ਨਵੀਂ ਦਿੱਲੀ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) - ਸਰਕਾਰ ਦੇ ਕਹਿਣ ’ਤੇ ਟਵਿੱਟਰ ਨੇ 250 ਖਾਤੇ ਬੰਦ ਕਰ ਦਿੱਤੇ ਹਨ। ਸਰਕਾਰ ਨੇ ਟਵਿੱਟਰ ਨੂੰ ਇਸ ਵੇਲੇ ਚੱਲ ਰਹੇ ਕਿਸਾਨ ਅੰਦੋਲਨ ਦੇ ਸਬੰਧ ਵਿੱਚ ‘ਗਲਤ ਤੇ ਭੜਕਾਊ’ ਸਮੱਗਰੀ ਵਾਲੀਆਂ ਪੋਸਟਾਂ ਪਾਉਣ ਵਾਲੇ ਇਨ੍ਹਾਂ ਖਾਤਾਧਾਰਕਾਂ ਖ਼ਿਲਾਫ਼ ਕਾਰਵਾਈ ਕਰਨ ਲਈ ਕਿਹਾ ਸੀ। ਸੂਤਰਾਂ ਅਨੁਸਾਰ ਇਨ੍ਹਾਂ ਬੰਦ ਕੀਤੇ ਗਏ ਖਾਤਿਆਂ ਵਿੱਚ ਕਿਸਾਨ ਏਕਤਾ ਮੋਰਚਾ ਅਤੇ ਬੀਕੇਯੂ ਏਕਤਾ (ਉਗਰਾਹਾਂ) ਦੇ ਟਵਿੱਟਰ ਖਾਤੇ ਵੀ ਸ਼ਾਮਲ ਹਨ ਜਿਨ੍ਹਾਂ ਦੇ ਹਜ਼ਾਰਾਂ ਚਾਹੁਣ ਵਾਲੇ ਹਨ। ਇਹ ਦੋਵੇਂ ਜਥੇਬੰਦੀਆਂ ਇਸ ਵੇਲੇ ਚੱਲ ਰਹੇ ਕਿਸਾਨ ਅੰਦੋਲਨ ਵਿੱਚ ਪੂਰੀ ਤਰ੍ਹਾਂ ਸਰਗਰਮ ਹਨ। ਉੱਧਰ, ਇਸ ਸਬੰਧੀ ਇਕ ਟਵਿੱਟਰ ਦੇ ਬੁਲਾਰੇ ਨੇ ਕਿਹਾ ਕਿ ਜੇਕਰ ਅਧਿਕਾਰਤ ਸ਼ਖ਼ਸੀਅਤ ਤੋਂ ਸਹੀ ਤਰੀਕੇ ਨਾਲ ਦਰਖ਼ਾਸਤ ਆਉਂਦੀ ਹੈ ਤਾਂ ਇਕ ਵਿਸ਼ੇਸ਼ ਦੇਸ਼ ਵਿੱਚ ਸਮੇਂ-ਸਮੇਂ ’ਤੇ ਕੁਝ ਸਮੱਗਰੀ ਨੂੰ ਰੋਕਣਾ ਜ਼ਰੂਰੀ ਹੋ ਸਕਦਾ ਹੈ। ਹਾਲਾਂਕਿ , ਟਵਿੱਟਰ ਨੇ ਬੰਦ ਕੀਤੇ ਗਏ ਖਾਤਿਆਂ ਬਾਰੇ ਜਾਣਕਾਰੀ ਨਹੀਂ ਦਿੱਤੀ।
ਖ਼ਬਰ ਪ੍ਰਕਾਸ਼ਿਤ ਹੋਣ ਤੱਕ 1 ਦਰਜਨ ਦੇ ਕਰੀਬ ਖਾਤਿਆਂ ਨੂੰ ਕਿਸਾਨ ਪੱਖੀ ਕੌਮਾਂਤਰੀ ਦਬਾਓ ਤੋਂ ਬਾਅਦ ਮੁੜ ਚਾਲੂ ਕਰ ਦਿੱਤਾ ਗਿਆ ਹੈ | ਜਿਹਨਾਂ ਵਿਚ ਟਰੈਕਟਰ ਟੂ ਟਵਿਟਰ ,ਸਿੱਖ ਸਿਆਸਤ ,ਕਿਸਾਨ ਏਕਤਾ ਮੋਰਚਾ ਅਹਿਮ ਹਨ | ਇਥੇ ਇਹ ਵੀ ਜਿਕਰਯੋਗ ਹੈ ਕਿ ਕਈ ਟਵਿੱਟਰ ਖਾਤੇ ਵਿਦੇਸ਼ਾਂ ਵਿਚ ਚੱਲ ਰਹੇ ਹਨ ,ਪਰੰਤੂ ਭਾਰਤ ਵਿਚ ਉਹਨਾਂ ਦੀਆਂ ਪੋਸਟਾਂ ਦਿੱਖ ਨਹੀਂ ਰਹੀਆਂ |