Thursday, 16 September 2021
20 June 2021 World

ਸ਼ਰੀਰਕ ਛੇੜਛਾੜ ਦਾ ਦੋਸ਼ੀ ਐਬਟਸਫੋਰਡ ਹਿੰਦੂ ਮੰਦਰ ਪ੍ਰਧਾਨ ਦੀਪਕ ਸ਼ਰਮਾ ਹਟਾਇਆ ਗਿਆ ਅਹੁਦੇ ਤੋਂ

ਕਈ ਭਾਰਤੀ ਮੰਤਰੀਆਂ ਅਤੇ ਦਿੱਲੀ ਸਥਿਤ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਨੇੜਲੇ ਸਬੰਧ
ਸ਼ਰੀਰਕ ਛੇੜਛਾੜ ਦਾ ਦੋਸ਼ੀ ਐਬਟਸਫੋਰਡ ਹਿੰਦੂ ਮੰਦਰ ਪ੍ਰਧਾਨ ਦੀਪਕ ਸ਼ਰਮਾ ਹਟਾਇਆ ਗਿਆ ਅਹੁਦੇ ਤੋਂ - NZ Punjabi News

ਆਕਲੈਂਡ - ਇੰਡੀਆ-ਕੈਨੇਡਾ ਐਸੋਸੀਏਸ਼ਨ ਦੇ ਆਪੂੰ ਬਣਿਆ ਪ੍ਰਧਾਨ ਅਤੇ ਐਬਟਸਫੋਰਡ ਹਿੰਦੂ ਮੰਦਰ ਦੀ ਪ੍ਰਧਾਨਗੀ ਦੇ ਅਹੁਦੇ ਤੋਂ ਹਟਾਇਆ ਗਿਆ ਦੀਪਕ ਸ਼ਰਮਾ, ਜਿਸ ਉੱਤੇ ਇੱਕ ਟੈਕਸੀ ਵਿੱਚ ਆਪਣੀ ਸਵਾਰੀ ਔਰਤ ਨਾਲ ਛੇੜਖਾਨੀ ਕਰਨ ਸਬੰਧੀ ਨਾਰਥ ਵੈਨਕੂਵਰ ਪ੍ਰੋਵਿੰਸ਼ਲ ਕੋਰਟ ਵਿੱਚ ਮੁਕੱਦਮਾ ਚੱਲ ਰਿਹਾ ਸੀ, ਨੂੰ ਅਦਾਲਤ ਨੇ ਇਸ ਮਾਮਲੇ 'ਚ ਦੋਸ਼ੀ ਕਰਾਰ ਦਿੱਤਾ ਹੈ। ਸ਼ਰਮਾ ਵਲੋਂ ਇਹ ਘਿਨਾਉਣੀ ਕਰਤੂਤ ਮੂਲ ਨਿਵਾਸੀਆਂ ਦੇ ਪਿੰਡ ਸਕੌਮਿਸ਼ ਨੇਸ਼ਨ ਲੈਂਡ 'ਤੇ 2 ਜਨਵਰੀ 2019 ਨੂੰ ਕੀਤੀ ਗਈ ਸੀ, ਜੋ ਨਾਰਥ ਵੈਨਕੂਵਰ ਨਜ਼ਦੀਕ ਮੌਜੂਦ ਹੈ।

ਟੈਕਸੀ 'ਚ ਲੱਗੇ ਕੈਮਰਿਆਂ ਨੂੰ ਢਕਣ ਦੀ ਕੋਸ਼ਿਸ਼ ਦੇ ਬਾਵਜੂਦ ਇਹ ਜ਼ਬਰਦਸਤੀ ਕੈਮਰਿਆਂ 'ਚ ਕੈਦ ਹੋ ਗਈ ਸੀ। ਜੱਜ ਨੇ ਆਪਣੇ ਫੈਸਲੇ 'ਚ ਸਾਫ ਲਿਖਿਆ ਕਿ ਉਸਨੂੰ ਸ਼ਰਮਾ ਵਲੋਂ ਦਿੱਤੀਆਂ ਗਈਆਂ ਸਫਾਈਆਂ ਵਿਸ਼ਵਾਸ ਕਰਨ ਵਾਲੀਆਂ ਨਹੀਂ ਲੱਗੀਆਂ ਜਦਕਿ ਪੀੜਤਾ ਅਤੇ ਗਵਾਹਾਂ ਦੀ ਗੱਲ 'ਚ ਦਮ ਹੈ।

ਪੰਜਾਬ ਦੇ ਲੁਧਿਆਣਾ ਜ਼ਿਲ੍ਹੇ 'ਚ ਪੈਂਦੇ ਦੋਰਾਹਾ ਸ਼ਹਿਰ ਨਾਲ ਸਬੰਧਤ ਦੀਪਕ ਸ਼ਰਮਾ ਉੱਪਰ ਛੇੜ-ਛਾੜ ਦੇ ਦੋਸ਼ ਲੱਗਣ ਮਗਰੋਂ ਫਰੇਜ਼ਰ ਵੈਲੀ ਹਿੰਦੂ ਕਲਚਰਲ ਸੁਸਾਇਟੀ ਵੱਲੋਂ ਕੀਤੀ ਗਈ ਹੰਗਾਮੀ ਮੀਟਿੰਗ ਵਿੱਚ, ਦੀਪਕ ਸ਼ਰਮਾ ਨੂੰ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫਾ ਦੇਣ ਮਗਰੋਂ ਲਾਂਭੇ ਕਰ ਦਿੱਤਾ ਗਿਆ ਸੀ। ਇਸ ਦੌਰਾਨ ਸ਼ਰਮਾ ਦਾ ਵੈਸਟ ਵੈਨਕੂਵਰ 'ਚ ਟੈਕਸੀ ਪਰਮਿਟ ਵੀ, ਜਿਸਮਾਨੀ ਛੇੜਛਾੜ ਦੇ ਚਾਰਜ ਲੱਗਣ ਮਗਰੋਂ ਵਾਪਸ ਲੈ ਲਿਆ ਗਿਆ ਹੈ।

