ਲੰਡਨ, (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) - ਚਾਰ ਸਾਲ ਦੀ ਦਯਾਲ ਕੌਰ ਬਰਤਾਨੀਆ ’ਚ ਸਭ ਤੋਂ ਛੋਟੀ ਉਮਰ ਦੀ ਬੱਚੀ ਬਣ ਗਈ ਹੈ ਜੋ ਆਪਣੀ ਬੁੱਧੀਮਾਨੀ ਕਾਰਨ ਵੱਕਾਰੀ ਮੇਨਸਾ ਕਲੱਬ ’ਚ ਸ਼ਾਮਲ ਹੋ ਗਈ ਹੈ। ਬਰਮਿੰਘਮ ’ਚ ਪਰਿਵਾਰ ਨਾਲ ਰਹਿੰਦੀ ਦਯਾਲ ਕੌਰ ’ਚ ਛੋਟੇ ਹੁੰਦਿਆਂ ਤੋਂ ਹੀ ਸਿੱਖਣ ਦੀ ਯੋਗਤਾ ਸੀ ਅਤੇ ਉਹ ਜਦੋਂ 14 ਮਹੀਨਿਆਂ ਦੀ ਸੀ ਤਾਂ ਉਸ ਨੇ ਪੂਰੀ ਏਬੀਸੀ ਸਿੱਖ ਲਈ ਸੀ। ਤਾਲਾਬੰਦੀ ਕਾਰਨ ਉਸ ਨੇ ਆਨਲਾਈਨ ਹੀ ਮੇਨਸਾ ਟੈਸਟ ਦਿੱਤਾ ਅਤੇ 145 ਆਈ.ਕਿਊ. ਅੰਕ ਹਾਸਲ ਕਰਕੇ ਉਹ ਬਰਤਾਨੀਆ ਦੀ ਆਬਾਦੀ ਦੇ ਮੂਹਰਲੇ ਇਕ ਫ਼ੀਸਦੀ ’ਚ ਸ਼ੁਮਾਰ ਹੋ ਗਈ ਜਿਨ੍ਹਾਂ ਦੀ ਯਾਦ ਸ਼ਕਤੀ ਅਨੋਖੀ ਹੈ। ਬ੍ਰਿਟਿਸ਼ ਮੇਨਸਾ ਦੇ ਮੁੱਖ ਕਾਰਜਕਾਰੀ ਜੌਹਨ ਸਟੀਵਨੇਜ ਨੇ ਦਯਾਲ ਦਾ ਕਲੱਬ ’ਚ ਸਵਾਗਤ ਕਰਦਿਆਂ ਕਿਹਾ ਕਿ ਉਹ ਕਰੀਬ 2 ਹਜ਼ਾਰ ਜੂਨੀਅਰ ਅਤੇ ਕਿਸ਼ੋਰ ਮੈਂਬਰਾਂ ’ਚ ਸ਼ਾਮਲ ਹੋ ਗਈ ਹੈ। ਦਯਾਲ ਦੇ ਪਿਤਾ ਸਰਬਜੀਤ ਸਿੰਘ ਨੂੰ ਆਪਣੀ ਧੀ ਦੀ ਇਸ ਕਮਾਲ ਦੀ ਯਾਦ ਸ਼ਕਤੀ ਨੂੰ ਸਾਬਿਤ ਕਰਨ ਲਈ ਕਈ ਪਾਪੜ ਵੇਲਣੇ ਪਏ।