Thursday, 16 September 2021
23 July 2021 World

ਕਿਸਾਨ ਸੰਘਰਸ਼ ਵਿਚ ਸਰਕਾਰ ਬਰਾਬਰ ਸੰਸਦ ਦਾ ਇਜਲਾਸ ਤੋਰਨ ਨਾਲ ਇੱਕ ਵਾਰ ਫੇਰ ਕਿਸਾਨਾਂ ਦੀ ਕੌਮਾਂਤਰੀ ਪੱਧਰ ਤੇ ਚਰਚਾ |

ਕਿਸਾਨ ਸੰਘਰਸ਼ ਵਿਚ ਸਰਕਾਰ ਬਰਾਬਰ ਸੰਸਦ ਦਾ ਇਜਲਾਸ ਤੋਰਨ ਨਾਲ ਇੱਕ ਵਾਰ ਫੇਰ ਕਿਸਾਨਾਂ ਦੀ ਕੌਮਾਂਤਰੀ ਪੱਧਰ ਤੇ ਚਰਚਾ | - NZ Punjabi News

ਨਵੀਂ ਦਿੱਲੀ, 23 ਜੁਲਾਈ (ਐਨ ਜ਼ੈੱਡ ਪੰਜਾਬੀ ਨਿਊਜ਼ ਸਰਵਿਸ ) ਕਿਸਾਨਾਂ ਨੇ ਬੀਤੇ ਦਿਨ ਜੰਤਰ-ਮੰਤਰ ’ਤੇ ਕਿਸਾਨ ਸੰਸਦ ਦਾ ਪ੍ਰਬੰਧ ਕਰਕੇ ਕੇਂਦਰੀ ਹਕੂਮਤ ਨੂੰ ਸੁਨੇਹਾ ਦਿੱਤਾ ਹੈ ਕਿ ਉਹ ਕਾਲੇ ਖੇਤੀ ਕਾਨੂੰਨ ਰੱਦ ਕਰਵਾਏ ਬਿਨਾਂ ਦਿੱਲੀ ਦੇ ਬਾਰਡਰਾਂ ਤੋਂ ਆਪਣਾ ਅੰਦੋਲਨ ਖ਼ਤਮ ਨਹੀਂ ਕਰਨਗੇ। ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਸੰਸਦ ਦੇ ਐਨ ਨਜ਼ਦੀਕ ਜੰਤਰ-ਮੰਤਰ ’ਤੇ ਕਿਸਾਨ ਸੰਸਦ ਦੌਰਾਨ ਕਿਸਾਨਾਂ ਨੇ ਕੇਂਦਰੀ ਮੰਤਰੀਆਂ ਦੇ ਕਾਨੂੰਨਾਂ ਬਾਰੇ ਖੋਖਲੇ ਦਾਅਵਿਆਂ ਨੂੰ ਨਕਾਰਿਆ। ਕਿਸਾਨ ਸੰਸਦ ਵਿਚ ਹਿੱਸਾ ਲੈਣ ਵਾਲੇ ਮੈਂਬਰਾਂ ਨੇ ਏਪੀਐੱਮਸੀ (ਮੰਡੀਆਂ) ਸਬੰਧੀ ਐਕਟ ਬਾਰੇ ਵਿਚਾਰ ਵਟਾਂਦਰੇ ਦੌਰਾਨ ਕਈ ਨੁਕਤੇ ਉਠਾਏ ਅਤੇ ਕਿਹਾ ਕਿ ਇਹ ਗ਼ੈਰਲੋਕਤੰਤਰੀ ਹੈ। ਕਿਸਾਨਾਂ ਨੇ ਇਸ ਕਾਲੇ ਕਾਨੂੰਨ ਬਾਰੇ ਆਪਣੇ ਗੂੜ੍ਹੇ ਗਿਆਨ ਰਾਹੀਂ ਦੁਨੀਆ ਨੂੰ ਦੱਸਿਆ ਕਿ ਉਹ ਇਸ ਨੂੰ ਪੂਰੀ ਤਰ੍ਹਾਂ ਨਾਲ ਰੱਦ ਕਰਨ ਦੀ ਕਿਉਂ ਮੰਗ ਕਰ ਰਹੇ ਹਨ। ਕੱਲ ਵੀ ਇਸੇ ਕਾਨੂੰਨ ’ਤੇ ਬਹਿਸ ਹੋਵੇਗੀ ਅਤੇ ਮਤਾ ਪਾਸ ਕੀਤਾ ਜਾਵੇਗਾ।

