ਨਿਊਜ਼ੀਲੈਂਡ ਵਿੱਚ ਪੜ੍ਹਾਈ ਛੱਡਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵੱਧਕੇ ਹੋਈ ਦੁੱਗਣੀ

ਆਕਲੈਂਡ (NZ Punjabi News) – ਨਿਊਜ਼ੀਲੈਂਡ ਦੇ Education Review Office (ERO) ਦੀ ਨਵੀਂ ਰਿਪੋਰਟ ਮੁਤਾਬਕ ਦੇਸ਼ ਦੀ ਸਿੱਖਿਆ ਪ੍ਰਣਾਲੀ ਹਜ਼ਾਰਾਂ ਖਤਰੇ ਵਾਲੇ ਅਤੇ ਚੁਣੌਤੀਪੂਰਨ ਵਿਦਿਆਰਥੀਆਂ ਦੀਆਂ ਲੋੜਾਂ ਪੂਰੀਆਂ ਕਰਨ ਵਿੱਚ ਅਸਫਲ ਰਹੀ ਹੈ। ERO ਨੇ ਇਸ ਸਥਿਤੀ ਨੂੰ ਸੁਧਾਰਨ ਲਈ ਤੁਰੰਤ ਵੱਡੇ ਬਦਲਾਅ ਕਰਨ ਦੀ ਮੰਗ ਕੀਤੀ ਹੈ।

ਮੰਗਲਵਾਰ ਨੂੰ ਜਾਰੀ ਕੀਤੀ ਗਈ ਰਿਪੋਰਟ ‘Bridging the Gap: How Well Do We Support Students Learning in Alternative Settings?’ ਵਿੱਚ ਦੱਸਿਆ ਗਿਆ ਹੈ ਕਿ ਪਿਛਲੇ ਦਸ ਸਾਲਾਂ ਦੌਰਾਨ ਮੁੱਖਧਾਰਾ ਸਕੂਲਾਂ ਤੋਂ ਬਾਹਰ ਵਿਕਲਪਕ ਸਿੱਖਿਆ ਪ੍ਰਣਾਲੀਆਂ ਵਿੱਚ ਜਾਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਦੁੱਗਣੀ ਹੋ ਕੇ 8,000 ਤੋਂ ਵੱਧ ਹੋ ਗਈ ਹੈ।

ਰਿਪੋਰਟ ਅਨੁਸਾਰ ਲਗਭਗ 6,000 ਵਿਦਿਆਰਥੀ Te Kura (Correspondence School) ਨਾਲ ਜੁੜੇ ਹੋਏ ਹਨ, ਜਦਕਿ ਕਰੀਬ 2,000 ਵਿਦਿਆਰਥੀ ਹੋਰ ਵਿਕਲਪਕ ਸਿੱਖਿਆ ਪ੍ਰਦਾਤਾਵਾਂ ਕੋਲ ਪੜ੍ਹ ਰਹੇ ਹਨ। ਇਨ੍ਹਾਂ ਵਿੱਚੋਂ ਬਹੁਤ ਸਾਰੇ ਵਿਦਿਆਰਥੀਆਂ ਦੇ ਅਕਾਦਮਿਕ ਨਤੀਜੇ ਕਾਫ਼ੀ ਕਮਜ਼ੋਰ ਰਹਿੰਦੇ ਹਨ।

ERO ਦੀ ਸੀਨੀਅਰ ਮੈਨੇਜਰ ਰੇਬੇਕਾ ਬਿਆਰਨੇਸਨ ਨੇ ਕਿਹਾ ਕਿ ਵਧਦੀ ਗਿਣਤੀ ਅਤੇ ਛੋਟੀ ਉਮਰ ਵਿੱਚ ਹੀ ਵਿਦਿਆਰਥੀਆਂ ਦਾ ਮੁੱਖਧਾਰਾ ਸਿੱਖਿਆ ਤੋਂ ਦੂਰ ਹੋਣਾ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਕੁਝ ਬੱਚੇ ਤਾਂ Year 9 ਤੋਂ ਹੀ ਵਿਕਲਪਕ ਸਿੱਖਿਆ ਵੱਲ ਧੱਕੇ ਜਾ ਰਹੇ ਹਨ।

ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸਿੱਖਿਆ ਪ੍ਰਣਾਲੀ ਉਹਨਾਂ ਵਿਦਿਆਰਥੀਆਂ ਨੂੰ ਨਾਕਾਮ ਕਰ ਰਹੀ ਹੈ ਜਿਨ੍ਹਾਂ ਨੂੰ ਸਭ ਤੋਂ ਵੱਧ ਗੁਣਵੱਤਾ ਵਾਲੀ ਸਿੱਖਿਆ ਦੀ ਲੋੜ ਹੈ। ਇਸ ਕਾਰਨ ਉਨ੍ਹਾਂ ਦੀ ਜ਼ਿੰਦਗੀ ਬਦਲਣ ਦਾ ਮਹੱਤਵਪੂਰਨ ਮੌਕਾ ਵੀ ਹੱਥੋਂ ਨਿਕਲ ਰਿਹਾ ਹੈ।

ERO ਨੇ ਸਿਫਾਰਸ਼ ਕੀਤੀ ਹੈ ਕਿ ਸਕੂਲਾਂ ਨੂੰ ਆਪਣੇ ਵਿਦਿਆਰਥੀਆਂ ਨੂੰ ਸਿਸਟਮ ਵਿੱਚ ਬਣਾਈ ਰੱਖਣ ਲਈ ਵਧੇਰੇ ਜਵਾਬਦੇਹ ਬਣਾਇਆ ਜਾਵੇ ਅਤੇ ਖਤਰੇ ਵਾਲੇ ਵਿਦਿਆਰਥੀਆਂ ਦੀ ਵੱਧ ਗਿਣਤੀ ਵਾਲੇ ਸਕੂਲਾਂ ਨੂੰ ਵਾਧੂ ਸਹਾਇਤਾ ਦਿੱਤੀ ਜਾਵੇ। ਇਸ ਤੋਂ ਇਲਾਵਾ ਵਿਕਲਪਕ ਸਿੱਖਿਆ ਪ੍ਰਦਾਤਾਵਾਂ ਲਈ ਫੰਡਿੰਗ ਵਧਾਉਣ ਦੀ ਵੀ ਮੰਗ ਕੀਤੀ ਗਈ ਹੈ।

Share it :
error: Content is protected !!