ਆਕਲੈਂਡ (ਹਰਪ੍ਰੀਤ ਸਿੰਘ) - ਪ੍ਰਵਾਸੀਆਂ ਲਈ ਇਸ ਵੇਲੇ ਦੁਨੀਆਂ ਭਰ ਦੇ ਦੇਸ਼ਾਂ ਵਿੱਚ ਪੱਕੇ ਹੋਣਾ ਔਖਾ ਹੋਇਆ ਪਿਆ ਹੈ ਤੇ ਇਸ ਵੇਲੇ ਤਾਂ ਇਮੀਗ੍ਰੇਸ਼ਨ ਦੇ ਮੁੱਦੇ 'ਤੇ ਹਮੇਸ਼ਾ ਹੀ ਨਰਮਾਈ ਵਰਤਣ ਵਾਲੀ ਕੈਨੇਡਾ ਸਰਕਾਰ ਵਲੋਂ ਵੀ ਅਚਾਨਕ ਸਖਤ ਫੈਸਲੇ ਲਏ ਜਾਣ ਤੋਂ ਬਾਅਦ ਕੈਨੇਡਾ ਵਿੱਚ ਵੀ ਪ੍ਰਵਾਸੀਆਂ ਦੇ ਹਾਲਾਤ ਬਦਲਣੇ ਸ਼ੁਰੂ ਹੋ ਗਏ ਹਨ। ਆਂਕੜੇ ਦੱਸਦੇ ਹਨ ਕਿ ਅਜਿਹੇ ਲੋਕਾਂ ਦੀ ਗਿਣਤੀ ਵਿੱਚ ਭਾਰੀ ਵਾਧਾ ਹੋਇਆ ਹੈ, ਜੋ ਟੂਰੀਸਟ ਵੀਜਾ 'ਤੇ ਸੀ ਜਾਂ ਸਟੂਡੈਂਟ ਵੀਜਾ 'ਤੇ ਸਨ, ਹੁਣ ਅਜਿਹੇ ਲੋਕ ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾ ਕੇ ਅਸਾਇਲਮ ਦੇ ਕੇਸ ਲਾ ਰਹੇ ਹਨ, ਇਨ੍ਹਾਂ ਹੀ ਨਹੀਂ ਗੈਰ-ਜਿੰਮੇਵਾਰ ਐਜੰਟਾਂ ਦੀ ਸਲਾਹ 'ਤੇ ਕੈਨੇਡਾ ਵਿੱਚ ਵੀ ਇਨ੍ਹਾਂ ਵੀਜਾ ਵਾਲਿਆਂ ਨੇ ਲੱਖਾਂ ਦੀ ਗਿਣਤੀ ਵਿੱਚ ਅਸਾਇਲਮ ਦੇ ਕੇਸ ਲਾਏ ਹਨ। ਅਸਾਇਲਮ ਦੇ ਕੇਸਾਂ ਸਬੰਧੀ ਆਂਕੜੇ ਦੱਸਦੇ ਹਨ ਕਿ ਸਿਰਫ 8-10% ਕੇਸ ਹੀ ਸਫਲ ਹੋ ਪਾਉਂਦੇ ਹਨ ਅਤੇ ਮੌਜੂਦਾ ਸਮੇਂ ਵਿੱਚ ਕਰੀਬ 8-10 ਸਾਲ ਦਾ ਸਮਾਂ ਲੱਗਦਾ ਹੈ ਇੱਕ ਕੇਸ ਸਬੰਧੀ ਕਾਰਵਾਈ ਪੂਰੀ ਹੋਣ ਨੂੰ,ਕਿਉਂਕਿ ਇਨ੍ਹੇਂ ਜਿਆਦਾ ਜੱਜ ਮੌਜੂਦ ਨਹੀਂ, ਜੋ ਇਨ੍ਹਾਂ ਕੇਸਾਂ ਦੀ ਸੁਣਵਾਈ ਕਰ ਸਕਣ। ਦੂਜੇ ਪਾਸੇ ਜੋ ਅਮਰੀਕਾ ਦਾ ਬਾਰਡਰ ਟੱਪ ਰਹੇ ਹਨ, ਉੱਥੇ ਤਾਂ ਹੋਰ ਵੀ ਔਖਾ ਹੈ, ਪਹਿਲ਼ਾਂ ਤਾਂ ਅਮਰੀਕਾ ਨੇ ਕਾਨੂੰਨ ਪਾਸ ਕਰਤਾ ਹੈ ਕਿ ਜਿਸ ਦੇਸ਼ ਵਿੱਚ ਸਭ ਤੋਂ ਪਹਿਲਾਂ ਤੁਸੀਂ ਲੈਂਡ ਹੋਏ, ਉੱਥੇ ਹੀ ਅਸਾਇਲਮ ਲਾ ਸਕਦੇ ਹੋ ਤੇ ਜੇ ਅਮਰੀਕਾ ਵਿੱਚ ਅਸਾਇਲਮ ਲੱਗਦਾ ਵੀ ਹੈ ਤਾਂ ਵੀ 15-20 ਸਾਲ ਦਾ ਸਮਾਂ ਵੱਟ 'ਤੇ ਪਿਆ ਹੈ, ਕੇਸ ਦੀ ਕਾਰਵਾਈ ਪੂਰੀ ਹੋਣ ਨੂੰ।