ਸੰਯੁਕਤ ਕਿਸਾਨ ਮੋਰਚੇ ਦੀ ਅਗਵਾਈ ਹੇਠ ਜਦੋਂ 200 ਕਿਸਾਨ ਸਿੰਘੂ ਬਾਰਡਰ ਤੋਂ ਜੰਤਰ-ਮੰਤਰ ਲਈ ਰਵਾਨਾ ਹੋਏ ਤਾਂ ਰਸਤੇ ਵਿੱਚ ਪੁਲੀਸ ਨੇ ਉਨ੍ਹਾਂ ਨੂੰ ਸ਼ਨਾਖਤ ਕਰਨ ਦੇ ਨਾਮ ਹੇਠ ਰੋਕ ਲਿਆ। ਕਿਸਾਨ ਆਗੂਆਂ ਰਾਕੇਸ਼ ਟਿਕੈਤ, ਬਲਬੀਰ ਸਿੰਘ ਰਾਜੇਵਾਲ, ਯੋਗੇਂਦਰ ਯਾਦਵ ਅਤੇ ਹੋਰਾਂ ਵੱਲੋਂ ਵਿਰੋਧ ਕੀਤੇ ਜਾਣ ’ਤੇ ਉਨ੍ਹਾਂ ਦਾ ਕਾਫ਼ਲਾ ਭਾਰੀ ਸੁਰੱਖਿਆ ਹੇਠ ਪਾਰਲੀਮੈਂਟ ਸਟਰੀਟ ਪਹੁੰਚਿਆ ਅਤੇ ਜੰਤਰ-ਮੰਤਰ ’ਤੇ ਕਿਸਾਨ ਸੰਸਦ ਆਰੰਭ ਕੀਤੀ। ਜੰਤਰ-ਮੰਤਰ ’ਤੇ ਬਹੁ-ਪਰਤੀ ਸੁਰੱਖਿਆ ਦਾ ਪ੍ਰਬੰਧ ਕੀਤਾ ਗਿਆ ਸੀ। ਕਿਸਾਨ ਸੰਸਦ ਚਲਾਉਣ ਲਈ 6 ਮੈਂਬਰੀ ਸੰਚਾਲਨ ਕਮੇਟੀ ਬਣਾਈ ਗਈ ਜਿਸ ਵਿੱਚ ਰਾਮਿੰਦਰ ਸਿੰਘ ਪਟਿਆਲਾ, ਮਨਜੀਤ ਸਿੰਘ ਰਾਏ, ਹਰਮੀਤ ਸਿੰਘ ਕਾਦੀਆਂ, ਹਨਨ ਮੌਲਾ, ਯੋਗੇਂਦਰ ਯਾਦਵ ਅਤੇ ਸ਼ਿਵ ਕੱਕਾ ਸ਼ਾਮਲ ਸਨ। ਪਹਿਲੇ ਦਿਨ ਦੀ ਕਿਸਾਨ ਸੰਸਦ ਤਿੰਨ ਸੈਸ਼ਨਾਂ ਵਿੱਚ ਚਲਾਈ ਗਈ। ਪਹਿਲੇ ਸੈਸ਼ਨ ’ਚ ਸਪੀਕਰ ਹਨਨ ਮੌਲਾ ਅਤੇ ਡਿਪਟੀ ਸਪੀਕਰ ਮਨਜੀਤ ਰਾਏ ਸਨ। ਦੂਜੇ ਸੈਸ਼ਨ ਵਿੱਚ ਸਪੀਕਰ ਯੋਗੇਂਦਰ ਯਾਦਵ ਅਤੇ ਡਿਪਟੀ ਸਪੀਕਰ ਹਰਮੀਤ ਕਾਦੀਆਂ ਜਦਕਿ ਤੀਸਰੇ ਸੈਸ਼ਨ ਵਿੱਚ ਸਪੀਕਰ ਸ਼ਿਵ ਕੱਕਾ ਅਤੇ ਡਿਪਟੀ ਸਪੀਕਰ ਰਾਮਿੰਦਰ ਪਟਿਆਲਾ ਸਨ। ਕਿਸਾਨ ਸੰਸਦ ਨੇ ਭਾਜਪਾ ਆਗੂ ਅਤੇ ਕੇਂਦਰੀ ਮੰਤਰੀ ਮੀਨਾਕਸ਼ੀ ਲੇਖੀ ਵੱਲੋਂ ਕਿਸਾਨ ਸੰਸਦ ਵਾਲਿਆਂ ਨੂੰ ਮਵਾਲੀ ਕਹਿਣ ਖਿਲਾਫ਼ ਨਿੰਦਾ ਪ੍ਰਸਤਾਵ ਪੇਸ਼ ਕੀਤਾ।

