ਗੁਰਵਿੰਦਰ ਸਿੰਘ ਧਾਲੀਵਾਲ
ਕੌਮਾਂਤਰੀ ਪੱਧਰ 'ਤੇ ਸਿੱਖ ਕੌਮ ਲਈ ਇਹ ਮਾਣ ਵਾਲੀ ਗੱਲ ਹੈ ਕਿ ਕੈਨੇਡਾ ਵਿੱਚ ਮੱਲ ਅਖਾੜਿਆਂ ਦੇ ਨਾਂ ਗੁਰੂ ਸਾਹਿਬਾਨ ਅਤੇ ਸਿੱਖ ਵਿਰਾਸਤ ਨੂੰ ਸਮਰਪਿਤ ਹਨ, ਜਿਵੇਂ ਕਿ ਮੀਰੀ ਪੀਰੀ ਰੈਸਲਿੰਗ ਕਲੱਬ, ਖਾਲਸਾ ਰੈਸਲਿੰਗ ਕਲੱਬ, ਗੁਰੂ ਗੋਬਿੰਦ ਸਿੰਘ ਅਖਾੜਾ, ਸ਼ਹੀਦ ਭਾਈ ਭੁਪਿੰਦਰ ਸਿੰਘ ਅਖਾੜਾ ਆਦਿ। ਇਨ੍ਹਾਂ ਅਖਾੜਿਆਂ ਦੇ ਪਹਿਲਵਾਨਾਂ ਨੇ ਅੰਤਰਰਾਸ਼ਟਰੀ ਪੱਧਰ 'ਤੇ ਸ਼ਾਨਦਾਰ ਜਿੱਤਾਂ ਦਰਜ ਕੀਤੀਆਂ ਹਨ। ਇਨ੍ਹੀਂ ਦਿਨੀਂ ਇੰਗਲੈਂਡ ਵਿੱਚ ਰਾਸ਼ਟਰਮੰਡਲ ਖੇਡਾਂ 28 ਜੁਲਾਈ ਤੋਂ 8 ਅਗਸਤ ਤੱਕ ਹੋ ਰਹੀਆਂ ਹਨ, ਜਿਨ੍ਹਾਂ ਵਿਚ ਕੈਨੇਡਾ ਦੇ ਤਿੰਨ ਸਿੱਖ ਨੌਜਵਾਨ ਨਿਸ਼ਾਨਪ੍ਰੀਤ ਸਿੰਘ ਰੰਧਾਵਾ, ਜਸਮੀਤ ਸਿੰਘ ਫੂਲਕਾ ਅਤੇ ਅਮਰਵੀਰ ਸਿੰਘ ਢੇਸੀ ਹਿੱਸਾ ਲੈ ਰਹੇ ਹਨ।
ਖਾਲਸਾ ਰੈਸਲਿੰਗ ਕਲੱਬ, ਸਰੀ ਕਿਸੇ ਜਾਣ-ਪਹਿਚਾਣ ਦਾ ਮੁਹਤਾਜ ਨਹੀਂ, ਜਿਸ ਦੇ ਪਹਿਲਵਾਨ ਉਸਤਾਦ ਬਲਬੀਰ ਸਿੰਘ ਢੇਸੀ ਉਰਫ ਸ਼ੀਰੀ ਪਹਿਲਵਾਨ ਨੇ ਅਨੇਕਾਂ ਨੌਜਵਾਨਾਂ ਨੂੰ ਸਿਖਲਾਈ ਦਿੱਤੀ। ਖੁਸ਼ੀ ਵਾਲੀ ਗੱਲ ਹੈ ਕਿ ਉਨ੍ਹਾਂ ਦੇ ਹੋਣਹਾਰ ਸਪੁੱਤਰ ਅਮਰਵੀਰ ਸਿੰਘ ਢੇਸੀ ਨੇ ਰਾਸ਼ਟਰਮੰਡਲ ਖੇਡਾਂ ਦੇ ਕੁਸ਼ਤੀ ਮੁਕਾਬਲਿਆਂ ਵਿਚ ਕੈਨੇਡਾ ਦੀ ਪ੍ਰਤੀਨਿਧਤਾ ਕਰਨ ਲਈ ਨਾਂ ਦਰਜ ਕਰਵਾਉਂਦਿਆਂ, 125 ਕਿਲੋ ਵਜ਼ਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ। ਅਮਰਵੀਰ ਸਿੰਘ ਢੇਸੀ ਨੇ ਪਿਛਲੇ ਵਰ੍ਹਿਆਂ ਦੌਰਾਨ ਅਨੇਕਾਂ ਕੁਸ਼ਤੀ ਸਕਾਲਰਸ਼ਿਪ ਜਿੱਤ ਕੇ ਨਵਾਂ ਰਿਕਾਰਡ ਬਣਾਇਆ ਅਤੇ ਆਪਣੇ ਸ਼ਹਿਰ ਸਰੀ ਦਾ ਹੀ ਨਹੀਂ, ਬਲਕਿ ਸਮੂਹ ਕੈਨੇਡਾ ਦਾ ਮਾਣ ਵਧਾਇਆ ਹੈ। ਕੋਚ ਉਸਤਾਦ ਸ਼ੀਰੀ ਪਹਿਲਵਾਨ ਦਾ ਪਿਛਲਾ ਪਿੰਡ ਜ਼ਿਲ੍ਹਾ ਜਲੰਧਰ ਸਥਿਤ ਸੰਗਵਾਲ ਨੇੜੇ ਆਦਮਪੁਰ ਹੈ ਅਤੇ ਉਨ੍ਹਾਂ ਦੀ ਅਗਵਾਈ ਵਿਚ ਅਨੇਕਾਂ ਨੌਜਵਾਨਾਂ ਨੇ ਕੌਮਾਂਤਰੀ ਜਿੱਤਾਂ ਹਾਸਲ ਕਰਦਿਆਂ, ਖ਼ਾਲਸਾ ਰੈਸਲਿੰਗ ਕਲੱਬ ਦਾ ਨਾਂ ਰੋਸ਼ਨ ਕੀਤਾ ਹੈ।
ਗੁਰੂ ਗੋਬਿੰਦ ਸਿੰਘ ਕੁਸ਼ਤੀ ਅਖਾੜੇ, ਐਬਟਸਫੋਰਡ ਦਾ ਪਹਿਲਵਾਨ ਨਿਸ਼ਾਨਪ੍ਰੀਤ ਸਿੰਘ ਰੰਧਾਵਾ 97 ਕਿਲੋਗ੍ਰਾਮ ਵਰਗ ਵਿੱਚ ਰਾਸ਼ਟਰਮੰਡਲ ਕੁਸ਼ਤੀ ਮੁਕਾਬਲਿਆਂ ਵਿਚ, ਕੈਨੇਡਾ ਦੀ ਪ੍ਰਤੀਨਿਧਤਾ ਕਰੇਗਾ। ਐਬਟਸਫੋਰਡ ਵਾਸੀ ਗੁਰਜੀਤ ਸਿੰਘ ਰੰਧਾਵਾ ਅਤੇ ਕੁਲਵੰਤ ਕੌਰ ਰੰਧਾਵਾ ਦਾ ਹੋਣਹਾਰ ਸਪੁੱਤਰ ਅਤੇ ਗੁਰੂ ਗੋਬਿੰਦ ਸਿੰਘ ਕੁਸ਼ਤੀ ਅਖਾੜੇ ਦੇ ਬਾਨੀ ਪਹਿਲਵਾਨ ਬੂਟਾ ਸਿੰਘ ਢੀਂਡਸਾ ਦਾ ਭਾਣਜਾ ਨਿਸ਼ਾਨ ਰੰਧਾਵਾ ਇਸ ਤੋਂ ਪਹਿਲਾਂ ਵੀ ਵਿਸ਼ਵ ਪੱਧਰੀ ਟੂਰਨਾਮੈਂਟਾਂ ਵਿੱਚ ਕਈ ਮੈਡਲ ਜਿੱਤ ਚੁੱਕਿਆ ਹੈ, ਜਦਕਿ ਸ਼ਹੀਦ ਭਾਈ ਮੇਵਾ ਸਿੰਘ ਮੁਕਾਬਲਿਆਂ ਵਿੱਚ ਤਿੰਨ ਵਾਰ ਜੇਤੂ ਰਿਹਾ ਹੈ। ਉਹ ਅੱਠਵੀਂ ਤੋਂ ਬਾਰ੍ਹਵੀਂ ਜਮਾਤ ਤਕ ਬੀਸੀ ਰੈਸਲਿੰਗ ਚੈਂਪੀਅਨਸ਼ਿਪ ਦਾ ਜੇਤੂ ਰਿਹਾ, ਜਦਕਿ ਸਪੇਨ. ਕਿਊਬਾ ਅਤੇ ਹੋਰਨਾਂ ਵੱਖ-ਵੱਖ ਥਾਵਾਂ 'ਤੇ ਸਫਲ ਰਿਹਾ। ਪੰਜਾਬ ਤੋਂ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਬਟਾਲਾ ਸਾਇੰਸ ਸਿਟੀ ਨਾਲ ਸੰਬੰਧਤ ਨਿਸ਼ਾਨਪ੍ਰੀਤ ਸਿੰਘ ਰੰਧਾਵਾ ਤੋਂ ਰਾਸ਼ਟਰਮੰਡਲ ਖੇਡਾਂ ਵਿੱਚ ਜਿੱਤ ਦੀਆਂ ਭਰਪੂਰ ਆਸਾਂ ਹਨ।
ਸਾਡੇ ਲਈ ਹੋਰ ਮਾਣ ਵਾਲੀ ਗੱਲ ਹੈ ਕਿ ਮੀਰੀ ਪੀਰੀ ਰੈਸਲਿੰਗ ਕਲੱਬ ਦੇ ਹੋਣਹਾਰ ਪਹਿਲਵਾਨ ਜਸਮੀਤ ਸਿੰਘ ਫੂਲਕਾ ਨੇ 74 ਕਿਲੋਗ੍ਰਾਮ ਵਰਗ ਵਿੱਚ ਬਰਮਿੰਘਮ ਵਿੱਚ ਹੋ ਰਹੀਆਂ ਰਾਸ਼ਟਰਮੰਡਲ (ਕਾਮਨਵੈਲਥ) ਖੇਡਾਂ ਵਿੱਚ ਹਿੱਸਾ ਲੈਣ ਅਤੇ ਕੈਨੇਡਾ ਦੀ ਪ੍ਰਤੀਨਿਧਤਾ ਕਰਨ ਵਿੱਚ ਸਮੂਹ ਕੈਨੇਡੀਅਨ ਭਾਈਚਾਰੇ ਅਤੇ ਸਿੱਖ ਕੌਮ ਦਾ ਮਾਣ ਵਧਾਇਆ ਹੈ। ਐਬਟਸਫੋਰਡ ਦੇ ਵਸਨੀਕ ਨੌਜਵਾਨ ਜਸਮੀਤ ਸਿੰਘ ਫੂਲਕਾ ਦੀ ਪ੍ਰਾਪਤੀ ਲਈ ਸਮੂਹ ਭਾਈਚਾਰਾ ਖੁਸ਼ੀ ਮਨਾ ਰਿਹਾ ਹੈ। ਹਰਜੀਤ ਸਿੰਘ ਫੂਲਕਾ ਦੇ ਸਪੁੱਤਰ ਅਤੇ ਕੋਚ ਸੁੱਚਾ ਸਿੰਘ ਮਾਨ ਦੇ ਸ਼ਗਿਰਦ ਜਸਮੀਤ ਸਿੰਘ ਫੂਲਕਾ ਤੋਂ ਕਾਮਨਵੈਲਥ ਖੇਡਾਂ ਵਿਚ ਮੰਜ਼ਿਲਾਂ ਤੇੈਅ ਕਰਨ ਲਈ ਵੱਡੀਆਂ ਆਸਾਂ ਹਨ। ਹਰਜੀਤ ਸਿੰਘ ਫੂਲਕਾ ਦਾ ਜੱਦੀ ਪਿੰਡ ਜ਼ਿਲ੍ਹਾ ਹੁਸ਼ਿਆਰਪੁਰ ਸਥਿਤ ਖੱਖਾਂ ਹੈ ਅਤੇ ਫੂਲਕਾ ਪਰਿਵਾਰ ਨੇ ਮੀਰੀ ਪੀਰੀ ਰੈਸਲਿੰਗ ਕਲੱਬ ਦੇ ਬੈਨਰ ਹੇਠ ਆਪਣੇ ਬੱਚਿਆਂ ਨੂੰ ਉੱਚੀਆਂ ਮੰਜ਼ਿਲਾਂ ਤੱਕ ਲਿਜਾਣ ਵਿਚ ਵਧੀਆ ਭੂਮਿਕਾ ਨਿਭਾਈ ਹੈ।
