
ਮੈਲਬੋਰਨ (ਜਸਪ੍ਰੀਤ ਸਿੰਘ ਰਾਜਪੁਰਾ) ਗੁਰੂ ਨਾਨਕ ਲੇਕ, ਬਰਵਿਕ ਚ ਇੱਕ ਵਿਸ਼ੇਸ਼ ਸ਼ੁਕਰਾਨਾ ਸਮਾਗਮ ਕੀਤਾ ਗਿਆ, ਜਿਸ ਵਿੱਚ ਸਿੱਖ ਭਾਈਚਾਰੇ ਦੇ ਯੋਗਦਾਨ ਤੇ ਚਾਨਣਾ ਪਾਇਆ ਗਿਆ। ਇਹ ਸਮਾਗਮ ਕਰਮ ਇਸ਼ਰਸਰ ਸੇਵਾ, ਸਿਮਰਨ ਸੋਸਾਇਟੀ ਮੇਲਬੋਰਨ (ਸੰਪ੍ਰਦਾਏ ਰਾੜਾ ਸਾਹਿਬ), ਵੁਡਲੀਆ ਸੀਨੀਅਰਜ਼ ਐਸੋਸੀਏਸ਼ਨ, ਅਤੇ ਸਿੱਖ ਮੋਟਰਸਾਈਕਲ ਕਲੱਬ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਵਿੱਚ ਵਿਕਟੋਰਿਆ ਸਰਕਾਰ ਦੇ ਮੰਤਰੀਆਂ, ਸਥਾਨਕ ਨੇਤਾਵਾਂ ਅਤੇ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਭਾਗ ਲਿਆ।
ਇਸ ਮੌਕੇ ‘ਤੇ ਸਟੀਵ ਮੈਕਗੀ, ਲੂਬਾ ਗ੍ਰਿਗੋਰੋਵਿਚ, ਪੌਲਿਨ ਰਿਚਰਡਜ਼, ਅਤੇ ਲੀ ਟਾਰਲਾਮਿਸ ਵਰਗੇ ਪ੍ਰਮੁੱਖ ਵਿਅਕਤੀਆਂ ਨੇ ਹਾਜ਼ਰੀ ਭਰੀ ਅਤੇ ਸਿੱਖ ਭਾਈਚਾਰੇ ਦੇ ਸਮਾਜਕ ਯੋਗਦਾਨ ਅਤੇ ਸੇਵਾ ਦੇ ਕੰਮਾਂ ਦੀ ਸ਼ਲਾਘਾ ਕੀਤੀ।
ਸਮਾਗਮ ਦੀ ਸ਼ੁਰੂਆਤ ਸਿਮਰਜੀਤ ਸਿੰਘ ਵੱਲੋ ਸਵਾਗਤ ਭਾਸ਼ਣ ਨਾਲ ਹੋਈ, ਜਿਨ੍ਹਾਂ ਨੇ ਬਰਵਿਕ ਲੇਕ ਦਾ ਨਾਂ ਗੁਰੂ ਨਾਨਕ ਲੇਕ ਰੱਖਣ ਲਈ ਸੂਬਾ ਸਰਕਾਰ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਇਹ ਕਦਮ ਸਿੱਖ ਭਾਈਚਾਰੇ ਦੀ ਸੇਵਾਵਾਂ ਅਤੇ ਯੋਗਦਾਨਾਂ ਨੂੰ ਸਨਮਾਨ ਦੇਣ ਦੀ ਇੱਕ ਵੱਡੀ ਨਿਸ਼ਾਨੀ ਹੈ।
ਸਮਾਗਮ ਦੌਰਾਨ ਮਹਿਮਾਨਾਂ ਨੂੰ ਯਾਦਗਾਰੀ ਸਨਮਾਨ ਦਿਤੇ ਗਏ, ਜਦਕਿ ਸਿੱਖ ਸੰਗਤ ਦੇ ਮੈਂਬਰਾਂ ਨੂੰ ਦਸਤਾਰਾਂ ਅਤੇ ਸਿੱਖੀ ਦੀ ਸਿੱਖਿਆ ਲਈ ਪੈਂਤੀ ਅੱਖਰੀ ਚਾਰਟ ਤੋਹਫੇ ਵਜੋਂ ਦਿੱਤੇ ਗਏ। ਸਾਰੇ ਮੌਜੂਦ ਵਿਆਕਤੀਆਂ ਨੇ ਮਿਲ ਕੇ ਮੂਲ ਮੰਤਰ ਦਾ ਉਚਾਰਨ ਕੀਤਾ, ਜੋ ਸਮਾਗਮ ਨੂੰ ਰੂਹਾਨੀ ਤਾਕਤ ਨਾਲ ਭਰਪੂਰ ਬਣਾਉਣ ਵਾਲਾ ਪਲ ਸੀ।
ਅਖੀਰ ਵਿੱਚ, ਸਿਮਰਜੀਤ ਸਿੰਘ ਇਸ ਗੱਲ ਬਾਰੇ ਵੀ ਜਾਣਕਾਰੀ ਸਾਂਝੀ ਕੀਤੀ ਕਿ ਲੇਕ ਦੀ ਸੁੰਦਰਤਾ ਅਤੇ ਸਫਾਈ ਬਰਕਰਾਰ ਰੱਖਣ ਲਈ ਰੁਟੀਨ ਸਫਾਈ ਮੁਹਿੰਮ ਚਲਾਈ ਜਾਵੇਗੀ। ਉਨ੍ਹਾਂ ਕਿਹਾ, “ਇਹ ਸਿਰਫ਼ ਇੱਕ ਲੇਕ ਨਹੀਂ ਹੈ; ਇਹ ਸਿੱਖ ਭਾਈਚਾਰੇ ਦੀ ਪਹਿਚਾਣ ਅਤੇ ਮਾਣ ਦਾ ਪ੍ਰਤੀਕ ਹੈ।”
ਸਮਾਗਮ ਦੀ ਸਫਲਤਾ ਦੇ ਪਿੱਛੇ ਹਰਪ੍ਰੀਤ ਮਰਵਾਹਾ, ਰਜਿੰਦਰ ਮਰਵਾਹਾ, ਅਤੇ ਪਰਮਪ੍ਰੀਤ ਰਾਜਪੂਤ ਅਤੇ ਹੋਰ ਮੈਬਰਾਂ ਦਾ ਵੱਡਾ ਯੋਗਦਾਨ ਸੀ।



