ਗੁਰਤੇਜ ਸਿੰਘ ( ਪੇਸ਼ਕਾਰ – ਕੌਮੀ ਅਵਾਜ਼ )
ਰੋਮਨਾਂ ਦੇ ਸਾਮਰਾਜ ਵਿੱਚ gladiator ਨਾਮ ਦੀ ਖੇਡ ਹੁੰਦੀ ਸੀ ਇਸ ਵਿੱਚ ਭਾਗ ਲੈਣ ਵਾਲਿਆਂ ਨੂੰ gladiators ਕਿਹਾ ਜਾਂਦਾ ਸੀ , ਅਸਲ ਵਿੱਚ ਇਹ ਖੇਡ ਨਾ ਹੋਕੇ ਖੂਨੀ ਭੇੜ ਹੁੰਦਾ ਸੀ ਜਿਸ ਵਿੱਚ ਇੱਕ ਬੰਦੇ ਨੇ ਮਰਨਾ ਹੀ ਹੁੰਦਾ ਸੀ ਤੇ ਮਰਨ ਵਾਲੇ ਨੂੰ ਹੀ ਹਾਰਿਆ ਸਮਝਿਆ ਜਾਂਦਾ ਸੀ ਇਸ ਭੇੜ ਵਿੱਚ ਮਾਰਖ਼ੋਰੇ ਜੰਗਲ਼ੀ ਜਾਨਵਰ ਵੀ ਹੁੰਦੇ ਸਨ , ਇਹ ਭੇੜ ਖੁੱਲ੍ਹੇ ਅਖਾੜੇ ਵਿੱਚ ਹੁੰਦਾ ਸੀ ਇਸ ਅਖਾੜੇ ਦੀਆਂ ਉੱਚੀਆਂ ਪੌੜੀਆਂ ਤੇ ਮੌਕੇ ਦਾ ਹੁਕਮਰਾਨ ਬੈਠਦਾ ਸੀ ਤੇ ਆਲੇ ਦੁਆਲੇ ਤਮਾਸ਼ਬੀਨ ਆਮ ਲੋਕ । ਸਿਆਣੇ ਦੱਸਦੇ ਹਨ ਕਿ 300 ਈਸਵੀ ਵਿੱਚ ਈਸਾਈ ਰਾਜੇ Honorius ਨੇ ਇਹ ਬੰਦ ਕਰਵਾ ਦਿੱਤੇ ਇਸਨੂੰ ਬੰਦ ਕਰਵਾਉਣ ਲਈ ਇੱਕ ਏਸ਼ਿਆਈ ਸਾਧੂ ਦੀ ਸ਼ਹਾਦਤ ਦਾ ਅਹਿਮ ਯੋਗਦਾਨ ਸੀ , ਜਿਸਨੂੰ Saint Telemachus ਦੇ ਨਾਮ ਜਾਣਿਆਂ ਜਾਂਦਾ ਹੈ ਇਹ ਸਾਧੂ ਨੇ ਅਖਾੜੇ ਵਿੱਚ ਚੱਲ ਰਹੇ ਭੇੜ ਵਿੱਚ ਦੋਵੇਂ ਲੜਾਕਿਆਂ ਨੂੰ ਬਾਹਾਂ ਤੋਂ ਫੜਕੇ ਅਲੱਗ ਕਰ ਦਿੱਤਾ ਇਹ ਕਰਨ ਤੇ ਭੀੜ ਨੇ ਉਸਨੂੰ ਪੱਥਰ ਮਾਰ -ਮਾਰ ਕੇ ਮਾਰ ਦਿੱਤਾ ਸੀ । ਪਰ Honorius ਨੇ ਇਸ ਸਾਧੂ ਦੀ ਦ੍ਰਿੜ੍ਹਤਾ ਦੇਖਕੇ ਇਸਨੂੰ ਸ਼ਹੀਦ ਦਾ ਦਰਜਾ ਦਿੱਤਾ ਆ ਇਸ ਖੇਡ ਤੇ ਪੂਰਨ ਪਾਬੰਦੀ ਲਾ ਦਿੱਤੀ । ਇਹ ਤਾਂ ਗੱਲ ਸੀ ਰੋਮਨ ਸਾਮਰਾਜ ਵੇਲੇ ਦੀ ਜੋ ਅੱਜ ਤੋਂ ਸਦੀਆਂ ਪਹਿਲਾਂ ਸੀ , ਹੁਣ ਅੱਜ ਦੀ ਗੱਲ ਕਰਦੇ ਹਾਂ ਕਿ ਇਸ ਤਰਾਂ ਦੇ ਮਨੁੱਖ ਅੱਜ ਵੀ ਹਨ ਜਾਂ ਭਵਿੱਖ ਵਿੱਚ ਹੋਣਗੇ ? , ਸਤੰਬਰ ਮਹੀਨੇ Netflix ਤੇ ਰਲੀਜ ਹੋਏ Squid game ਨਾਮੀ ਨਾਟਕ ਵਿੱਚ ਕੁੱਝ ਇਸ ਤਰਾਂ ਦੀ ਇਸ਼ਾਰੇ ਹਨ ਜੋ ਮਨੁੱਖੀ ਮਨ ਨੂੰ ਮਨੋਰੰਜਨ ਦੇ ਉਸ ਦੌਰ ਵਿੱਚ ਲਿਜਾ ਸਕਦਾ ਹੈ ਜਿੱਥੇ ਮਨੁੱਖਾਂ ਦੀ ਮੌਤ ਨੂੰ ਮਨੋਰੰਜਨ ਵਜੋਂ ਲਿਆ ਜਾਵੇਗਾ ਜੂਏ ਵਜੋਂ ਖੇਡਿਆ ਜਾਵੇਗਾ । Forbes ਦੀ ਰਿਪੋਟ ਅਨੁਸਾਰ Squid game ਅੱਜ ਦੀ ਤਾਰੀਖ਼ ਵਿੱਚ ਨੱਬੇ ਦੇਸ਼ਾਂ ਵਿੱਚ ਪਹਿਲੇ ਨੰਬਰ ਤੇ ਚੱਲ ਰਿਹਾ ਹੈ , The Guardian ਦੀ ਰਿਪੋਟ ਅਨੁਸਾਰ ਇਸ ਨੂੰ ਦੁਨੀਆ ਭਰ ਦੇ 111 ਮਿਲੀਅਨ ਲੋਕ ਦੇਖ ਚੁੱਕੇ ਹਨ
Squid game ਦੀ ਕਹਾਣੀ ਕੀ ਹੈ ? –
ਇਹ ਨਾਟਕ ਕਰਜ਼ੇ ਵਿੱਚ ਡੁੱਬੇ ਕੁੱਝ ਉਨ੍ਹਾਂ ਲੋਕਾਂ ਦੀ ਕਹਾਣੀ ਹੈ ਜੋ ਵੱਖ-ਵੱਖ ਕਾਰਨਾਂ ਕਰਕੇ ਪੈਸੇ ਦੀ ਭਾਲ ਵਿੱਚ ਹਨ , ਦੁਨੀਆਂ ਦੇ ਅਮੀਰਾਂ ਦਾ ਇੱਕ ਟੋਲਾ ਆਪਣੇ ਕਰਿੰਦੇ ਭੇਜਕੇ ਇਹਨਾਂ ਲੋਕਾਂ ਨੂੰ ਇੱਕ ਖੇਡ ਵਿੱਚ ਭਾਗ ਲੈਣ ਅਤੇ ਅਤੇ ਲੱਖਾਂ ਵੌਨ ਜਿੱਤਣ ( won ਕੋਰੀਆਈ ਮੁਦਰਾ ) ਬਾਰੇ ਦੱਸਦਾ ਹੈ ਜਾਂ ਲਾਲਚ ਦਿੰਦਾ । ਸਮਾਜ ਦੇ ਵੱਖ-ਵੱਖ ਖੇਤਰਾਂ ਤੇ ਵੱਖ-ਵੱਖ ਮੁਸ਼ਕਲਾਂ ਨਾਲ ਨਜਿੱਠ ਰਹੇ 455 ਲੋਕ ਇਸ ਵਿੱਚ ਹਿੱਸਾ ਲੈਣ ਨੂੰ ਤਿਆਰ ਹੋ ਜਾਂਦੇ ਹਨ । ਉਨ੍ਹਾਂ ਸਭ ਨੂੰ ਬੇਹੋਸ਼ ਕਰਕੇ ਇੱਕ ਟਾਪੂ ਤੇ ਲਿਜਾਇਆ ਜਾਂਦਾ ਹੈ । ਹਰ ਇੱਕ ਨੂੰ ਉਸਦੇ ਜਰਸੀ ਨੰਬਰ ਨਾਲ ਜਾਣਿਆ ਜਾਂਦਾ ਨਾ ਕਿ ਉਸਦੇ ਅਸਲੀ ਨਾਮ ਨਾਲ , ਪਹਿਲੀ ਖੇਡ ਵਿੱਚ ਹਾਰਨ ਵਾਲੇ ਭਾਗੀਦਾਰ ਗੋਲ਼ੀਆਂ ਮਾਰਕੇ ਮਾਰ ਦਿੱਤੇ ਜਾਂਦੇ ਹਨ । ਪਹਿਲੀ ਖੇਡ ਖ਼ਤਮ ਹੋਣ ਤੋਂ ਪਿੱਛੋਂ ਬਚੇ ਹੋਏ ਭਾਗੀਦਾਰ ਬਹੁਤ ਸਹਿਮ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਇਹ ਕੀ ਖੇਡ ਹੈ ਜਿਸ ਵਿੱਚ ਹਾਰਨ ਵਾਲੇ ਮਾਰ ਦਿੱਤੇ ਗਏ ! ਬਚੇ ਹੋਏ ਭਾਗੀਦਾਰਾਂ ਵਿੱਚੋਂ ਬਹੁਤੇ ਇਹ ਖੇਡ ਨੂੰ ਛੱਡਕੇ ਜਾਣਾ ਚਾਹੁੰਦੇ ਹਨ । ਜਦੋਂ ਉਹ ਹਾਲ ਵਿੱਚ ਇਕੱਠੇ ਹੋਕੇ ਜਾਣ ਦੀ ਜਿੱਦ ਕਰਦੇ ਹਨ ਤਾਂ ਅਮੀਰਾਂ ਦੇ ਕਰਿੰਦੇ ਕਹਿੰਦੇ ਹਨ ਕਿ ਠੀਕ ਹੈ ਤੁਸੀਂ ਜਾ ਸਕਦੇ ਹੋ ਜੇਕਰ ਤੁਹਾਡੇ ਵਿੱਚੋਂ ਜ਼ਿਆਦਾਤਰ ਸਹਿਮਤ ਹੋਣਗੇ , ਪਰ ਤੁਹਾਡੇ ਜਾਣ ਤੋਂ ਬਾਅਦ ਇਨਾਮ ਦਾ ਸਾਰਾ ਪੈਸਾ ਖੇਡ ਵਿੱਚ ਮਾਰੇ ਗਏ ਭਾਗੀਦਾਰਾਂ ਦੇ ਪਰਿਵਾਰਾਂ ਨੂੰ ਮਿਲ ਜਾਵੇਗਾ ( ਦੁਨੀਆਂ ਦੀਆਂ ਨਾਮੀ ਕੰਪਨੀਆਂ ਇਸੇ ਤਰਾਂ ਦਾ ਮੁਕਾਬਲਾ (Competition ) ਕਿਵੇਂ ਆਪਣੇ ਕਾਮਿਆਂ ( Workers ) ਵਿੱਚ ਪੈਦਾ ਕਰਦੀਆਂ ਹਨ ਇਹ ਅਸੀਂ ਅੱਗੇ ਜਾਕੇ ਦੱਸਾਂਗੇ ) ਇਸੇ ਦੌਰਾਨ ਹੀ ਹਾਲ ਦੀ ਛੱਤ ਤੋਂ ਕੱਚ ਦਾ ਡੱਬਾ ਹੇਠਾਂ ਆਉਂਦਾ ਤੇ ਉਸ ਵਿੱਚ ਲੱਖਾ ਵੌਨ ਹੁੰਦੇ ਹਨ , ਇਹ ਪੈਸਾ ਦੇਖਕੇ ਕੁੱਝ ਭਾਗੀਦਾਰਾਂ ਦੇ ਡੇਲੇ ਅੱਡੇ ਰਹਿ ਜਾਂਦੇ ਹਨ , ਇਸ ਤੇ ਰੌਲਾ ਪੈ ਜਾਂਦਾ ਹੈ , ਕੁੱਝ ਭਾਗੀਦਾਰ ਰਹਿਣਾ ਚਾਹੁੰਦੇ ਅਤੇ ਫਿਰ ਵੀ ਕੁੱਝ ਜਾਣਾ ਚਾਹੁੰਦੇ ਹਨ , ਤਾਂ ਅਮੀਰਾਂ ਦੇ ਕਰਿੰਦੇ ਕਹਿੰਦੇ ਹਨ ਕਿ ਅਸੀਂ ਤੁਹਾਨੂੰ ਲੋਕ-ਤੰਤਰੀ ਤਰੀਕੇ ਨਾਲ ਵੋਟਿੰਗ ਕਰਨ ਦੀ ਆਗਿਆ ਦਿੰਦੇ ਹਾਂ ਤੁਸੀਂ ਵੋਟਿੰਗ ਕਰਕੇ ਨਿਬੇੜਾ ਕਰ ਲਵੋ ਕਿ ਜਾਣਾ ਚਾਹੁੰਦੇ ਹੋ ਜਾਂ ਰਹਿਣਾ । ਵੋਟਿੰਗ ਵਿੱਚ ਰਹਿਣ ਵਾਲੇ ਜ਼ਿਆਦਾ ਹੁੰਦੇ ਹਨ । ਇੱਥੇ ਇੱਕ ਭਾਗੀਦਾਰ ਦਾ ਡਾਇਲਾਗ ਵੀ ਆਉਂਦਾ ਹੈ “ ਕਿ ਉਂਝ ਵੀ ਅਸੀਂ ਮਰੇ ਹੀ ਪਏ ਹਾਂ ਕਿਉਂ ਨਾ ਇਹ ਮੌਕਾ ਅਜ਼ਮਾ ਕੁ ਦੇਖੀਏ “ ।