ਜ਼ਿਕਰਯੋਗ ਗੱਲ ਇਹ ਹੈ ਕਿ ਭਾਰਤੀ ਕੌਂਸਲਖਾਨੇ ਦੇ ਅਧਿਕਾਰੀਆਂ ਦੇ ਨਜ਼ਦੀਕੀ ਰਹੇ ਦੀਪਕ ਸ਼ਰਮਾ ਖਿਲਾਫ ਛੇੜ-ਛਾੜ ਦੀ ਹਰਕਤ ਦੀ ਸ਼ਿਕਾਇਤ 2 ਜਨਵਰੀ 2019 ਨੂੰ ਦਰਜ ਕਰਵਾਈ ਗਈ ਅਤੇ ਉਸ ਨੂੰ 17 ਜਨਵਰੀ ਨੂੰ ਗ੍ਰਿਫਤਾਰ ਕਰਕੇ ਪੁਲਿਸ ਵੱਲੋਂ ਚਾਰਜ ਕੀਤਾ ਗਿਆ, ਪ੍ਰੰਤੂ ਉਸ ਨੇ 10 ਫਰਵਰੀ ਨੂੰ ਆਪਣੀ ਸੰਸਥਾ ਇੰਡੀਆ- ਕੈਨੇਡਾ ਐਸੋਸੀਏਸ਼ਨ ਵੱਲੋਂ ਲੈਂਗਲੀ ਬੈਂਕੁਟ ਹਾਲ 'ਚ ਭਾਰਤ ਦਾ ਗਣਤੰਤਰਤਾ ਦਿਵਸ ਪ੍ਰੋਗਰਾਮ ਕੀਤਾ, ਜਿਸ ਵਿੱਚ ਵੈਨਕੂਵਰ ਸਥਿਤ ਭਾਰਤੀ ਸਫਾਰਤਖਾਨੇ ਤੋਂ ਕੌਂਸਲ ਜਨਰਲ ਐਬਸਫੋਰਡ ਦੇ ਵਿਧਾਇਕ, ਮੇਅਰ, ਪੁਲਿਸ ਮੁਖੀ ਅਤੇ ਹੋਰ ਅਹਿਮ ਵਿਅਕਤੀ ਉਸ ਦੇ ਸੱਦੇ 'ਤੇ ਜਸ਼ਨਾਂ ਵਿੱਚ ਸ਼ਾਮਲ ਹੋਏ ਸਨ। ਇੱਕ ਔਰਤ ਨਾਲ ਜਿਸਮਾਨੀ ਛੇੜ-ਛਾੜ ਦੇ ਦੋਸ਼ਾਂ ਅਧੀਨ ਗ੍ਰਿਫ਼ਤਾਰ ਕੀਤੇ ਗਏ ਵਿਅਕਤੀ ਨਾਲ, ਚਾਰਜ ਲੱਗਣ ਤੋਂ ਮਗਰੋਂ ਵੀ ਇਨ੍ਹਾਂ ਨੇਤਾਵਾਂ ਦੀਆਂ ਤਸਵੀਰਾਂ ਸਾਹਮਣੇ ਆਉਣੀਆਂ, ਤਿੱਖੇ ਵਿਵਾਦਾਂ ਦੇ ਘੇਰੇ ਵਿੱਚ ਰਹੀਆਂ ਸਨ।

ਦੀਪਕ ਸ਼ਰਮਾ ਦੇ ਕਈ ਭਾਰਤੀ ਮੰਤਰੀਆਂ ਅਤੇ ਦਿੱਲੀ ਸਥਿਤ ਵਿਦੇਸ਼ ਮੰਤਰਾਲੇ ਦੇ ਅਧਿਕਾਰੀਆਂ ਨਾਲ ਨੇੜਲੇ ਸਬੰਧ ਦੱਸੇ ਜਾਂਦੇ ਹਨ, ਜਿਸ ਕਾਰਨ ਉਸ 'ਤੇ ਭਾਜਪਾ ਅਤੇ ਆਰ. ਐੱਸ. ਐੱਸ. ਖਿਲਾਫ ਬੋਲਣ ਵਾਲੇ ਕੈਨੇਡਾ ਰਹਿੰਦੇ ਵਿਅਕਤੀਆਂ ਦੇ ਵੀਜ਼ੇ ਰੁਕਵਾਉਣ ਦੇ ਦੋਸ਼ ਵੀ ਲਗਦੇ ਰਹੇ ਹਨ।

ADVERTISEMENT
NZ Punjabi News Matrimonials