ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਤਿਆਰੀਆਂ ਮੁਕੰਮਲ, ਕੌਣ ਲੜ ਸਕਦਾ ਹੈ ਚੋਣ, ਕਿੰਨੇ ਸੰਗਠਨ ਮੈਦਾਨ ‘ਚ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐਚਐਸਜੀਐਮਸੀ) ਹਰਿਆਣਾ ਵਿੱਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੀ ਦੇਖ-ਰੇਖ ਲਈ ਜ਼ਿੰਮੇਵਾਰ ਹੈ

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚਐੱਸਜੀਐੱਮਸੀ) ਦੀਆਂ ਪਹਿਲੀ ਵਾਰ ਚੋਣਾਂ ਹੋਣ ਜਾ ਰਹੀਆਂ ਹਨ। ਇਹ ਕਮੇਟੀ ਹਰਿਆਣਾ ਵਿੱਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੀ ਦੇਖ-ਰੇਖ ਲਈ ਜ਼ਿੰਮੇਵਾਰ ਹੈ। ਕਮੇਟੀ ਦੇ ਗਠਨ ਵਾਸਤੇ ਬਣੇ ਕਾਨੂੰਨ ਤੋਂ ਲੈ ਕੇ ਸੁਪਰੀਮ ਕੋਰਟ ਦੇ ਅੰਤਿਮ ਫ਼ੈਸਲੇ ਤੱਕ ਇਸ ‘ਤੇ ਵਿਵਾਦ ਹੁੰਦਾ ਰਿਹਾ।

ਸੂਬੇ ਵਿੱਚ ਪ੍ਰਸ਼ਾਸਨ ਨੇ 40 ਸੀਟਾਂ ‘ਤੇ ਹੋਣ ਵਾਲੀਆਂ ਇਹਨਾਂ ਚੋਣਾਂ ਲਈ ਤਿਆਰੀਆਂ ਮੁਕੰਮਲ ਕਰ ਲਈਆਂ ਹਨ। ਹਰਿਆਣਾ ਵਿੱਚ ਮੁੱਖ ਤੌਰ ‘ਤੇ ਚਾਰ ਸੰਗਠਨਾਂ ਵੱਲੋਂ ਇਹ ਚੋਣਾਂ ਲੜੀਆਂ ਜਾ ਰਹੀਆਂ ਹਨ।

ਇਹਨਾਂ ਚੋਣਾਂ ਬਾਰੇ ਵਿਵਾਦ ਕੀ ਸੀ, ਇਹ ਕਿਵੇਂ ਖ਼ਤਮ ਹੋਇਆ ਅਤੇ ਇਹ ਚੋਣਾਂ ਕੌਣ ਲੜ ਸਕਦਾ ਹੈ ? ਇਸ ਬਾਰੇ ਵਿਸਥਾਰ ਨਾਲ ਜਾਣਕਾਰੀ ਦੇਵਾਂਗੇ।

ਚੋਣਾਂ ਕਦੋਂ ਹੋਣਗੀਆਂ?

ਐਚਐਸਜੀਐਮਸੀ ਦੀਆਂ ਚੋਣਾਂ ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਹੋ ਰਹੀਆਂ ਹਨ
ਤਸਵੀਰ ਕੈਪਸ਼ਨ,ਐੱਚਐੱਸਜੀਐੱਮਸੀ ਦੀਆਂ ਚੋਣਾਂ ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਹੋ ਰਹੀਆਂ ਹਨ

ਇਹ ਚੋਣਾਂ ਹਰਿਆਣਾ ਗੁਰਦੁਆਰਾ ਚੋਣ ਕਮਿਸ਼ਨ ਦੀ ਨਿਗਰਾਨੀ ਹੇਠ ਹੋਣ ਜਾ ਰਹੀਆਂ ਹਨ। ਕਮਿਸ਼ਨ ਵੱਲੋਂ ਜਾਰੀ ਕੀਤੇ ਗਏ ਨੋਟੀਫ਼ਿਕੇਸ਼ਨ ਮੁਤਾਬਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਵੋਟਾਂ 19 ਜਨਵਰੀ ਨੂੰ ਪੈਣਗੀਆਂ। ਵੋਟਾਂ ਪੈਣ ਦੀ ਪ੍ਰਕਿਰਿਆ ਸਵੇਰੇ 8 ਵਜੇ ਸ਼ੁਰੂ ਹੋਵੇਗੀ ਅਤੇ ਸ਼ਾਮ 5 ਵਜੇ ਤੱਕ ਚੱਲੇਗੀ।

ਹਰਿਆਣਾ ਦੀਆਂ ਗੁਰਦੁਆਰਾ ਚੋਣਾਂ ਦੇ ਕਮਿਸ਼ਨਰ ਨੇ ਦਸੰਬਰ 10, 2024 ਨੂੰ ਚੋਣਾਂ ਦੇ ਪ੍ਰੋਗਰਾਮ ਦਾ ਐਲਾਨ ਕੀਤਾ ਸੀ। ਚੋਣਾਂ ਦੇ ਨੋਟੀਫਿਕੇਸ਼ਨ ਅਨੁਸਾਰ 20 ਤੋਂ 28 ਦਸੰਬਰ ਤੱਕ ਨਾਮਜ਼ਦਗੀਆਂ ਦਾਖਲ ਕੀਤੀਆਂ ਜਾ ਸਕਦੀਆਂ ਸਨ। ਕਾਗਜ਼ਾਂ ਦੀ ਪੜਤਾਲ 30 ਦਸੰਬਰ ਨੂੰ ਕੀਤੀ ਜਾਣੀ ਸੀ।

ਨਾਮਜ਼ਦਗੀ ਦਾਖਲ ਕਰਨ ਵਾਲੇ ਉਮੀਦਵਾਰਾਂ ਨੂੰ ਨਾਮਜ਼ਦਗੀ ਦੀ ਆਖਰੀ ਮਿਤੀ ਤੋਂ ਪਹਿਲਾਂ ਰਿਟਰਨਿੰਗ ਅਫਸਰ ਕੋਲ 5,000 ਰੁਪਏ ਜਮ੍ਹਾ ਕਰਵਾਉਣੇ ਸਨ। ਵੋਟਾਂ ਦੀ ਗਿਣਤੀ ਚੋਣ ਮੁਕੰਮਲ ਹੋਣ ਤੋਂ ਤੁਰੰਤ ਬਾਅਦ ਹੋਵੇਗੀ।

ਉਮੀਦਵਾਰਾਂ ਵਾਸਤੇ ਕੀ ਸ਼ਰਤਾਂ ਹਨ?

ਐਚਐਸਜੀਐਮ ਕਮੇਟੀ ਦਾ ਮੈਂਬਰ ਚੁਣੇ ਜਾਣ ਲਈ ਵਿਅਕਤੀ ਅੰਮ੍ਰਿਤਧਾਰੀ ਸਿੱਖ ਹੋਣਾ ਚਾਹੀਦਾ ਹੈ
ਤਸਵੀਰ ਕੈਪਸ਼ਨ,ਐੱਚਐੱਸਜੀਐੱਮਸੀ ਕਮੇਟੀ ਦਾ ਮੈਂਬਰ ਚੁਣੇ ਜਾਣ ਲਈ ਵਿਅਕਤੀ ਅੰਮ੍ਰਿਤਧਾਰੀ ਸਿੱਖ ਹੋਣਾ ਚਾਹੀਦਾ ਹੈ

ਐੱਚਐੱਸਜੀਐੱਮਸੀ ਐਕਟ, 2014 ਦੇ ਅਨੁਸਾਰ ਕਿਸੇ ਵਿਅਕਤੀ ਨੂੰ ਕਮੇਟੀ ਦਾ ਮੈਂਬਰ ਚੁਣੇ ਜਾਣ ਲਈ ਕੁਝ ਸ਼ਰਤਾਂ ਮੁਕੱਰਰ ਹਨ।

