ਆਕਲੈਂਡ (ਹਰਪ੍ਰੀਤ ਸਿੰਘ) - ਅਮਰੀਕਾ ਦੇ ਵਾਸ਼ਿੰਗਟਨ ਡੀ ਸੀ ਦੇ ਅੰਤਰ-ਰਾਸ਼ਟਰੀ ਏਅਰਪੋਰਟ 'ਤੇ ਇੱਕ ਭਾਰਤੀ ਨਾਗਰਿਕ ਦੇ ਬੈਗ ਵਿੱਚੋਂ ਗਾਂ ਦੇ ਗੋਹੇ ਦੀਆਂ ਪਾਥੀਆਂ ਮਿਲਣ ਦੀ ਖਬਰ ਸਾਹਮਣੇ ਆਈ ਹੈ, ਇਸ ਖਬਰ ਦੀ ਪੁਸ਼ਟੀ ਏਅਰਪੋਰਟ ਅਧਿਕਾਰੀਆਂ ਵਲੋਂ ਕੀਤੀ ਗਈ ਹੈ।
ਦੱਸਦੀਏ ਕਿ ਬਾਇਓਸਕਿਓਰਟੀ ਦੇ ਚਲਦਿਆਂ ਗਾਂ ਦੇ ਗੋਹੇ ਦੀਆਂ ਪਾਥੀਆਂ ਅਮਰੀਕਾ ਵਿੱਚ ਲੈ ਜਾਣ ਤੋਂ ਬੈਨ ਹਨ, ਕਿਉਂਕਿ ਇਸ ਨਾਲ ਮੂੰਹ-ਖੁਰ (ਫੁੱਟ ਐਂਡ ਮਾਊਥ ਡੀਜ਼ੀਜ) ਦੀ ਬਿਮਾਰੀ ਫੈਲਣ ਦਾ ਖਤਰਾ ਹੁੰਦਾ ਹੈ।
ਯੂ ਐਸ ਬਾਰਡਰ ਐਂਡ ਕਸਟਮ ਵਿਭਾਗ ਵਲੋਂ ਇਨ੍ਹਾਂ ਪਾਥੀਆਂ ਨੂੰ ਖਤਮ ਕਰ ਦਿੱਤਾ ਗਿਆ ਹੈ। ਇਹ ਘਟਨਾ 4 ਅਪ੍ਰੈਲ ਦੀ ਹੈ, ਜਦੋਂ ਏਅਰ ਇੰਡੀਆ ਦੇ ਜਹਾਜ ਰਾਂਹੀ ਉਕਤ ਯਾਤਰੀ ਅਮਰੀਕਾ ਪੁੱਜਿਆ ਸੀ।
ਮੂੰਹ-ਖੁਰ ਦੀ ਬਿਮਾਰੀ ਡੇਅਰੀ ਇੰਡਸਟਰੀ ਲਈ ਵੱਡਾ ਖਤਰਾ ਸਾਬਿਤ ਹੋ ਸਕਦੀ ਹੈ ਤੇ ਇਸੇ ਲਈ ਅਮਰੀਕਾ ਵਿੱਚ ਅਜਿਹੀਆਂ ਚੀਜਾਂ ਲੈ ਜਾਣ 'ਤੇ ਬੈਨ ਹੈ। ਅਮਰੀਕਾ ਵਿੱਚ ਇਸ ਬਿਮਾਰੀ ਦੀ ਰੋਕਥਾਮ ਲਈ ਸਖਤ ਨਿਯਮ ਹਨ ਤੇ ਇਹੀ ਕਾਰਨ ਹੈ ਕਿ 1929 ਤੋਂ ਬਾਅਦ ਇਹ ਬਿਮਾਰੀ ਅਮਰੀਕਾ ਵਿੱਚ ਨਹੀਂ ਮਿਲੀ ਹੈ।