ਆਕਲੈਂਡ (ਐੱਨਜ਼ੈੱਡ ਪੰਜਾਬੀ ਨਿਊਜ ਬਿਊਰੋ) ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ 481ਵੇਂ ਜੋਤੀ-ਜੋਤਿ ਦਿਹਾੜੇ ਮੌਕੇ ਪਾਕਿਸਤਾਨ 'ਚ ਪਹਿਲੀ ਵਾਰ ਕਰਤਾਰਪੁਰ ਕੌਰੀਡੋਰ ਦੇ ਰਸਤੇ ਹਿੰਦ-ਪਾਕਿ ਬਾਰਡਰ ਤੱਕ ਨਗਰ ਕੀਰਤਨ ਕੱਢਿਆ ਗਿਆ। ਜਿਸ ਵਿੱਚ ਪਾਕਿਸਤਾਨ ਦੇ ਵੱਖ-ਵੱਖ ਸੂਬਿਆਂ ਚੋਂ ਹਜ਼ਾਰਾਂ ਸਿੱਖ ਸ਼ਰਧਾਲੂਆਂ ਨੇ ਹਿੱਸਾ ਲਿਆ। ਹਾਲਾਂਕਿ ਕੋਵਿਡ-19 ਕਾਰਨ ਭਾਰਤ ਤੋਂ ਸੰਗਤ ਨਹੀਂ ਪੁੱਜ ਸਕੀ।
ਵੱਖ-ਵ ੱਖ ਰਿਪੋਰਟਾਂ ਅਨੁਸਾਰ ਈਵੈਕਿਊ ਪ੍ਰਾਪਰਟੀ ਟਰੱਸਟ ਅਤੇ ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅਗਵਾਈ 'ਚ ਐਤਵਾਰ ਨੂੰ ਇਤਿਹਾਸਕ ਗੁਰਦੁਆਰਾ ਦਰਬਾਰ ਸਾਹਿਬ ਕਰਤਾਰਪੁਰ 'ਚ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਹੋਇਆ ਸੀ ਅਤੇ ਮੰਗਲਵਾਰ ਨੂੰ ਭੋਗ ਪਾਇਆ ਗਿਆ। ਜਿਸ ਦੌਰਾਨ ਗੁਰਦੁਆਰਾ ਸਾਹਿਬ ਤੋਂ ਹਿੰਦ-ਪਾਕਿ ਬਾਰਡਰ ਤੱਕ ਕੌਰੀਡੋਰ ਦੇ ਰਸਤੇ ਰਾਹੀਂ 15 ਗੱਡੀਆਂ ਨਾਲ ਨਗਰ ਕੀਰਤਨ ਸਜਾਇਆ ਗਿਆ। ਜਿਸ ਦੌਰਾਨ ਸੰਗਤਾਂ ਪਵਿੱਤਰ ਬਾਣੀ ਜਾਪ ਕਰਦੀਆਂ ਬਾਰਡਰ 'ਤੇ ਪੁੱਜੀਆਂ ਅਤੇ ਉੱਥੇ ਅਰਦਾਸ ਕਰਨ ਪਿੱਛੋਂ ਵਾਪਸ ਗੁਰਦੁਆਰਾ ਸਾਹਿਬ ਪਰਤੀਆਂ।
ਬੋਰਡ ਅਨੁਸਾਰ ਨਰੋਵਾਲ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ ਤਾਰਿਕ ਮਹਿਮੂਦ ਵੀ ਵਿਸ਼ੇਸ਼ ਤੌਰ 'ਤੇ ਪੁੱਜੇ ਸਨ ਅਤੇ ਤਿੰਨ ਰੋਜ਼ਾ ਸਮਾਗਮ ਦੌਰਾਨ ਸਿੰਧ ਅਤੇ ਖਾਈਬਰ ਪਖਤੂਨਖਵਾ ਸੂਬਿਆਂ ਸਮੇਤ ਕੁੱਲ 4500 ਤੋਂ ਵੱਧ ਸ਼ਰਧਾਲੂ ਪੁੱਜੇ ਸਨ।