ਇਸ ਤਰਾਂ ਇਸ ਨਾਟਕ ਵਿੱਚ ਛੇ ਖੇਡਾਂ ਹੁੰਦੀਆਂ ਹਨ ਅਤੇ ਆਖ਼ਰੀ ਖੇਡ Squid ਹੁੰਦੀ ਹੈ , ਅਖੀਰ ਤੇ ਕੌਣ ਜਿੱਤਦਾ ਹੈ ਇਹ ਤੁਸੀਂ ਨਾਟਕ ਵਿੱਚ ਦੇਖ ਲੈਣਾ ਅਸੀਂ ਤੁਹਾਡੀ ਰੌਚਿਕਤਾ ਖ਼ਰਾਬ ਨਹੀਂ ਕਰਨਾ ਚਾਹੁੰਦੇ ।
। ਇਹ ਖੇਡ ਨੂੰ ਰਚਾਉਣ ਵਾਲੇ ਦੁਨੀਆਂ ਦੇ ਵੱਖ-ਵੱਖ ਅਮੀਰ ਹੁੰਦੇ ਹਨ,ਅਮੀਰਾਂ ਦੇ ਮਾਰਖ਼ੋਰੇ ਜਾਨਵਰਾਂ ਵਾਲੇ ਮੁਖੌਟੇ ਇਹਨਾਂ ਅਮੀਰਾਂ ਦੀ ਤਮਾਂ ਦਾ ਪ੍ਰਤੀਕ ਹਨ , ਅਮੀਰਾਂ ਦੇ ਕਰਿੰਦਿਆਂ ਦੀ ਪੁਸ਼ਾਕ ਲਾਲ ਰੰਗ ਦੀ ਹੁੰਦੀ ਹੈ ਉਨ੍ਹਾਂ ਦੇ ਮੁਖੌਟਿਆਂ ਤੇ ਬਣੇ ਚਿੰਨ ਬੱਚਿਆਂ ਦੀ ਵੀਡੀਓ ਦੇ ਰਿਮੋਟ ਤੇ ਬਣੇ ਬਟਨਾਂ ਵਾਲੇ ਹਨ ਜੋ ਕਿ ਪ੍ਰਤੀਕ ਹੈ ਕਿ ਕਰਿੰਦੇ ਸਿਰਫ ਰਿਮੋਟ ਹਨ ਉਹਨਾਂ ਦੇ ਹੱਥ ਵੱਸ ਕੁੱਝ ਨਹੀਂ ਪਰ ਫਿਰ ਵੀ ਇੱਕ ਕਰਿੰਦਾ ਕੁੱਝ ਕਮਾਲ ਕਰ ਜਾਂਦਾ ਹੈ ਉਹ ਤੁਸੀਂ ਨਾਟਕ ਵਿੱਚ ਦੇਖੋਗੇ
ਚਿੜੀਆਂ ਦੀ ਮੌਤ ਗਾਵਰਾਂ ਦਾ ਹਾਸਾ
– ਉੱਪਰ ਲਿਖੀ ਪੰਜਾਬੀ ਦੀ ਕਹਾਵਤ ਤੁਸੀਂ ਸਭ ਨੇ ਸੁਣੀ ਹੋਵੇਗੀ । ਬਸ ਇਹੋ ਇਸ ਨਾਟਕ ਦਾ ਤੱਤਸਾਰ ਹੈ , ਪਰ ਇੱਥੇ ਚਿੜੀਆਂ ਨਹੀਂ ਇੱਥੇ ਮਰਨ ਵਾਲ਼ੀਆਂ ਮਨੁੱਖੀ ਦੇਹਾਂ ਹਨ ਤੇ ਗਵਾਰ ਦੁਨੀਆ ਭਰ ਦੇ ਕਾਰਪੋਰੇਟ , ਜੋ ਆਪਣੇ ਮਨੋਰੰਜਨ ਦੀ ਤਮਾਂ ਨੂੰ ਪੂਰਨ ਕਰਨ ਲਈ ਮਨੁੱਖੀ ਜਾਨਾਂ ਨੂੰ ਕੀੜਿਆਂ ਮਕੌੜਿਆਂ ਵਾਂਗ ਕਤਲ ਦਿੰਦੇ ਹਨ । ਕੀ ਚੰਚਲ ਮਨੁੱਖੀ ਮਨ ਨੇ ਆਪਣਾ ਮਨੋਰੰਜਨ ਏਨਾ ਮੈਲਾ ਕਰ ਲੈਣਾ ਕਿ ਭਵਿੱਖ ਵਿੱਚ ਉਹ ਇਸ ਤਰਾਂ ਦੀਆਂ ਖੇਡਾਂ ਰਚੇਗਾ ? ਮਨੋਰੰਜਨ ਹੈ ਕਿ ਆਉ ਪਹਿਲਾਂ ਇਹ ਸਮਝਦੇ ਹਾਂ ਫਿਰ ਨਾਟਕ ਵੱਲ ਚੱਲਾਂਗੇ
