ਰਹਿਣ' ਦੀ ਪ੍ਰੇਰਨਾ ਦਿੱਤੀ ਸੀ, ਉਹ ਪਤਾ ਨਹੀਂ ਕਿਹੜੇ ਵੇਲੇ ਜਹਾਜ਼ ਚੜ੍ਹ ਆਏ? ਗੁਰਬਾਣੀ ਵੀ ਅਜਿਹੇ ਲੋਕਾਂ ਬਾਰੇ ਜ਼ਿਕਰ ਆਉਂਦਾ ਹੈ।
ਦੇਸੁ ਛੋਡਿ ਪਰਦੇਸਹਿ ਧਾਇਆ ।।
ਪੰਚ ਚੰਡਾਲ ਨਾਲੇ ਲੈ ਆਇਆ ।।
ਅਜਿਹੇ ਲੋਕ ਇੱਥੇ ਕਿਰਤ ਕਾਨੂੰਨਾਂ ਦੀ ਰੱਜ ਕੇ ਦੁਰਵਰਤੋਂ ਕਰ ਚੁੱਕੇ ਹਨ ਅਤੇ ਅਜੇ ਵੀ ਕਿਸੇ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਅਜਿਹਾ ਕਰਨ ਤੋਂ ਟਾਲਾ ਨਹੀਂ ਵੱਟਦੇ। ਇਨ੍ਹਾਂ ਦੀ ਸ਼ਨਾਖ਼ਤ ਉਦੋਂ ਹੁੰਦੀ ਹੈ, ਜਦੋਂ ਲੱਖਾਂ ਡਾਲਰ ਫ਼ੀਸ ਭਰ ਕੇ ਪੜ੍ਹਾਈ ਕਰਨ ਪਿੱਛੋਂ ਪੰਜਾਬੀ ਵਿਦਿਆਰਥੀ ਇਨ੍ਹਾਂ 'ਸੱਜਣ ਠੱਗਾਂ' ਦੇ ਢਹੇ ਚੜ੍ਹਨ ਪਿੱਛੋਂ ਆਪਣੀਆਂ ਸੱਧਰਾਂ-ਸੁਪਨਿਆਂ ਦੀ ਲੁੱਟ ਕਰਵਾਉਣ ਲਈ ਮਜਬੂਰ ਹੋ ਜਾਂਦੇ ਹਨ।
ਕਈ ਮਾਈਗਰੈਂਟ ਤਾਂ ਮਾਲਕਾਂ ਨੂੰ ਆਪਣੇ ਵਰਗੇ ਸਮਝ ਲੈਂਦੇ ਹਨ, ਜੋ ਪਹਿਲਾਂ ਵਿਹਾਰ ਵੀ ਆਪਣਿਆਂ ਵਾਂਗ ਕਰਦੇ ਹਨ। ਪਰ ਜਦੋਂ ਇੰਪਲੋਏਅਰ ਦੀ ਸਹਾਇਤਾ ਨਾਲ ਵੀਜ਼ਾ ਲਗਵਾ ਲੈਂਦੇ ਹਨ ਤਾਂ ਅਗਲੇ ਦਿਨੀਂ ਉਨ੍ਹਾਂ ਨੂੰ ਅਹਿਸਾਸ ਹੋਣ ਲੱਗਦਾ ਹੈ ਕਿ ਉਹ ਕਿਸੇ 'ਮਲਿਕ ਭਾਗੋ' ਦੇ ਵੱਸ ਪੈ ਗਏ ਹਨ। ਵਰਕਰਾਂ ਦੇ ਕੰਮ ਕਰਨ ਦੀਆਂ ਸ਼ਰਤਾਂ ਵੀ ਜ਼ੁਬਾਨੀ ਢੰਗ ਨਾਲ ਬਦਲ ਦਿੱਤੀਆਂ ਜਾਂਦੀਆਂ ਹਨ ਅਤੇ ਕਾਨੂੰਨੀ ਰੂਪ ਵਾਲਾ ਕੰਟਰੈਕਟ ਪੇਪਰ ਸਿਰਫ਼ ਤੇ ਸਿਰਫ਼ ਇੱਕ ਕਾਜ਼ਗ ਦਾ ਟੁਕੜਾ ਬਣ ਰਹਿ ਜਾਂਦਾ ਹੈ। ਸਿੱਟੇ ਵਜੋਂ ਵਰਕਰ 'ਮਲਿਕ ਭਾਗੋਆਂ' ਦੇ ਦਰ 'ਤੇ ਬੰਧੂਆ ਮਜ਼ਦੂਰ ਬਣਨ ਤੱਕ ਸੀਮਤ ਹੋ ਜਾਂਦੇ ਹਨ।
ਅਜਿਹੀ ਬਿਰਤੀ ਵਾਲੇ ਕਈ ਮਾਲਕ ਤਾਂ ਜੇਲ੍ਹ ਦੀਆਂ ਕਾਲ-ਕੋਠੜੀਆਂ 'ਚ ਵੀ ਪੁੱਜ ਚੁੱਕੇ ਹਨ ਪਰ ਕਈ ਇੰਨੇ ਚਲਾਕ ਹਨ ਕਿ ਕਾਨੂੰਨੀ-ਦਾਅ ਪੇਚ ਖੇਡ ਕੇ ਛੇਤੀ ਕਿਤੇ ਮਾਰ ਨਹੀਂ ਖਾਂਦੇ ਹਨ। ਜਿਹੜੇ ਕਿਤੇ ਮਾੜਾ-ਮੋਟਾ ਕਾਨੂੰਨ ਦੇ ਧੱਕੇ ਚੜ੍ਹਦੇ ਵੀ ਹਨ, ਉਹ ਕਿਰਤੀਆਂ ਦੀ ਲੁੱਟ ਦਾ ਮਾਲ ਵਰਤ ਕੇ ਸਾਫ਼ ਬਚ ਜਾਂਦੇ ਹਨ। ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਕਾਰੋਬਾਰਾਂ ਦਾ ਮਾਈਗਰੈਂਟਸ ਨੂੰ ਦੇਸ਼ ਦੇ ਪੱਕੇ ਵਸਨੀਕ ਬਣਾਉਣ ਲਈ ਅਹਿਮ ਰੋਲ ਹੁੰਦਾ ਹੈ, ਪਰ ਕਾਰੋਬਾਰਾਂ ਦੇ ਨਾਂ 'ਤੇ 'ਮਲਿਕ ਭਾਗੋਆਂ' ਅਤੇ 'ਸੱਜਣ ਠੱਗਾਂ' ਦੀਆਂ ਚੱਲਦੀਆਂ ਦੁਕਾਨਦਾਰੀਆਂ ਨੇ ਜਿੱਥੇ ਮਾਈਗਰੈਂਟਸ ਦਾ ਖੂਨ ਨਚੋੜਿਆ ਹੈ, ਉੱਥੇ 'ਗੁਰੂਆਂ ਦੇ ਨਾਂ 'ਤੇ ਵੱਸਦੇ ਪੰਜਾਬ ਦੀ ਸ਼ਾਨ ਨੂੰ ਵੀ ਸੱਟ ਮਾਰੀ ਹੈ।
ਪਿਛਲੇ ਕੁੱਝ ਸਾਲਾਂ ਦੀ ਪਰਖ-ਪੜਚੋਲ ਕਰੀਏ ਤਾਂ ਸਾਫ਼ ਪਤਾ ਲੱਗਦਾ ਹੈ ਕਿ ਇੰਮਪੋਲੋਏਅਰ ਅਸਿਸਟਡ ਵੀਜ਼ੇ ਦੀ ਕਈ ਇੰਪਲੋਏਅਰਜ ਦੀ ਰੱਜ ਕੇ ਦੁਰਵਰਤੋਂ ਕੀਤੀ। ਇਸ ਗੱਲ 'ਚ ਕੋਈ ਸ਼ੱਕ ਨਹੀਂ ਕਿ ਕਈ ਇਮਾਨਦਾਰ ਇੰਪੋਲੇਅਰਜ ਨੇ ਆਪਣੇ ਮਾਈਗਰੈਂਟ ਵਰਕਰਾਂ ਨੂੰ ਦੇਸ਼ ਦੇ ਪੱਕੇ ਵਸਨੀਕ ਬਣਾਉਣ ਲਈ ਹੱਦੋਂ ਵੱਧ ਕੇ ਵੀ ਸਹਾਇਤਾ ਕੀਤੀ। ਪਰ ਕਈ ਬੇਈਮਾਨ ਸੁਭਾਅ ਅਤੇ ਪੈਸੇ ਪੁੱਤਾਂ ਇੰਪੋਏਅਰਜ ਨੇ ਆਪਣੀ ਮਨੁੱਖੀ ਸੁਭਾਅ ਵੀ ਦਾਅ 'ਤੇ ਲਾ ਦਿੱਤਾ। ਜਿੰਨੇ ਘੰਟਿਆਂ ਦਾ ਕੰਟਰੈਕਟ ਵਰਕਰਾਂ ਨੂੰ ਦਿੱਤਾ, ਉਸ ਤੋਂ ਦੁਗਣੇ ਘੰਟੇ ਕੰਮ ਕਰਵਾ ਕੇ ਸ਼ਰੇਆਮ ਕਿਰਤ ਦੀ ਲੁੱਟ ਕੀਤੀ।
ਅੱਜ ਵੀ ਕਈ ਤਰ੍ਹਾਂ ਦੇ ਕਿੱਸੇ ਸਾਹਮਣੇ ਆ ਰਹੇ ਹਨ ਕਿ ਅਜੇ ਵੀ ਵਰਕਰਾਂ ਨਾਲ 'ਕੰਮ ਪਿਆਰਾ,ਚੰਮ ਨਹੀਂ' ਵਾਲਾ ਰਵੱਈਆ ਧਾਰਨ ਕਰ ਰਹੇ ਹਨ। ਕਿਰਤ ਦੀ ਲੁੱਟ ਦੇ ਨਾਲ ਕਈ ਮਾਲਕ ਅਜਿਹੇ ਵੀ ਹਨ, ਜੋ ਆਪਣੇ ਅਧੀਨ ਟਰੇਨਿੰਗ ਲੈਣ ਵਾਲਿਆਂ ਨਾਲ ਵੀ ਵਧੀਆ ਵਿਵਹਾਰ ਨਹੀਂ ਕਰਦੇ। ਉਦਾਹਰਨ ਦੇ ਤੌਰ 'ਤੇ ਕਈ ਟਰੇਨੀ ਵਰਕਰਾਂ ਨੂੰ ਵੀ ਬਹੁਤ ਸ਼ੋਸ਼ਣ ਦਾ ਸ਼ਿਕਾਰ ਹੋਣਾ ਪੈਂਦਾ ਹੈ। ਜੇ ਕਿਸੇ ਅਪਰੈਂਟਸ਼ਿਪ ਪੂਰੀ ਕਰਨੀ ਹੋਵੇ ਤਾਂ ਉਸ ਤੋਂ ਵੱਧ ਘੰਟੇ ਕੰਮ ਕਰਵਾਇਆ ਜਾਂਦਾ ਹੈ ਅਤੇ ਉਲਟਾ ਅਹਿਸਾਨ ਵੀ ਜਤਾਇਆ ਜਾਂਦਾ ਹੈ ਕਿ ਉਸਨੇ ਵਰਕਰ ਦੇ ਲੋੜੀਂਦੇ ਪੇਪਰਾਂ 'ਤੇ ਦਸਤਖ਼ਤ ਕੀਤੇ ਹਨ। ਅਜਿਹਾ ਹੀ ਹਾਲ ਰਜਿਸਟਰੇਸ਼ਨ ਵਾਲੇ ਕਿੱਤਿਆਂ 'ਚ ਹਨ। ਸਿਖਾਂਦਰੂ ਵਰਕਰਾਂ ਨੂੰ ਪੜ੍ਹਾਈ ਦੌਰਾਨ ਆਪਣੇ ਫੀਲਡ 'ਚ ਆਪਣੇ ਕਿੱਤੇ ਦੇ ਮਾਹਰ ਮਾਲਕ ਨਾਲ ਕੰਮ ਕਰਨਾ ਪੈਂਦਾ ਹੈ ਕਿਉਂਕਿ ਕਾਨੂੰਨ ਅਨੁਸਾਰ ਅਜਿਹੀ ਪ੍ਰੈਕਟਿਸ ਕਿਸੇ ਮਾਹਰ ਦੇ ਥੱਲੇ ਕਰਨੀ ਪੈਂਦੀ ਹੈ। ਮਿਸਾਲ ਦੇ ਤੌਰ 'ਤੇ ਟਰੇਨੀ ਟੀਚਰਜ ਨੂੰ ਕਿਸੇ ਰਜਿਸਟਰਡ ਟੀਚਰ ਥੱਲੇ ਕੰਮ ਕਰਨਾ ਪੈਂਦਾ ਹੈ ਅਤੇ ਹਫ਼ਤੇ ਭਰ ਦੀ ਰਿਪੋਰਟ 'ਤੇ ਦਸਤਖ਼ਤ ਕਰਵਾਉਣੇ ਪੈਂਦੇ ਹਨ। ਅਜਿਹੇ ਦੌਰ 'ਚ ਬੇਈਮਾਨ ਮਾਲਕ ਟੀਚਰਜ ਆਪਣੇ ਨਿੱਜੀ ਹਿੱਤਾਂ ਲਈ ਆਪਣੇ ਥੱਲੇ ਕੰਮ ਕਰਨ ਵਾਲੇ ਟੀਚਰਜ ਨਾਲ ਬੁਰਾ ਵਿਹਾਰ ਕਰਨ ਤੋਂ ਵੀ ਨਹੀਂ ਝਿਜਕਦੇ। ਅਜਿਹੇ ਕਿੱਸੇ ਵੀ ਸੁਣਨ ਨੂੰ ਮਿਲਦੇ ਹਨ ਕਿ ਅਜਿਹੇ 'ਮਲਿਕ ਭਾਗੋ' ਜੂਨੀਅਰ ਟੀਚਰਜ ਦੀ ਰਜਿਸਟਰੇਸ਼ਨ 'ਚ ਅੜਿੱਕਾ ਪਾਉਣ ਜਾਂ ਕੈਂਸਲ ਕਰਵਾਉਣ ਤੱਕ ਦੀਆਂ ਧਮਕੀਆਂ ਦੇਣ ਤੋਂ ਵੀ ਗੁਰੇਜ਼ ਨਹੀਂ ਕਰਦੇ।
ਮਾਲਕਾਂ ਨੂੰ ਪਤਾ ਹੁੰਦਾ ਹੈ ਕਿ ਵੀਜ਼ਾ ਲੱਗਣ ਪਿੱਛੋਂ ਮਾਈਗਰੈਂਟ ਵਰਕਰ ਬਿਲਕੁਲ ਮਜਬੂਰ ਹੋ ਜਾਂਦਾ ਹੈ ਅਤੇ ਮਾਲਕ ਦੇ ਰਹਿਮੋ-ਕਰਮ 'ਤੇ ਜਿਉਂਦਾ ਹੈ। ਵਰਕਰ ਨੂੰ ਹਰ ਵੇਲੇ ਡਰ ਸਤਾਉਂਦਾ ਰਹਿੰਦਾ ਹੈ ਕਿ ਕਿਤੇ ਮਾਲਕ ਨਰਾਜ਼ ਨਾ ਹੋ ਜਾਵੇ। ਜੇ ਅਜਿਹਾ ਹੋ ਗਿਆ ਤਾਂ ਉਸਦਾ ਪਰਮਾਨੈਂਟ ਰੈਜੀਡੈਂਸੀ ਵਾਲਾ ਰਾਹ ਬੰਦ ਹੋ ਜਾਵੇਗਾ। ਇਸ ਡਰ ਦਾ ਮਾਲਕ ਰੱਜ ਕੇ ਨਜ਼ਾਇਜ਼ ਫਾਇਦਾ ਉਠਾਉਂਦੇ ਹਨ।
