ਆਕਲੈਂਡ (ਹਰਪ੍ਰੀਤ ਸਿੰਘ) - ਇਹ ਖਬਰ ਸੱਚਮੁੱਚ ਹੀ ਬਹੁਤ ਮਾਣ ਵਾਲੀ ਹੈ, ਰੋਪੜ ਦੇ 5 ਸਾਲਾ ਤੇਗਬੀਰ ਨੇ ਅਫਰੀਕਾ ਦੀ ਸਭ ਤੋਂ ਉੱਚੀ ਚੋਟੀ ਮਾਉਂਟ ਕੀਲੀਮਨਜਾਰੋ ਨੂੰ ਸਰ ਕਰ ਦਿੱਤਾ ਹੈ ਤੇ ਅਜਿਹਾ ਕਰਨ ਵਾਲਾ ਉਹ ਸਭ ਤੋਂ ਛੋਟੀ ਉਮਰ ਦਾ ਜੁਆਕ ਬਣ ਗਿਆ ਹੈ। ਕੀਲੀਮੰਜਾਰੋ ਪਹਾੜੀ, ਤਨਜਾਨੀਆ ਵਿੱਚ ਸਥਿਤ ਹੈ, ਜਿਸਦੀ ਉਚਾਈ 19,340 ਫੁੱਟ ਹੈ। ਤੇਗਬੀਰ ਨੇ ਛੋਟੇ ਛੋਟੇ ਕਦਮਾਂ ਨਾਲ ਇਹ ਕੀਰਤੀਮਾਨ ਸਥਾਪਿਤ ਕਰਨ ਨੂੰ 5 ਦਿਨ ਦਾ ਸਮਾਂ ਲਾਇਆ, ਉਸਨੇ 18 ਅਗਸਤ ਨੂੰ ਇਹ ਚੜਾਈ ਸ਼ੁਰੂ ਕੀਤੀ ਸੀ ਤੇ 23 ਅਗਸਤ ਨੂੰ ਉਹ ਕੀਲੀਮੰਜਾਰੋ ਦੇ ਸਭ ਤੋਂ ਉੱਚੇ ਪੁਆਇੰਟ 'ਤੇ ਪੁੱਜ ਗਿਆ ਸੀ।
ਇਹ ਵੀ ਦੱਸਣਾ ਬਣਦਾ ਹੈ ਕਿ ਇਹ ਚੜਾਈ ਬਿਲਕੁਲ ਵੀ ਸੌਖੀ ਨਹੀਂ ਸੀ, ਕਿਉਂਕਿ ਘੱਟ ਆਕਸੀਜਨ ਅਤੇ ਜਮਾ ਦੇਣ ਵਾਲਾ -10 ਡਿਗਰੀ ਸੈਲਸੀਅਸ ਦਾ ਤਾਪਮਾਨ ਵੱਡੇ ਤੋਂ ਵੱਡੇ ਦੇ ਹੌਂਸਲੇ ਢਾਉਣ ਵਿੱਚ ਸਫਲ ਹੋ ਜਾਂਦਾ ਹੈ, ਪਰ ਤੇਗਬੀਰ ਦੀ ਟ੍ਰੈਨਿੰਗ ਤੇ ਉਸਦੇ ਦ੍ਰਿੜ ਨਿਸ਼ਚੇ ਨੇ ਉਸਨੂੰ ਇਹ ਮੁਕਾਮ ਦੁਆਇਆ।