ਮਨੋਰੰਜਨ –
ਮਨੋਰੰਜਨ ਵੀ ਮਨੁੱਖ ਦੀ ਖ਼ੁਰਾਕ ਹੈ ਜੋ ਇਸਨੂੰ ਲੋੜੀਂਦੀ ਹੈ ਪੁਰਾਣੇ ਸਮੇਂ ਵਿੱਚ ਕੰਮ ਵਿੱਚ ਹੀ ਮਨੋਰੰਜਨ ਹੁੰਦਾ ਸੀ, ਉਦਾਹਰਨ ਵਜੋਂ ਆਪਾਂ ਖੇਤੀ-ਬਾੜੀ ਦੀ ਗੱਲ ਕਰ ਲੈਂਦੇ ਹਾਂ ਖੇਤੀ ਕਰਦੇ ਕਿਸਾਨ ਲਈ ਉਸਦਾ ਆਲਾ – ਦੁਆਲਾ ਹੀ ਮਨੋਰੰਜਨ ਹੁੰਦਾ ਸੀ ਉਸ ਦੇ ਨਾਲ ਕੰਮ ਕਰਦੇ ਸਹਿਯੋਗੀ ਮਨੁੱਖ ਉਸਦੀ ਖੇਡ ਦੇ ਸਾਥੀ ਹੁੰਦੇ ਸਨ, ਉਹ ਗੱਲਾਂ ਕਰਦਾ ਹੱਸਦਾ – ਖੇਡਦਾ ਰੁੱਝਿਆ ਰਹਿੰਦਾ ਸੀ ਉਸਨੂੰ ਇਕੱਲੇਪਣ ਦਾ ਅਹਿਸਾਸ ਹੀ ਨਹੀਂ ਸੀ ਹੁੰਦਾ , ਹੁਣ ਇਹ ਥਾਂ ਮਸ਼ੀਨਰੀ ਨੇ ਲੈ ਲਈ ਹੈ ਮਸ਼ਨੀਰੀ ਨਾਲ ਅਨੇਕਾਂ ਕੰਮ ਨਿਬੇੜੇ ਜਾ ਸਕਦੇ ਹਨ ਬਾਕੀ ਸੰਗੀ ਸਾਥੀਆਂ ਦੀ ਲੋੜ ਹੀ ਨਹੀਂ , ਇਸ ਨੇ ਕੰਮ ਤਾਂ ਸੁਖਾਲਾ ਕਰ ਦਿੱਤਾ ਹੈ ਪਰ ਬੰਦੇ ਨੂੰ ਖੇਤ ਵਿੱਚ ਇਕੱਲਾ ਵੀ ਕਰ ਦਿੱਤਾ ਹੈ , ਇੱਥੇ ਅਸੀਂ ਆਸਟ੍ਰੇਲੀਆ ਵਿੱਚ ਇੱਕ ਹੋਈ Study “ Australia’s agricultural future: the social and political context “ ਵਿੱਚੋਂ ਹਵਾਲਾ ਦੇਣਾ ਚਾਹੁੰਦੇ ਹਾਂ , ਇਸ ਪੇਪਰ ਦੇ ਖੋਜੀ Prof lockie ਲਿਖਦੇ ਹਨ ਕਿ “ Transformative technologies that reduce labour demand, for example, may simultaneously reduce employment opportunities and deepen the isolation experienced by many working in agriculture.
