ਆਕਲੈਂਡ (ਹਰਪ੍ਰੀਤ ਸਿੰਘ) - ਕੈਨੇਡਾ ਦੀ ਟਰੂਡੋ ਸਰਕਾਰ ਦੇ ਇਮੀਗ੍ਰੇਸ਼ਨ ਮੰਤਰੀ ਸੀਨ ਫਰੇਜਰ ਨੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਦੇ ਮਾਮਲੇ ਵਿੱਚ ਅੱਜ ਇੱਕ ਬਹੁਤ ਹੀ ਅਹਿਮ ਐਲਾਨ ਕੀਤਾ ਹੈ।
ਯੂਨੀਵਰਸਿਟੀ ਆਫ ਓਟਾਵਾ ਦੇ ਕੈਂਪਸ ਨਜਦੀਕ ਮੌਜੂਦ ਮਨਿਸਟਰ ਨੇ ਐਲਾਨ ਕਰਦਿਆਂ ਦੱਸਿਆ ਕਿ ਅੰਤਰ-ਰਾਸ਼ਟਰੀ ਵਿਦਿਆਰਥੀਆਂ ਲਈ ਹਫਤੇ ਦੇ 20 ਘੰਟੇ ਕੰਮ ਕਰਨ ਦਾ ਜੋ ਨਿਯਮ ਸੀ, ਉਸਨੁੰ ਖਤਮ ਕਰ ਦਿੱਤਾ ਗਿਆ ਹੈ ਤੇ ਹੁਣ ਕੈਨੇਡਾ ਵਿੱਚ ਮੌਜੂਦ ਫੁੱਲ ਟਾਈਮ ਕੋਰਸਾਂ ਵਿੱਚ ਪੜ੍ਹਾਈ ਕਰਦੇ ਵਿਦਿਆਰਥੀ ਫੁੱਲ ਟਾਈਮ ਕੰਮ ਕਰ ਸਕਦੇ ਹਨ, ਭਾਵ ਹੁਣ ਹਫਤੇ ਦੇ 20 ਘੰਟੇ ਤੋਂ ਵੱਧ ਕੰਮ ਕਰਨ ਵਾਲੇ ਅੰਤਰ-ਰਾਸ਼ਟਰੀ ਵਿਦਿਆਰਥੀਆਂ ਨੂੰ ਕੋਈ ਦਿੱਕਤ ਨਹੀਂ ਆਏਗੀ।
ਇਹ ਫੈਸਲਾ 15 ਨਵੰਬਰ ਤੋਂ ਲਾਗੂ ਹੋ ਜਾਏਗਾ। ਕੈਨੇਡਾ ਸਰਕਾਰ ਨੇ ਇਹ ਫੈਸਲਾ ਲੇਬਰ ਸ਼ਾਰਟੇਜ ਦੇ ਕਾਰਨ ਲਿਆ ਹੈ ਅਤੇ ਇਹ ਫੈਸਲਾ 2023 ਦੇ ਅੰਤ ਤੱਕ ਲਾਗੂ ਰਹੇਗਾ। ਇਮੀਗ੍ਰੇਸ਼ਨ ਮਨਿਸਟਰ ਨੇ ਇਸ ਮੌਕੇ ਇਹ ਵੀ ਕਿਹਾ ਕਿ ਕੈਨੇਡਾ ਸਰਕਾਰ ਦੇ ਇਸ ਫੈਸਲੇ ਨਾਲ ਕਾਰੋਬਾਰੀਆਂ ਨੂੰ ਕਰਮਚਾਰੀਆਂ ਦੀ ਘਾਟ ਕਾਰਨ ਆ ਰਹੀ ਦਿੱਕਤ ਤੋਂ ਰਾਹਤ ਮਿਲੇਗੀ।