ਇਹਨਾਂ ਸ਼ਰਤਾਂ ਮੁਤਾਬਕ ਉਹ ਵਿਅਕਤੀ ਅੰਮ੍ਰਿਤਧਾਰੀ ਸਿੱਖ ਹੋਣਾ ਚਾਹੀਦਾ ਹੈ, ਗੁਰਮੁਖੀ ਲਿਪੀ ਵਿੱਚ ਪੰਜਾਬੀ ਪੜ੍ਹ ਜਾਂ ਲਿਖਣ ਦੇ ਯੋਗ ਹੋਣਾ ਚਾਹੀਦਾ ਹੈ।

ਉਹ ਆਪਣੀ ਦਾੜ੍ਹੀ ਜਾਂ ਵਾਲ ਕੱਟਦਾ ਨਾ ਹੋਵੇ। ਨਾ ਉਹ ਸ਼ਰਾਬ ਅਤੇ ਹੋਰ ਨਸ਼ੇ ਦਾ ਸੇਵਨ ਨਾ ਕਰਦਾ ਹੋਵੇ। ਇਸ ਤੋਂ ਇਲਾਵਾ ਨਾ ਉਹ ਮੀਟ ਖਾਂਦਾ ਹੋਵੇ ਅਤੇ ਨਾ ਹੀ ਗੁਰਦੁਆਰੇ ਦਾ ਤਨਖਾਹਦਾਰ ਸੇਵਕ ਹੋਵੇ।

ਇਸ ਦੇ ਨਾਲ ਹੀ ਜਿਹੜੀ ਪਾਰਟੀ ਇੱਕ ਸਿਆਸੀ ਪਾਰਟੀ ਵਜੋਂ ਰਜਿਸਟਰਡ ਹੋਈ ਹੈ, ਉਹ ਪਾਰਟੀ ਜਾਂ ਉਸਦੇ ਉਮੀਦਵਾਰ ਪਾਰਟੀ ਦੇ ਚੋਣ ਨਿਸ਼ਾਨ ਉੱਤੇ ਇਹ ਚੋਣਾਂ ਨਹੀਂ ਲੜ ਸਕਦੇ।

ਵੋਟਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਵਰਤੋਂ ਨਾਲ ਕਰਵਾਈਆਂ ਜਾਣਗੀਆਂ।

ਐੱਚਐੱਸਜੀਐੱਮਸੀ ਦੇ ਕਿੰਨੇ ਹਲਕੇ ਹਨ

ਐਚਐਸਜੀਐਮਸੀ ਦੀਆਂ ਚੋਣਾਂ ਵੋਟਾਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈ.ਵੀ.ਐਮ.) ਦੀ ਵਰਤੋਂ ਨਾਲ ਕਰਵਾਈਆਂ ਜਾਣਗੀਆਂ
ਤਸਵੀਰ ਕੈਪਸ਼ਨ,11 ਜੁਲਾਈ 2014 ਨੂੰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਹਰਿਆਣਾ ਵਿਧਾਨ ਸਭਾ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਪਾਸ ਕੀਤਾ ਸੀ।