ਅਜਿਹੇ ਮਾਲਕ ਸਿਰਫ਼ ਭਾਰਤ ਜਾਂ ਪੰਜਾਬ ਨਾਲ ਹੀ ਸਬੰਧਤ ਨਹੀਂ ਸਗੋਂ ਚੀਨ,ਸਮੋਆ ਅਤੇ ਫਿਲੀਪੀਨਜ ਨਾਲ ਵੀ ਸਬੰਧਤ ਹਨ। ਅਜਿਹੇ ਹੀ ਸਮੋਆ ਮੂਲ ਦੇ ਇੱਕ ਕੰਟਰੈਕਟ ਨੂੰ ਇਸੇ ਸਾਲ 11 ਸਾਲ ਜੇਲ੍ਹ ਦੀ ਸਜ਼ਾ ਸੁਣਾਈ ਜਾ ਚੁੱਕੀ ਹੈ। ਇਕ ਕੇਸ ਦੀ ਸੁਣਵਾਈ ਦੌਰਾਨ ਅਦਾਲਤ 'ਚ ਜੱਜ ਨੇ ਇੱਥੋਂ ਤੱਕ ਕਹਿ ਦਿੱਤਾ ਕਿ ਵਰਕਰ 'ਜੇਲ੍ਹ' ਵਰਗੀ ਜ਼ਿੰਦਗੀ ਕੱਟਣ ਲਈ ਮਜ਼ਬੂਰ ਸਨ। ਰੈਸਟੋਰੈਂਟ ਚਲਾਉਣ ਵਾਲਾ ਇੱਕ ਪੰਜਾਬੀ ਮਾਲਕ ਵੀ ਇਨੀਂ ਦਿਨੀਂ ਸਲਾਖਾਂ ਪਿੱਛੇ ਬੰਦ ਹੈ। ਜਦੋਂ ਕਿ ਬਹੁਤ ਸਾਰੇ ਚਿੱਟ ਕੱਪੜੀਏ ਅਜੇ ਵੀ ਕਿਸੇ ਨਾ ਕਿਸੇ ਤਰ੍ਹਾਂ ਕਾਨੂੰਨੀ ਸਿਕੰਜੇ ਤੋਂਂ ਬਚੇ ਹੋਏ ਹਨ। ਜਿਨ੍ਹਾਂ ਨੇ ਪੰਜਾਬ ਛੱਡਣ ਤੋਂ ਬਾਅਦ ਹਰ ਜਾਇਜ਼-ਨਜਾਇਜ਼ ਢੰਗ ਤਰੀਕਿਆਂ ਨਾਲ ਧਨ ਇਕੱਠਾ ਕਰਕੇ ਆਪਣਾ ਬਾਹਰੀ ਦਿਖ ਤਾਂ ਸੱਪ ਦੇ ਕੁੰਜ ਬਦਲਣ ਵਾਂਗੂ ਬਦਲ ਲਈ ਹੈ ਪਰ ਵਰਕਰਾਂ ਨੂੰ ਡੰਗਣ ਵਾਲੀ ਆਪਣੀ ਜ਼ਹਿਰ ਨਹੀਂ ਛੱਡੀ।
ਸਾਪੁ ਕੁੰਚ ਛੋਡੈ ਬਿਖੁ ਨਹੀ ਛਾਡੈ ।।
ਉਦਕ ਮਾਹਿ ਜੈਸੇ ਬਗੁ ਧਿਆਨੁ ਮਾਡੈ ।।
+64210553075