ਆਕਲੈਂਡ (ਅਵਤਾਰ ਸਿੰਘ ਟਹਿਣਾ) ਭਾਰਤ ਦੇ ਤਿੰਨ ਖੇਤੀ ਕਾਨੂੰਨਾਂ ਨੂੰ ਲੈ ਕੇ ਦੁਨੀਆ ਭਰ 'ਚ ਚੱਲ ਰਹੇ ਰੋਸ ਪ੍ਰਦਰਸ਼ਨਾਂ ਦੀ ਲੜੀ 'ਚ ਅੱਜ ਨਿਊਜ਼ੀਲੈਂਡ ਦੇ ਛੋਟੇ ਜਿਹੇ ਸ਼ਹਿਰ ਇਨਵਰਕਾਰਗਿਲ ਨਾਲ ਜੁੜੇ ਪੰਜਾਬੀਆਂ ਨੇ ਵੀ ਵੱਡਾ ਉਪਰਾਲਾ ਕਰਕੇ ਅੱਜ ਰੋਸ ਪ੍ਰਗਟਾਵਾ ਕੀਤਾ। ਜਿਸ ਦੌਰਾਨ ਬੁਲਾਰਿਆਂ ਨੇ ਦੇਸ਼ ਦੇ ਹਾਲਾਤ ਬਦਤਰ ਹੋਣ ਤੋਂ ਪਹਿਲਾਂ-ਪਹਿਲਾਂ ਕਾਨੂੰਨਾਂ ਨੂੰ ਵਾਪਸ ਲਏ ਜਾਣ 'ਤੇ ਜ਼ੋਰ ਦਿੱਤਾ।
ਇਨਵਰਕਾਰਗਿਲ ਸਿਟੀ ਤੋਂ ਐਨਜ਼ੈੱਡ ਪੰਜਾਬੀ ਨਿਊਜ਼ ਨਾਲ ਫ਼ੋਨ 'ਤੇ ਜਾਣਕਾਰੀ ਸਾਂਝੀ ਕਰਦਿਆਂ ਪੰਜਾਬੀ ਨੌਜਵਾਨ ਅਤਿੰਦਰਜੋਤ ਸਿੰਘ ਨੇ ਦੱਸਿਆ ਕਿ ਸਿੱਖ ਸੰਗਤ ਵੱਲੋਂ ਅੱਜ ਵਿਚਾਰ ਬਣਾਇਆ ਗਿਆ ਸੀ ਕਿ ਦਿੱਲੀ 'ਚ ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਹੱਲਾਸ਼ੇਰੀ ਦੇਣ ਲਈ ਪ੍ਰਦਰਸ਼ਨ ਕੀਤਾ ਜਾਣਾ ਜ਼ਰੂਰੀ ਹੈ। ਜਿਸ ਦੇ ਤਹਿਤ ਇਲਾਕੇ ਦੇ ਕਿਸਾਨ ਹਿਤੈਸ਼ੀ ਪੰਜਾਬੀਆਂ ਨੇ ਹੱਥਾਂ 'ਚ ਪੋਸਟਰ ਲੈ ਕੇ ਆਪਣੇ ਦਿਲ ਦੀ ਭੜਾਸ ਕੱਢੀ ਅਤੇ ਕਿਸਾਨਾਂ ਦਾ ਜ਼ੋਰਦਾਰ ਸਮਰਥਨ ਕੀਤਾ। ਨੌਜਵਾਨਾਂ ਨੇ ਫ਼ਸਲਾਂ ਦੇ ਘੱਟੋ-ਘੱਟ ਸਮਰਥਨ ਮੁੱਲ 'ਤੇ ਵੀ ਚਿੰਤਾ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਇੱਕ ਪਾਸੇ ਲੱਖਾਂ ਕਿਸਾਨ ਦਿੱਲੀ 'ਚ ਕਾਨੂੰਨ ਰੱਦ ਕਰਵਾਉਣ ਲਈ ਸੰਘਰਸ਼ ਕਰ ਰਹੇ ਹਨ, ਦੂਜੇ ਪਾਸੇ ਸਰਕਾਰ ਕਾਨੂੰਨਾਂ ਦੇ ਫਾਇਦੇ ਗਿਣਾਉਣ 'ਚ ਲੱਗੀ ਹੋਈ ਹੈ। ਬੁਲਾਰਿਆਂ ਨੇ ਮੰਗ ਕੀਤੀ ਕਿ ਸਰਕਾਰ ਦਾ ਅਜਿਹਾ ਰਵੱਈਆ ਬਗਾਵਤ ਵਾਲੇ ਹਾਲਾਤ ਪੈਦਾ ਕਰ ਸਕਦਾ ਹੈ। ਜਿਸ ਕਰਕੇ ਸਰਕਾਰ ਨੂੰ ਇਸ ਪਾਸੇ ਛੇਤੀ ਤੋਂ ਛੇਤੀ ਧਿਆਨ ਦੇਣਾ ਚਾਹੀਦਾ ਹੈ ਅਤੇ ਕਾਨੂੰਨ ਵਾਪਸ ਲੈ ਲਏ ਜਾਣੇ ਚਾਹੀਦੇ ਹਨ।
ਦੱਸਣਯੋਗ ਹੈ ਕਿ ਨਿਊਜ਼ੀਲੈਂਡ 'ਚ ਪਿਛਲੇ ਕਈ ਦਿਨਾਂ ਤੋਂ ਕਿਸਾਨਾਂ ਦੇ ਹੱਕ 'ਚ ਲਹਿਰ ਬਣਨੀ ਸ਼ੁਰੂ ਹੋ ਗਈ ਹੈ। ਲੋਕ ਆਪ-ਮੁਹਾਰੇ ਹੀ ਕਿਸਾਨਾਂ ਦੇ ਹੱਕ 'ਚ ਖੜ੍ਹੇ ਹੋ ਗਏ ਹਨ। ਪਿਛਲੇ ਦਿਨੀਂ ਕੁੱਝ ਨੌਜਵਾਨਾਂ ਨੇ ਟੌਰੰਗਾ ਦੇ ਕ੍ਰਿਕਟ ਸਟੇਡੀਅਮ 'ਚ ਪੋਸਟਰਾਂ ਦਾ ਵਿਖਾਵਾ ਕਰਕੇ ਵਿਰੋਧ ਕੀਤਾ ਸੀ। ਜਿਸ ਪਿੱਛੋਂ ਟੌਰੰਗਾ ਅਤੇ ਡੁਨੇਡਿਨ 'ਚ ਵੀ ਪ੍ਰਦਰਸ਼ਨ ਹੋ ਚੁੱਕੇ ਹਨ। ਭਲਕੇ ਆਕਲੈਂਡ, ਹੈਮਿਲਟਨ ਅਤੇ ਟੀਪੁੱਕੀ 'ਚ ਵੀ ਪ੍ਰਦਰਸ਼ਨ ਹੋ ਰਹੇ ਹਨ। ਜਿਸ ਨਾਲ ਨਿਊਜ਼ੀਲੈਂਡ 'ਚ ਕਿਸਾਨਾਂ ਦੇ ਹੱਕ 'ਚ ਖੜ੍ਹਨ ਵਾਲਿਆਂ ਦੀ ਗਿਣਤੀ ਹੋਰ ਵੀ ਵਧਣ ਦੇ ਅਸਾਰ ਹਨ।