ਖਾਲਸਾ ਰੈਸਲਿੰਗ ਕਲੱਬ, ਗੁਰੂ ਗੋਬਿੰਦ ਸਿੰਘ ਕੁਸ਼ਤੀ ਅਖਾੜੇ ਅਤੇ ਮੀਰੀ ਪੀਰੀ ਰੈਸਲਿੰਗ ਕਲੱਬ ਦੇ ਇਨ੍ਹਾਂ ਪਹਿਲਵਾਨਾਂ ਦੀ ਮਿਹਨਤ ਅਤੇ ਸਿਰੜ ਦੇ ਨਾਲ -ਨਾਲ/ ਸਭ ਤੋਂ ਵੱਡੀ ਬਖਸ਼ਿਸ਼ ਮੀਰੀ ਪੀਰੀ ਦੇ ਮਾਲਕ ਗੁਰੂ ਹਰਗੋਬਿੰਦ ਸਾਹਿਬ ਅਤੇ ਖ਼ਾਲਸੇ ਦੇ ਸਿਰਜਕ ਦਸਮੇਸ਼ ਪਿਤਾ ਦਾ ਥਾਪੜਾ ਇਨ੍ਹਾਂ ਦੀ ਪਿੱਠ 'ਤੇ ਹੈ। ਇਨ੍ਹਾਂ ਤਿੰਨਾਂ ਪਹਿਲਵਾਨਾਂ ਅਮਰਬੀਰ ਸਿੰਘ ਢੇਸੀ, ਜਸਮੀਤ ਸਿੰਘ ਫੂਲਕਾ ਅਤੇ ਨਿਸ਼ਾਨ ਪ੍ਰੀਤ ਸਿੰਘ ਰੰਧਾਵਾ ਦੀਆਂ ਪ੍ਰਾਪਤੀਆਂ ਵਿੱਚ ਕਾਮਨਵੈਲਥ ਖੇਡਾਂ ਦੀ ਰੈਸਲਿੰਗ ਮੁਕਾਬਲਿਆਂ ਵਿੱਚ ਕੈਨੇਡਾ ਦੀ ਪ੍ਰਤੀਨਿਧਤਾ ਕਰਨ ਅਤੇ ਜਿੱਤਾਂ ਜਿੱਤਾਂ ਨਾਲ ਨਾ ਸਿਰਫ਼ ਸਿੱਖ ਭਾਈਚਾਰੇ ਦਾ ਮਾਣ ਹੀ ਵਧੇਗਾ, ਬਲਕਿ ਭਟਕੇ ਹੋਏ ਨੌਜਵਾਨਾਂ ਨੂੰ ਵੀ ਸਹੀ ਦਿਸ਼ਾ ਮਿਲੇਗੀ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਓਲੰਪਿਕ ਖੇਡਾਂ ਵਿੱਚ ਭੁੱਲਰ ਰੈਸਲਿੰਗ ਕਲੱਬ ਦੇ ਅਰਜੁਨ ਸਿੰਘ ਭੁੱਲਰ ਹਿੱਸਾ ਲੈ ਚੁੱਕੇ ਹਨ, ਜਿਨ੍ਹਾਂ ਨੇ ਰਾਸ਼ਟਰ ਮੰਡਲ ਖੇਡਾਂ ਵਿੱਚ ਦਿੱਲੀ 'ਚ 'ਗੋਲਡ ਮੈਡਲ' ਜਿੱਤਿਆ ਸੀ। ਜਿੱਥੇ ਕੈਨੇਡਾ ਵੱਲੋਂ ਤਿੰਨ ਸਿੱਖ ਨੌਜਵਾਨ ਰਾਸ਼ਟਰਮੰਡਲ ਖੇਡਾਂ ਵਿਚ ਪ੍ਰਤੀਨਿਧਤਾ ਕਰਨਗੇ, ਉਥੇ ਮਾਣ ਵਾਲੀ ਗੱਲ ਹੈ ਕਿ ਇੰਗਲੈਂਡ ਤੋਂ ਪਹਿਲਵਾਨ ਮਨਧੀਰ ਸਿੰਘ ਕੂਨਰ ਬਰਮਿੰਘਮ ਕਾਮਨਵੈਲਥ ਖੇਡਾਂ ਵਿਚ ਕੁਸ਼ਤੀ ਲੜੇਗਾ। ਸਭ ਨੂੰ ਵਾਹਿਗੁਰੂ ਚੜ੍ਹਦੀ ਕਲਾ ਬਖ਼ਸ਼ੇ ਤੇ ਜਿੱਤਾਂ ਬਖ਼ਸ਼ੇ!!