ਹਰਿਆਣਾ ਵਿੱਚ ਐੱਚਐੱਸਜੀਐੱਮਸੀ ਦੇ ਕੁੱਲ 49 ਮੈਂਬਰ ਹੋਣਗੇ।

ਹਰਿਆਣਾ ਦੀਆਂ ਕਈ ਸਿੱਖ ਜਥੇਬੰਦੀਆਂ ਚੋਣਾਂ ਲੜ ਰਹੀਆਂ ਹਨ ਪਰ ਇਹਨਾਂ ਵਿੱਚ ਗੁਰਦੁਆਰਾ ਸੰਘਰਸ਼ ਕਮੇਟੀ, ਹਰਿਆਣਾ (ਜਸਬੋਰ ਭਾਟੀ ਗਰੁੱਪ), ਹਰਿਆਣਾ ਸਿੱਖ ਪੰਥਕ ਦਲ (ਅਕਾਲੀ ਗਰੁੱਪ), ਪੰਥਕ ਦਲ ਹਰਿਆਣਾ (ਝੀਂਡਾ ਗਰੁੱਪ), ਸਿੱਖ ਸਮਾਜ (ਨਲਵੀ ਗਰੁੱਪ) ਅਤੇ ਸ਼੍ਰੋਮਣੀ ਅਕਾਲੀ ਦਲ ਆਜ਼ਾਦ (ਦਾਦੂਵਾਲ ਗਰੁੱਪ) ਪ੍ਰਮੁੱਖ ਹਨ।

ਸਿੱਖ ਏਕਤਾ ਦਲ ਦੇ ਆਗੂ ਪ੍ਰਿਤਪਾਲ ਸਿੰਘ ਪੰਨੂ ਨੇ ਦੱਸਿਆ ਸਦਨ ਦੇ 40 ਮੈਂਬਰ ਵੋਟਾਂ ਰਾਹੀਂ ਚੁਣੇ ਜਾਂਦੇ ਹਨ ਜਦਕਿ 9 ਮੈਂਬਰ ਨਾਮਜ਼ਦ ਕੀਤੇ ਜਾਂਦੇ ਹਨ।

ਹਰਿਆਣਾ ਸਰਕਾਰ ਵੱਲੋਂ 1 ਦਸੰਬਰ, 2022 ਨੂੰ ਨਾਮਜ਼ਦ ਕੀਤੇ ਪਹਿਲੇ ਐਡਹਾਕ ਸਦਨ ਦਾ 18 ਮਹੀਨਿਆਂ ਦਾ ਕਾਰਜਕਾਲ ਪਿਛਲੇ ਸਾਲ ਮਈ ਵਿੱਚ ਪੂਰਾ ਹੋ ਗਿਆ ਸੀ। ਇਸ ਮਗਰੋਂ ਸਰਕਾਰ ਨੇ ਅਗਸਤ ਵਿੱਚ ਨਵਾਂ ਐਡਹਾਕ ਪੈਨਲ ਨਾਮਜ਼ਦ ਕੀਤਾ ਸੀ।

ਐੱਚਐੱਸਜੀਐੱਮਸੀ ਕਦੋਂ ਹੋਂਦ ਵਿੱਚ ਆਈ?

11 ਜੁਲਾਈ 2014 ਨੂੰ ਕਾਂਗਰਸ ਦੀ ਅਗਵਾਈ ਵਾਲੀ ਸਰਕਾਰ ਨੇ ਹਰਿਆਣਾ ਵਿਧਾਨ ਸਭਾ ਵਿੱਚ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਐਕਟ ਪਾਸ ਕੀਤਾ ਸੀ।

ਐੱਚਐੱਸਜੀਐੱਮਸੀ ਐਕਟ, 2014 ਨੂੰ ਹਰਿਆਣਾ ਦੇ ਕਾਨੂੰਨੀ ਅਤੇ ਵਿਧਾਨਕ ਵਿਭਾਗ ਦੁਆਰਾ 14 ਜੁਲਾਈ, 2014 ਨੂੰ ਅਧਿਸੂਚਿਤ ਕਰ ਦਿੱਤਾ ਗਿਆ ਸੀ।

