ਆਕਲੈਂਡ - ਸ਼੍ਰੋਮਣੀ ਅਕਾਲੀ ਦਲ ਬਾਦਲ ਅਤੇ ਬਹੁਜਨ ਸਮਾਜ ਪਾਰਟੀ (ਬਸਪਾ) ਪੰਜਾਬ ਦੀਆਂ ਆਗਾਮੀ ਵਿਧਾਨ ਸਭਾ ਚੋਣਾਂ ਮਿਲ ਕੇ ਲੜਨਗੇ। ਦੋਵਾਂ ਧਿਰਾਂ ਵਿਚਾਲੇ ਸਹਿਮਤੀ ਪਹਿਲਾਂ ਹੀ ਬਣ ਗਈ ਸੀ ਪਰ ਗਠਜੋੜ ਦਾ ਰਸਮੀ ਐਲਾਨ ਅੱਜ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਬਸਪਾ ਦੇ ਸੀਨੀਅਰ ਆਗੂ ਸਤੀਸ਼ ਮਿਸ਼ਰਾ ਵਲੋਂ ਵਲੋਂ ਚੰਡੀਗੜ੍ਹ ਸਥਿਤ ਅਕਾਲੀ ਦਲ ਦੇ ਦਫ਼ਤਰ ’ਚ ਕਰ ਦਿੱਤਾ ਗਿਆ ਹੈ। ਇਸ ਮੌਕੇ ਅਕਾਲੀ ਦਲ ਵਲੋਂ ‘ਬਹੁਜਨ ਅਤੇ ਅਕਾਲੀ ਜੋੜ, ਅੱਜ ਪੰਜਾਬ ਦੀ ਇਹੀ ਲੋੜ’, ‘ਸਿਰਫ ਪੰਜਾਬ ’ਚ ਤਿੰਨ ਹੀ ਨਾਮ ਬਾਦਲ, ਮਾਇਆਵਤੀ ਤੇ ਕਾਂਸ਼ੀਰਾਮ’ ਦਾ ਨਵਾਂ ਨਾਅਰਾ ਵੀ ਦਿੱਤਾ ਗਿਆ ਹੈ।
ਹੁਣ ਜਦੋਂ ਸੂਬੇ ਦੀਆਂ ਵਿਧਾਨ ਸਭਾ ਚੋਣਾਂ ਵਿਚ 7-8 ਕੁ ਮਹੀਨੇ ਦਾ ਸਮਾਂ ਹੀ ਬਾਕੀ ਰਹਿ ਗਿਆ ਹੈ ਤਾਂ ਅਜਿਹੇ ਵਿਚ ਅਕਾਲੀ ਦਲ ਅਤੇ ਬਸਪਾ ਦੇ ਗੱਠਜੋੜ ਨੂੰ ਵੱਡੀ ਰਾਜਸੀ ਘਟਨਾ ਮੰਨਿਆ ਜਾ ਰਿਹਾ ਹੈ। ਅਕਾਲੀ ਦਲ ਅਤੇ ਬਸਪਾ ਤਕਰੀਬਨ 25 ਸਾਲਾਂ ਬਾਅਦ ਇਕ-ਦੂਜੇ ਦੇ ਨਜ਼ਦੀਕ ਆ ਰਹੇ ਹਨ। ਇਸ ਤੋਂ ਪਹਿਲਾਂ ਸਾਲ 1996 ਵਿਚ ਦੋਹਾਂ ਪਾਰਟੀਆਂ ਨੇ ਸੰਸਦੀ ਚੋਣਾਂ ਇਕੱਠਿਆਂ ਲੜੀਆਂ ਸਨ ਅਤੇ ਇਸ ਵਿਚ 13 ਵਿਚੋਂ 12 ਸੀਟਾਂ ’ਤੇ ਜਿੱਤ ਹਾਸਲ ਕੀਤੀ ਸੀ।