
ਮੈਲਬੋਰਨ (ਹਰਪ੍ਰੀਤ ਸਿੰਘ) – ਸਿਡਨੀ ਦੇ ਅਪਾਰਟਮੈਂਟ ਵਿੱਚ ਆਪਣੀ 19 ਸਾਲਾ ਪਤਨੀ ਨੂੰ ਕਤਲ ਕਰਕੇ ਉਸਦੇ ਮ੍ਰਿਤਕ ਸ਼ਰੀਰ ਨੂੰ ਤੇਜਾਬ ਨਾਲ ਖਤਮ ਕਰਨ ਦੀ ਕੋਸ਼ਿਸ਼ ਕਰਨ ਵਾਲੇ ਮੀਰਾਜ਼ ਜਾਫਰ ਨੂੰ 21 ਸਾਲ 6 ਮਹੀਨੇ ਦੀ ਕੈਦ ਦੀ ਸਜਾ ਸੁਣਾਈ ਗਈ ਹੈ। ਉਸਨੂੰ ਪੈਰੋਲ ਲਈ ਘੱਟੋ-ਘੱਟ 16 ਸਾਲ ਦੀ ਉਡੀਕ ਕਰਨੀ ਪਏਗੀ।
ਮੀਰਾਜ਼ ਤੇ ਅਰਮੀਨਾ ਹਯਾਤ ਦਾ ਵਿਆਹ ਮਾਪਿਆਂ ਦੀ ਮਰਜੀ ਦੇ ਖਿਲਾਫ ਹੋਇਆ ਸੀ ਤੇ ਵਿਆਹ ਤੋਂ ਕੁਝ ਸਮੇਂ ਬਾਅਦ ਹੀ ਅਰਮੀਨਾ ਆਪਣੇ ਦੋਸਤਾਂ ਨੂੰ ਦੋਨਾਂ ਦੇ ਰਿਸ਼ਤੇ ਵਿਚਾਲੇ ਕੜਵਾਹਟ ਨੂੰ ਬਿਆਨ ਕਰਨ ਲੱਗ ਪਈ ਸੀ। ਜਦੋਂ ਅਰਮੀਨਾ ਦਾ ਕਤਲ ਹੋਇਆ ਉਸ ਵੇਲੇ ਉਹ ਗਰਭਵਤੀ ਸੀ। ਉਸਨੇ ਪਤੀ ਦੇ ਸ਼ੱਕੀ ਸੁਭਾਅ ਕਾਰਨ ਉਸਨੂੰ ਛੱਡਣ ਦਾ ਮਨ ਬਣਾ ਲਿਆ ਸੀ, ਪਰ ਇਸ ਤੋਂ ਪਹਿਲਾਂ ਹੀ ਜਾਫਰ ਨੇ ਉਸਨੂੰ ਕਤਲ ਕਰ ਦਿੱਤਾ।