ਇਸ ਮਗਰੋਂ 6 ਅਗਸਤ 2014 ਨੂੰ ਇਸ ਐਕਟ ਦੀ ਕਾਨੂੰਨੀ ਮਾਨਤਾ ਨੂੰ ਸੁਪਰੀਮ ਕੋਰਟ ਵਿੱਚ ਸਿਵਲ ਰਿੱਟ ਪਟੀਸ਼ਨ ਦੇ ਨਾਲ ਚੁਣੌਤੀ ਦਿੱਤੀ ਗਈ ਸੀ ਪਰ 20 ਸਤੰਬਰ 2022 ਨੂੰ ਸੁਪਰੀਮ ਕੋਰਟ ਨੇ ਇਸ ਕਾਨੂੰਨ ਦੀ ਮਾਨਤਾ ਨੂੰ ਬਰਕਰਾਰ ਰੱਖਿਆ ਅਤੇ ਕਮੇਟੀ ਦੇ ਗਠਨ ਲਈ ਰਾਹ ਪੱਧਰਾ ਕਰ ਦਿੱਤਾ ਸੀ।

ਸੁਪਰੀਮ ਕੋਰਟ ਵੱਲੋਂ ਕਾਨੂੰਨ ਦੀ ਵੈਧਤਾ ਬਰਕਰਾਰ ਰੱਖਣ ਮਗਰੋਂ ਇਹ ਵਿਵਾਦ ਖ਼ਤਮ ਹੋ ਗਿਆ
ਤਸਵੀਰ ਕੈਪਸ਼ਨ,ਸੁਪਰੀਮ ਕੋਰਟ ਵੱਲੋਂ ਕਾਨੂੰਨੀ ਮਾਨਤਾ ਬਰਕਰਾਰ ਰੱਖਣ ਮਗਰੋਂ ਇਸ ਕਮੇਟੀ ਦਾ ਵਿਵਾਦ ਖ਼ਤਮ ਹੋ ਗਿਆ ਸੀ

ਕਮੇਟੀ ਬਾਰੇ ਕੀ ਵਿਵਾਦ ਸੀ?

ਜਦੋਂ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚਐੱਸਜੀਐੱਮਸੀ) ਕਾਨੂੰਨ ਹੋਂਦ ਵਿੱਚ ਆਇਆ ਤਾਂ ਇਸਦਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਰੋਧ ਕੀਤਾ ਗਿਆ।

ਇਸ ਵਿਰੋਧ ਦਾ ਕਾਰਨ ਇਹ ਸੀ ਕਿ ਇਸ ਕਾਨੂੰਨ ਦੇ ਹੋਂਦ ਵਿੱਚ ਆਉਣ ਤੋਂ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ), ਅੰਮ੍ਰਿਤਸਰ ਵੱਲੋਂ ਹੀ ਹਰਿਆਣਾ ਵਿੱਚ ਸਥਿਤ ਇਤਿਹਾਸਕ ਗੁਰਦੁਆਰਿਆਂ ਦੀ ਦੇਖ ਰੇਖ ਕੀਤੀ ਜਾਂਦੀ ਸੀ।

ਆਖ਼ਰ ਸੁਪਰੀਮ ਕੋਰਟ ਵੱਲੋਂ ਕਾਨੂੰਨੀ ਮਾਨਤਾ ਬਰਕਰਾਰ ਰੱਖਣ ਮਗਰੋਂ ਇਹ ਵਿਵਾਦ ਖ਼ਤਮ ਹੋ ਗਿਆ।

ਐਡਹਾਕ ਸਦਨ ਵਿੱਚ ਸਾਰੇ ਮੈਂਬਰ ਸਰਕਾਰ ਦੁਆਰਾ ਨਾਮਜ਼ਦ ਕੀਤੇ ਹੁੰਦੇ ਹਨ
ਤਸਵੀਰ ਕੈਪਸ਼ਨ,ਐਡਹਾਕ ਸਦਨ ਵਿੱਚ ਸਾਰੇ ਮੈਂਬਰ ਸਰਕਾਰ ਦੁਆਰਾ ਨਾਮਜ਼ਦ ਕੀਤੇ ਗਏ ਸਨ

ਐਡਹਾਕ ਸਦਨ ਕੀ ਹੈ?