ਭਾਵ ਕਿ ਪਰਿਵਰਤਨਸੀਲ ਤਕਨੀਕਾਂ ਖੇਤਾਂ ਵਿੱਚ ਨੌਕਰੀਆਂ ਘਟਾਉਂਦੀਆਂ ਹਨ ਤੇ ਖੇਤਾਂ ਵਿੱਚ ਕੰਮ ਕਰਨ ਵਾਲੇ ਲੋਕਾਂ ( ਕਿਰਸਾਨਾਂ ) ਦੀ ਇਕੱਲਤਾ ਨੂੰ ਹੋਰ ਵਧਾ ਦਿੰਦੀਆਂ ਹਨ ।ਮਨੁੱਖ ਇਹ ਇਕੱਲਤਾ ਨੂੰ ਭਜਾਉਣ ਲਈ ਵੱਖ -ਵੱਖ ਵਸੀਲੇ ਲੱਭ ਰਿਹਾ ਪਰ ਭਟਕਣਾ ਮੁੱਕ ਨਹੀਂ ਰਹੀ
ਗੱਲ ਨੂੰ ਜ਼ਿਆਦਾ ਲੰਬਾ ਨਾ ਕਰਦੇ ਹੋਏ ਇੱਥੇ ਨਿਬੇੜਦੇ ਕਿ ਹਾਂ ਪਿਛਲੀਆਂ ਕੁੱਝ ਸਦੀਆਂ ਤੋਂ ਜਦੋਂ ਤੋਂ ਪਦਾਰਥਵਾਦ ਜਾਂ ਭੋਗ ਸੱਭਿਆਚਾਰ ਦੀ ਸ਼ੁਰੂਆਤ ਹੋਈ ਹੈ ਮਨੁੱਖ ਦਾ ਸਬਰ ਟੁੱਟ ਗਿਆ ਹੈ ਸਬਰ ਟੁੱਟਣ ਨਾਲ ਉਹ ਜ਼ਿੰਦਗੀ ਦੇ ਹਰ ਇੱਕ ਖੇਤਰ ਵਿੱਚ ਭਟਕਦਾ ਫਿਰਦਾ ਹੈ , ਪੱਬਾਂ- ਕਲੱਬਾਂ , ਸ਼ਰਾਬਾਂ ਦਾ ਮਨੋਰੰਜਨ ਜਦੋਂ ਉਸਦੀ ਤ੍ਰਿਪਤੀ ਨਾ ਕਰ ਸਕਿਆ ਤਾਂ ਉਸਨੇ ਸ਼ਰਾਬਾਂ ਤੋਂ ਅੱਗੇ ਹੋਰ ਭੈੜਿਆਂ ਨਸ਼ਿਆਂ ਦਾ ਰਾਹ ਲੱਭਿਆ , ਜਦੋਂ ਉਸਨੇ ਵੀ ਤ੍ਰਿਪਤੀ ਨਾ ਕੀਤੀ ਹੋਰ ਵੱਡੇ ਮੈਡੀਕਲ ਨਸ਼ਿਆ ਵੱਲ ਹੋ ਤੁਰਿਆ ਪਰ ਇੱਥੇ ਵੀ ਭਟਕਣਾ ਮੁੱਕੀ ਨਹੀਂ ਤੇ ਹੁਣ ਮਨੁੱਖ ਹੋਰ ਅਜਿਹੇ ਰਾਹ ਲੱਭ ਰਿਹਾ ਜਿਨ੍ਹਾਂ ਦਾ ਇਸ਼ਾਰਾ ਇਸ ਨਾਟਕ Squid game ਵਿੱਚ ਹੈ । ਦੁਨੀਆ ਵਿੱਚ ਜਿੱਥੇ – ਜਿੱਥੇ ਵੀ ਪਦਾਰਥਵਾਦ ਨੇ ਆਪਣਾ ਸਿਰ ਚੁੱਕਿਆ ਉੱਥੇ ਮਾਨਸਿਕਾ ਰੋਗਾਂ , ਕਰਜ਼ਿਆਂ , ਰਿਸ਼ਤਿਆਂ ਦੇ ਟੁੱਟਣ ਵਿੱਚ ਵਾਧਾ ਹੋਇਆ ਹੈ । ਸਾਡੀ ਜਵਾਨੀ ਵੀ ਅਸੀਂ ਦੇਖ ਰਹੇ ਹਾਂ ਬੇਲੋੜੇ ਮਨੋਰੰਜਨ ਵੱਲ ਅੱਖਾਂ ਮੀਚ ਕੇ ਵਧ ਰਹੀ ਹੈ , ਅਸਲ ਵਿੱਚ ਇਹ ਉਨ੍ਹਾਂ ਦੀ ਇਕੱਲੇਪਣ ਨੂੰ ਦੂਰ ਭਜਾਉਣ ਦੀ ਲੜਾਈ ਹੀ ਹੈ ।
ਇਹ ਨਾਟਕ ਵਿੱਚ ਇਹ ਦੱਸਣ ਦੀ ਕੋਸ਼ਿਸ਼ ਹੈ ਕਿ ਸਬਰ ਸੰਤੋਖ ਤੋਂ ਟੁੱਟਿਆ ਕਾਰਪੋਰੇਟ ਜਿਸ ਪਾਸੇ ਵੱਲ ਨੂੰ ਜਾ ਰਿਹਾ ਉਸਨੂੰ ਸਮਝਣ ਦੀ ਲੋੜ੍ਹ ਹੈ ਇਸ ਨਾਲ ਨਾਟਕ ਮਿਲਦਾ ਜੁਲਦਾ ਘਟਨਾਕ੍ਰਮ ਦੁਨੀਆ ਦੇ ਕੁੱਝ ਵੱਡੇ ਅਮੀਰਾਂ ਦੀਆਂ ਕੰਪਨੀਆਂ ਵਿੱਚ ਹੋ ਰਿਹਾ ਜਿਸ ਦੀ ਇੱਕ ਉਦਾਹਰਨ Jeff Bezos ਦੀ ਕੰਪਨੀ Amazon ਹੈ । ਜਿੱਥੇ ਉਹ ਉਹ ਪਦਾਰਥ ਵੇਚਣ ਦੀ ਦੌੜ ‘ਚ ਪਿੱਛੇ ਰਹਿਣ ਵਾਲਿਆਂ ਨੂੰ ਨੌਕਰੀ ਤੋਂ ਕੱਢ ਰਿਹਾ ਤੇ ਕੈਮਰੇ ਲਾਕੇ ਉਨ੍ਹਾਂ ਦੀ ਜਾਸੂਸੀ ਕਰ ਰਿਹਾ । ਇਸਦਾ ਜ਼ਿਕਰ ਅਸੀਂ ਪਹਿਲਾਂ ਕਰ ਚੁੱਕੇ ਹਾਂ ਕਿ ਕਿਵੇਂ ਖੇਡ ਵਿੱਚ ਪਿੱਛੇ ਰਹਿਣ ਵਾਲੇ ਨੂੰ ਮਾਰ ਦਿੱਤਾ ਜਾਂਦਾ ਹੈ ।
ਨਾਟਕ ਦੇ ਅਖੀਰਲੇ ਭਾਗ ਵਿੱਚ ਇੱਕ ਚੰਗਾ ਸੁਨੇਹਾ ਹੈ ਕਿ ਸਬਰ ਤੇ ਸੰਤੋਖ ਨਾਲ ਜਿਉਣ ਵਾਲੇ ਮਨੁੱਖ ਲੱਖਾਂ ਮੁਸ਼ਕਲਾਂ ਝੱਲਕੇ ਵੀ ਆਪਣਾ ਨੈਤਿਕ ਬਲ ਅਤੇ ਦਯਾ ਨੂੰ ਖ਼ਤਮ ਨਹੀਂ ਹੋਣ ਦਿੰਦੇ । ਨਾਟਕ ਦੇ ਅਖੀਰ ਤੇ ਆਕੇ ਕੋਰੀਆ ਦੇ ਅਮੀਰ ਦੀ Squid game ਦੇ ਜੇਤੂ ਨਾਲ ਹੋਈ ਗੱਲਬਾਤ ਵੀ ਬਹੁਤ ਅਹਿਮ ਹੈ ਜੋ ਉਸਦੇ ਮਨ ਦੀ ਚੰਚਲਤਾ ਦਾ ਪ੍ਰਗਟਾਵਾ ਕਰਦੀ ਹੈ ਮੌਤ ਦੇ ਮੂੰਹ ਪਿਆ ਵੀ ਉਹ ਅਮੀਰ ਜੂਆ ਖੇਡ ਰਿਹਾ ਹੁੰਦਾ ਹੈ ।