ਕਿਸਾਨ ਸੰਸਦ ਆਕਾਸ਼ ਗੁੰਜਾਊ ਨਾਅਰਿਆਂ ਨਾਲ 12 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਸਮਾਪਤ ਹੋਈ। ਸਭ ਤੋਂ ਪਹਿਲਾਂ ਮੋਰਚੇ ਦੇ ਸ਼ਹੀਦ ਕਿਸਾਨਾਂ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਸੈਸ਼ਨ ਦੀ ਸ਼ੁਰੂਆਤ ਹਨਨ ਮੌਲਾ ਨੇ ਕਰਵਾਈ ਜਿਸ ਦੌਰਾਨ ਏਪੀਐੱਮਸੀ ਮੰਡੀਆਂ ਤੋੜਨ ਲਈ ਲਿਆਂਦੇ ਕਾਨੂੰਨ ’ਤੇ ਬਹਿਸ ਹੋਈ। ਬਹਿਸ ਦੀ ਸ਼ੁਰੂਆਤ ਪ੍ਰੇਮ ਸਿੰਘ ਭੰਗੂ ਨੇ ਕੀਤੀ। ਸੋਨੀਆ ਮਾਨ, ਹਰਪਾਲ ਸੁੰਡਲ, ਸੁਰੇਸ਼ ਕੌਥ, ਸਤਨਾਮ ਅਜਨਾਲਾ, ਜਸਵੀਰ ਕੌਰ ਨੱਤ, ਤੇਜਿੰਦਰ ਵਿਰਕ, ਕਿਰਨਜੀਤ ਸੇਖੋਂ ਸਮੇਤ ਕੁੱਲ 45 ਬੁਲਾਰਿਆਂ ਨੇ ਬਹਿਸ ਵਿੱਚ ਭਾਗ ਲਿਆ। ਬਹਿਸ ਦੌਰਾਨ ਸੂਬਿਆਂ ਦੇ ਅਧਿਕਾਰਾਂ ਨੂੰ ਖੇਤੀ ਕਾਨੂੰਨ ਰਾਹੀਂ ਖਤਮ ਕਰਨ, ਸੂਬਿਆਂ ਨੂੰ ਮੰਡੀਆਂ ਤੋਂ ਟੈਕਸ ਰਾਹੀਂ ਕੀਤੇ ਜਾਂਦੇ ਵਿਕਾਸ ਨੂੰ ਰੋਕਣ, ਕਾਨੂੰਨ ਦੀ ਸੰਵਿਧਾਨਕਤਾ, ਸਰਕਾਰੀ ਮੰਡੀਆਂ ਟੁੱਟਣ ਨਾਲ ਮਜ਼ਦੂਰ ਵਰਗ ਤੇ ਹੋਰਾਂ ਲੱਖਾਂ ਲੋਕਾਂ ਦੇ ਬੇਰੁਜ਼ਗਾਰ ਹੋਣ, ਖੇਤੀ ਕਾਰਪੋਰੇਟ ਦੇ ਹਵਾਲੇ ਕਰਨ ਵਰਗੇ ਪੱਖਾਂ ’ਤੇ ਬਹਿਸ ਹੋਈ।

ਉਧਰ ਸੰਸਦ ਮੈਂਬਰਾਂ ਨੇ ਕਿਸਾਨ ਅੰਦੋਲਨ ਦੇ ਸਮਰਥਨ ’ਚ ਅੱਜ ਸਵੇਰੇ ਸੰਸਦ ਦੇ ਬਾਹਰ ਮਹਾਤਮਾ ਗਾਂਧੀ ਦੇ ਬੁੱਤ ਅੱਗੇ ਪ੍ਰਦਰਸ਼ਨ ਕੀਤਾ। ਉਹ ਕਿਸਾਨਾਂ ਵੱਲੋਂ ਜਾਰੀ ਕੀਤੇ ਗਏ ਪੀਪਲਜ਼ ਵ੍ਹਿਪ ਦਾ ਜਵਾਬ ਦੇ ਰਹੇ ਸਨ। ਕਈ ਸੰਸਦ ਮੈਂਬਰਾਂ ਨੇ ਕਿਸਾਨ ਸੰਸਦ ਦਾ ਦੌਰਾ ਵੀ ਕੀਤਾ। ਸੰਯੁਕਤ ਕਿਸਾਨ ਮੋਰਚੇ ਨੇ ਸੰਸਦ ਮੈਂਬਰਾਂ ਦਾ ਕਿਸਾਨੀ ਸੰਘਰਸ਼ ਵਿੱਚ ਸਮਰਥਨ ਦੇਣ ਲਈ ਧੰਨਵਾਦ ਕੀਤਾ ਪਰ ਉਨ੍ਹਾਂ ਨੂੰ ਮੰਚ ਤੋਂ ਬੋਲਣ ਦਾ ਸਮਾਂ ਨਹੀਂ ਦਿੱਤਾ ਗਿਆ। ਇਸ ਦੀ ਬਜਾਏ ਉਨ੍ਹਾਂ ਨੂੰ ਸੰਸਦ ਦੇ ਅੰਦਰ ਕਿਸਾਨਾਂ ਦੀ ਆਵਾਜ਼ ਬਣਨ ਦੀ ਬੇਨਤੀ ਕੀਤੀ ਗਈ।
ਇਥੇ ਜਿਕਰਯੋਗ ਹੈ ਕਿ ਕਿਸਾਨ ਸੰਘਰਸ਼ ਦੇ ਇਸ ਪੈਂਤੜੇ ਨੇ ਇੱਕ ਵਾਰ ਫੇਰ ਕਿਸਾਨ ਕੌਮੀ ਅਤੇ ਕੌਮਾਂਤਰੀ ਪੱਧਰ ਤੇ ਚਰਚਾ ਵਿਚ ਲੈ ਆਂਦੇ ਹਨ |
ਜੋ ਕਿ ਉਕਤ ਮੂਵਮੈਂਟ ਲਈ ਇੱਕ ਸ਼ੁਭ ਸ਼ਗਨ ਹੈ |

ADVERTISEMENT
NZ Punjabi News Matrimonials