ਸਿੱਖ ਏਕਤਾ ਦਲ ਦੇ ਆਗੂ ਪ੍ਰਿਤਪਾਲ ਸਿੰਘ ਪੰਨੂ ਜੋ ਪਿਛਲੇ ਲੰਬੇ ਸਮੇਂ ਤੋਂ ਚੋਣਾਂ ਕਰਵਾਉਣ ਦੀ ਮੰਗ ਕਰ ਰਹੇ ਸਨ, ਉਹਨਾਂ ਨੇ ਦੱਸਿਆ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਚਐੱਸਜੀਐੱਮਸੀ) ਦੀ ਚੋਣ ਪਹਿਲੀ ਵਾਰ ਹੋਣ ਜਾ ਰਹੀ ਹੈ।

ਉਨ੍ਹਾਂ ਕਿਹਾ ਕਿ ਇਸ ਤੋਂ ਪਹਿਲਾਂ ਐਡਹਾਕ ਸਦਨ ਹੀ ਗੁਰਦੁਆਰਿਆਂ ਦਾ ਸੰਚਾਲਨ ਕਰਦਾ ਰਿਹਾ ਹੈ। ਪਹਿਲਾ ਐਡਹਾਕ ਸਦਨ ਸਾਲ 2024 ਵਿੱਚ ਮਈ ਮਹੀਨੇ ਤੱਕ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਉੱਤੇ ਕਾਬਜ਼ ਰਿਹਾ ਜਦਕਿ ਦੂਜਾ ਐਡਹਾਕ ਸਦਨ ਅਗਸਤ ਤੋਂ ਕਮੇਟੀ ਦਾ ਸੰਚਾਲਨ ਕਰ ਰਿਹਾ ਹੈ।

ਪੰਨੂੰ ਨੇ ਦੱਸਿਆ ਕਿ ਐਡਹਾਕ ਸਦਨ ਵਿੱਚ ਸਾਰੇ ਮੈਂਬਰ ਸਰਕਾਰ ਦੁਆਰਾ ਨਾਮਜ਼ਦ ਕੀਤੇ ਹੁੰਦੇ ਹਨ।

“ਸਾਡਾ ਦਲ ਚੋਣਾਂ ਨਹੀਂ ਲੜੇਗਾ ਪਰ ਫਿਰ ਵੀ ਅਸੀਂ ਲੰਬੇ ਸਮੇਂ ਤੋਂ ਕਮੇਟੀ ਦੀਆਂ ਚੋਣਾਂ ਦੀ ਮੰਗ ਕਰ ਰਹੇ ਸੀ ਤਾਂ ਜੋਂ ਚੁਣਿਆ ਹੋਇਆ ਸਦਨ ਕਮੇਟੀ ਦਾ ਸੰਚਾਲਨ ਕਰੇ।”

ਕੰਵਲਜੀਤ ਸਿੰਘ ਅਜਰਾਨਾ, ਜਿਨ੍ਹਾਂ ਦੀ ਪਤਨੀ ਰਵਿੰਦਰ ਕੌਰ ਅਜਰਾਨਾ ਐਡਹਾਕ ਸਦਨ ਵਿੱਚ ਮੀਤ ਪ੍ਰਧਾਨ ਸਨ, ਉਹਨਾਂ ਨੇ ਦੱਸਿਆ ਚੋਣਾਂ ਈਵੀਐੱਮ ਮਸ਼ੀਨਾਂ ਰਾਹੀਂ ਹੋਣਗੀਆਂ। ਉਨ੍ਹਾਂ ਇਹ ਵੀ ਦੱਸਿਆ ਕਿ ਕੋਈ ਵੀ ਸਿਆਸੀ ਪਾਰਟੀ ਕਮੇਟੀ ਦੀਆਂ ਚੋਣਾਂ ਨਹੀਂ ਲੜ ਸਕਦੀ।

Share it :
error: Content is protected !!