ਮਨੁੱਖ ਨੇ ਬਹੁਤ ਖੇਤਰਾਂ ਵਿੱਚ ਤਰੱਕੀ ਕੀਤੀ ਹੈ ਪਰ ਮਾਨਸਿਕ ਤਲ ਤੇ ਬਹੁਤ ਪਿੱਛੇ ਜਾ ਰਿਹਾ ਅੱਜ ਤੋਂ ਤਕਰੀਬਨ ਦੋ ਹਜ਼ਾਰ ਸਾਲ ਪਹਿਲਾਂ ਰੋਮਨਾਂ ਵਿੱਚ ਵੀ ਇਹੋ ਜਿਹੀ Gladiator ਨਾਮੀ ਖੇਡ ਹੁੰਦੀ ਸੀ ਜਿਸ ਉੱਪਰ ਇੱਕ ਸਾਧੂ ਅਤੇ ਮੌਕੇ ਦੇ ਇਸਾਈ ਰਾਜੇ ਦੇ ਦਖਲ ਨੇ ਕਰਕੇ ਬੰਦ ਹੋ ਗਈ ਸੀ । ਅੱਜ ਦਾ “ਅਗਾਂਹਵਧੂ “ ਮਨੁੱਖ ਕੀ ਫਿਰ ਉੱਧਰ ਨੂੰ ਜਾ ਰਿਹਾ ?
ਅਖੀਰ ਤੇ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਇਹ ਨਾਟਕ ਮਨੁੱਖੀ ਮਨ ਦੇ ਲਾਲਚ ਅਤੇ ਕਾਰਪੋਰੇਟ ਘਰਾਣਿਆਂ ਦੀ ਅਸੀਮ ਲੋਭ ਨੂੰ ਪੇਸ਼ ਕਰਨ ਵਿੱਚ ਬਹੁਤ ਸਫਲ ਹੋਇਆ ਹੈ ਅਤੇ ਸਾਨੂੰ ਇਸ਼ਾਰਾ ਕਰ ਰਿਹਾ ਹੈ ਕਿ ਅਸੀਂ ਆਉਣ ਵਾਲੇ ਸਮੇਂ ਵਿੱਚ ਇਸ ਭਿਆਨਕ ਸੱਭਿਅਚਾਰ ਤੋਂ ਬਚਕੇ ਰਹੀਏ ਗੁਰੂ ਸਾਹਿਬਾਨ ਵੱਲੋਂ ਬਖਸ਼ੇ ਸਬਰ ਸੰਤੋਖ ਵਾਲੇ ਰਾਹ ਨੂੰ ਅਪਣਾਈਏ
ਇਹ ਲੇਖ ਨਾਟਕ ਬਾਰੇ ਸਾਡਾ ਅਨੁਭਵ ਸੀ । ਇਹ ਕੋਈ ਅਖੀਰੀ ਨਿਚੋੜ ਨਹੀਂ, ਤੁਸੀਂ ਜੇਕਰ ਇਹ ਨਾਟਕ ਦੇਖਿਆ ਹੈ ਤਾਂ ਕਮੈਂਟ ਵਿੱਚ ਆਪਣਾ ਅਨੁਭਵ ਸਾਂਝਾ ਕਰਨਾ ।।
-ਧੰਨਵਾਦ