Immigration Scam ਫੋਨ ਕਾਲਾਂ ਵਿੱਚ ਹੋਇਆ ਵਾਧਾ, INZ ਨੇ ਲੋਕਾਂ ਨੂੰ ਕੀਤਾ ਸੁਚੇਤ

Auckland (NZ Punjabi News) – Immigration New Zealand (INZ) ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਹਾਲ ਹੀ ਵਿੱਚ ਠੱਗਾਂ ਵੱਲੋਂ INZ ਦੇ ਨਾਂ ’ਤੇ ਫੋਨ ਕਾਲਾਂ ਕਰਕੇ ਲੋਕਾਂ ਨਾਲ ਧੋਖਾਧੜੀ ਕਰਨ ਦੇ ਮਾਮਲੇ ਵਧ ਰਹੇ ਹਨ। INZ ਮੁਤਾਬਕ ਇਹ ਕਾਲਾਂ ਅਸਲੀ ਨਹੀਂ ਹਨ ਅਤੇ ਕਾਲ ਕਰਨ ਵਾਲੇ ਲੋਕ ਆਪਣੇ ਆਪ ਨੂੰ Immigration New Zealand ਦਾ ਅਧਿਕਾਰੀ ਦੱਸਦੇ ਹਨ। ਕਈ ਵਾਰ ਇਹ ਲੋਕ ਨਿਊਜ਼ੀਲੈਂਡ ਦੇ ਮੋਬਾਈਲ ਨੰਬਰ ਵੀ ਵਰਤਦੇ ਹਨ ਤਾਂ ਜੋ ਲੋਕ ਆਸਾਨੀ ਨਾਲ ਵਿਸ਼ਵਾਸ ਕਰ ਲੈਣ।

INZ ਨੇ ਸਪੱਸ਼ਟ ਕੀਤਾ ਹੈ ਕਿ ਉਹ ਕਦੇ ਵੀ ਫੋਨ ’ਤੇ ਕਿਸੇ ਤੋਂ ਭੁਗਤਾਨ ਨਹੀਂ ਮੰਗਦਾ। ਠੱਗ ਅਕਸਰ ਲੋਕਾਂ ਨੂੰ ਕਹਿੰਦੇ ਹਨ ਕਿ ਉਨ੍ਹਾਂ ਦੇ ਵੀਜ਼ੇ ਨਾਲ ਕੋਈ ਤੁਰੰਤ ਸਮੱਸਿਆ ਹੈ, ਜਿਸ ਨਾਲ ਡਰ ਜਾਂ ਦਬਾਅ ਬਣਾਇਆ ਜਾ ਸਕੇ। ਕਈ ਵਾਰ ਲੋਕਾਂ ਨੂੰ “Press 1” ਦਬਾਉਣ ਜਾਂ ਕਿਸੇ operator ਨਾਲ ਗੱਲ ਕਰਨ ਲਈ ਵੀ ਕਿਹਾ ਜਾਂਦਾ ਹੈ। ਕੁਝ ਮਾਮਲਿਆਂ ਵਿੱਚ ਠੱਗਾਂ ਨੇ ਲੋਕਾਂ ਤੋਂ ਪੈਸੇ ਮੰਗੇ, ਪਾਸਪੋਰਟ ਜਾਂ ਬੈਂਕ ਡੀਟੇਲ ਵਰਗੀ ਨਿੱਜੀ ਜਾਣਕਾਰੀ ਲੈਣ ਦੀ ਕੋਸ਼ਿਸ਼ ਕੀਤੀ ਅਤੇ ਇਹ ਤੱਕ ਧਮਕੀ ਦਿੱਤੀ ਕਿ ਜੇ ਉਹ ਸਹਿਯੋਗ ਨਾ ਕਰਨ ਤਾਂ ਕਾਨੂੰਨੀ ਕਾਰਵਾਈ ਹੋ ਸਕਦੀ ਹੈ।

*INZ ਨੇ ਲੋਕਾਂ ਨੂੰ ਅਜਿਹੀਆਂ ਕਾਲਾਂ ਨਾਲ ਕਿਸੇ ਵੀ ਤਰ੍ਹਾਂ ਦੀ ਗੱਲਬਾਤ ਨਾ ਕਰਨ ਦੀ ਅਪੀਲ ਕੀਤੀ ਹੈ।*

ਜੇਕਰ ਕਿਸੇ ਨੂੰ ਇਸ ਤਰ੍ਹਾਂ ਦੀ ਸ਼ੱਕੀ ਕਾਲ ਆਉਂਦੀ ਹੈ ਤਾਂ:

• ਕੋਈ ਵੀ ਨਿੱਜੀ ਜਾਂ ਵਿੱਤੀ ਜਾਣਕਾਰੀ ਨਾ ਦਿਓ

• ਤੁਰੰਤ ਕਾਲ ਕੱਟ ਦਿਓ

• ਮਾਮਲੇ ਦੀ ਰਿਪੋਰਟ CERT NZ ਨੂੰ ਉਸਦੇ online reporting form ਰਾਹੀਂ ਕਰੋ

• ਨਿਊਜ਼ੀਲੈਂਡ ਵਿੱਚ ਰਹਿਣ ਵਾਲੇ ਲੋਕ Netsafe ਨੂੰ 0508 638 723 ’ਤੇ ਵੀ ਸੰਪਰਕ ਕਰ ਸਕਦੇ ਹਨ

INZ ਨੇ ਕਿਹਾ ਹੈ ਕਿ ਜੇ ਕਿਸੇ ਵੀਜ਼ਾ ਹੋਲਡਰ ਨੂੰ ਅਜਿਹੀ scam call ਆਉਣ ਤੋਂ ਬਾਅਦ ਆਪਣੇ ਵੀਜ਼ੇ ਦੀ ਸਥਿਤੀ ਬਾਰੇ ਚਿੰਤਾ ਹੋਵੇ ਤਾਂ ਉਹ ਸਿੱਧਾ INZ Service Centre ਨਾਲ ਸੰਪਰਕ ਕਰ ਸਕਦੇ ਹਨ। ਉੱਥੇ ਸਟਾਫ਼ ਉਨ੍ਹਾਂ ਦੀ ਜਾਣਕਾਰੀ ਦੀ ਪੁਸ਼ਟੀ ਕਰਕੇ ਵੀਜ਼ਾ ਸਬੰਧੀ ਸਵਾਲਾਂ ਦੇ ਜਵਾਬ ਦੇਵੇਗਾ।

Share it :
error: Content is protected !!