ਆਕਲੈਂਡ (ਹਰਪ੍ਰੀਤ ਸਿੰਘ) - ਟੈਕਸਾਸ ਦੇ ਯੁਵਾਲਡੇ ਦੇ ਰੋਬ ਐਲੀਮੈਂਟਰੀ ਸਕੂਲ ਵਿੱਚ ਵਾਪਰੇ ਖੂਨੀ ਹਾਦਸੇ ਵਿੱਚ 19 ਬੱਚਿਆਂ ਤੇ 2 ਅਧਿਆਪਕਾਂ ਦੀ ਮੌਤ ਹੋ ਗਈ ਸੀ। ਇਸ ਹਾਦਸੇ ਵਿੱਚ ਦਰਜਨਾਂ ਜਖਮੀ ਹੋਏ ਸਨ। ਇਨ੍ਹਾਂ ਹੀ ਬੱਚਿਆਂ ਵਿੱਚੋਂ ਇੱਕ ਸੀ 11 ਸਾਲਾਂ ਮੀਆ ਸੇਰੀਲੋ, ਜਿਸ ਨੇ ਸੀ ਐਨ ਐਨ 'ਤੇ ਆਪਣੀ ਹੱਡਬੀਤੀ ਦੱਸੀ।
ਉਸਨੇ ਦੱਸਿਆ ਕਿ ਕਿਸ ਤਰ੍ਹਾਂ ਆਪਣੀ ਜਾਨ ਬਚਾਉਣ ਲਈ ਉਸਨੇ ਲਗਭਗ 3 ਘੰਟੇ ਮਰਨ ਦਾ ਨਾਟਕ ਕੀਤਾ ਤੇ ਇਸ ਦੌਰਾਨ ਆਪਣੇ ਆਪ ਨੂੰ ਮ੍ਰਿਤਕ ਦਿਖਾਉਣ ਲਈ ਉਸਨੇ ਆਪਣੇ ਸ਼ਰੀਰ ਤੇ ਚਿਹਰੇ 'ਤੇ ਆਪਣੇ ਹੀ ਮ੍ਰਿਤਕ ਮਿੱਤਰ ਦਾ ਖੂਨ ਵੀ ਮਲਿਆ।
ਮੀਆ ਨੇ ਦੱਸਿਆ ਕਿ ਉਨ੍ਹਾਂ ਦੀ ਅਧਿਆਪਕਾ ਨੇ ਦੱਸਿਆ ਕਿ ਸਕੂਲ ਵਿੱਚ ਸ਼ੂਟਰ ਆ ਵੜਿਆ ਹੈ ਤੇ ਉਨ੍ਹਾਂ ਕਲਾਸ ਦਾ ਦਰਵਾਜਾ ਬੰਦ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਸ ਦੌਰਾਨ ਸ਼ੂਟਰ ਆਇਆ, ਉਸਨੇ ਬਾਰੀ ਵਿੱਚੋਂ ਦਰਵਾਜੇ 'ਤੇ ਗੋਲੀ ਮਾਰੀ ਤੇ ਮੀਆ ਦੀ ਅਧਿਆਪਕਾ ਕੋਲ ਪੁੱਜਾ, ਉਨ੍ਹਾਂ ਦੀ ਅੱਖਾਂ ਵਿੱਚ ਦੇਖਿਆ ਤੇ ਉਨ੍ਹਾਂ ਨੂੰ ਗੋਲੀ ਮਾਰ ਦਿੱਤੀ ਤੇ ਉਸਤੋਂ ਬਾਅਦ ਬਾਕੀ ਬੱਚਿਆਂ ਨੂੰ ਵੀ ਗੋਲੀਆਂ ਨਾਲ ਮਾਰਨਾ ਸ਼ੁਰੂ ਕਰ ਦਿੱਤਾ।
ਮੀਆ ਦੇ ਕੋਲ ਹੀ ਗੋਲੀਆਂ ਦੇ ਖਾਲੀ ਖੋਲ ਗਿਰ ਰਹੇ ਸਨ। ਉਸਤੋਂ ਬਾਅਦ ਹੱਤਿਆਰਾ ਦੂਜੇ ਕਮਰੇ ਵਿੱਚ ਜਾਕੇ ਬੱਚਿਆਂ ਨੂੰ ਗੋਲੀਆਂ ਮਾਰਨ ਲੱਗ ਪਿਆ,ਜਿਨ੍ਹਾਂ ਦੀਆਂ ਚੀਕਾਂ ਅਜੇ ਵੀ ਉਸਦੇ ਕੰਨਾਂ ਵਿੱਚ ਗੁੰਝ ਰਹੀਆਂ ਹਨ।
ਮੀਆਂ ਤੇ ਉਸਦੇ ਕੁਝ ਬਚੇ ਦੋਸਤਾਂ ਨੇ ਹਿੰਮਤ ਕੀਤੀ ਤੇ ਅਧਿਆਪਕਾ ਦਾ ਫੋਨ ਲੈਕੇ ਪੁਲਿਸ ਨੂੰ 911 'ਤੇ ਕਾਲ ਕੀਤੀ। ਹੱਤਿਆਰਾ ਕਿਤੇ ਦੁਬਾਰਾ ਨਾ ਆ ਜਾਏ ਇਸ ਲਈ ਉਸਨੇ ਆਪਣੇ ਮ੍ਰਿਤਕ ਦੋਸਤ ਦਾ ਖੂਨ ਆਪਣੇ ਸ਼ਰੀਰ ਤੇ ਚਿਹਰੇ 'ਤੇ ਲਾਇਆ ਤੇ ਮ੍ਰਿਤਕ ਹੋਣ ਦਾ ਡਰਾਮਾ ਕੀਤਾ। ਮੀਆ ਅਨੁਸਾਰ ਬੱਚਿਆਂ ਨੂੰ ਕਤਲ ਕਰਨ ਤੋਂ ਬਾਅਦ ਹੱਤਿਆਰੇ ਨੇ ਇੱਕ ਉਦਾਸ ਗਾਣਾ ਵੀ ਗਾਇਆ।
ਇਸ ਵੇਲੇ ਮੀਆ ਮਾਨਸਿਕ ਪੱਖੋਂ ਕਾਫੀ ਪ੍ਰੇਸ਼ਾਨ ਹੈ ਤੇ ਉਸਦੀ ਥੇਰਪੀ ਚੱਲ ਰਹੀ ਹੈ।