ਟਾਕਾਨਿਨੀ ਸੀਟ ਜਿੱਤਣ ਲਈ ਲੇਬਰ ਪਾਰਟੀ ਵਲੋਂ ਭਾਈਚਾਰੇ ਦੇ ਖੜਗ ਸਿੰਘ ਨੇ ਭਾਰੀ ਸਮਰਥਨ ਨਾਲ ਚੋਣ ਮੁਹਿੰਮ ਕੀਤੀ ਸ਼ੁਰੂ

ਆਕਲੈਂਡ (NZ Punjabi News) – ਲੇਬਰ ਪਾਰਟੀ ਦੇ ਟਾਕਾਨਿਨੀ ਤੋਂ ਉਮੀਦਵਾਰ ਖੜਗ ਸਿੰਘ ਨੇ ਸ਼ਨੀਵਾਰ ਰਾਤ ਆਪਣੀ ਚੋਣ ਮੁਹਿੰਮ ਦਾ ਅਧਿਕਾਰਕ ਆਗਾਜ਼ ਕੀਤਾ। ਮਨੁਕਾਉ ਵਿੱਚ ਹੋਏ ਸਮਾਗਮ ਵਿੱਚ 600 ਤੋਂ ਵੱਧ ਲੋਕਾਂ ਨੇ ਸ਼ਿਰਕਤ ਕਰਕੇ ਉਨ੍ਹਾਂ ਨੂੰ ਸਮਰਥਨ ਦਿੱਤਾ। ਲੇਬਰ ਪਾਰਟੀ ਇਸ ਵਾਰ ਟਾਕਾਨਿਨੀ ਸੀਟ ਨੈਸ਼ਨਲ ਪਾਰਟੀ ਤੋਂ ਵਾਪਸ ਜਿੱਤਣ ਲਈ ਪੂਰਾ ਜ਼ੋਰ ਲਾ ਰਹੀ ਹੈ।

ਸਮਾਗਮ ਵਿੱਚ ਲੇਬਰ ਪਾਰਟੀ ਦੀ ਪ੍ਰਧਾਨ ਜਿਲ ਡੇ, ਪਾਰਟੀ ਆਗੂ ਕ੍ਰਿਸ ਹਿਪਕਿਨਸ, ਡਿਪਟੀ ਆਗੂ ਕਾਰਮਲ ਸੇਪੁਲੋਨੀ, ਬਾਰਬਰਾ ਐਡਮੰਡਸ, ਜੈਨੀ ਸਲੇਸਾ, ਅਰੀਨਾ ਵਿਲੀਅਮਜ਼, ਡਾ. ਨੇਰੂ ਲੇਵਾਸਾ, ਲੇਬਰ ਪਾਰਟੀ ਦੇ ਗਵਰਨਿੰਗ ਕੌਂਸਲ ਮੈਂਬਰ, ਸਥਾਨਕ ਕੌਂਸਲਰ, ਲੋਕਲ ਬੋਰਡ ਮੈਂਬਰ, ਯੂਨੀਅਨ ਨੁਮਾਇੰਦੇ, ਕਮਿਊਨਿਟੀ ਆਗੂ, ਸੁਪਰੀਮ ਸਿੱਖ ਸੁਸਾਇਟੀ ਦੇ ਮੈਂਬਰ ਅਤੇ ਵੱਡੀ ਗਿਣਤੀ ਵਿੱਚ ਲੇਬਰ ਸਮਰਥਕ ਮੌਜੂਦ ਸਨ। 

ਆਪਣੇ ਸੰਬੋਧਨ ਦੌਰਾਨ ਕ੍ਰਿਸ ਹਿਪਕਿਨਸ ਨੇ ਕਿਹਾ ਕਿ ਲੇਬਰ ਟਾਕਾਨਿਨੀ ਸੀਟ ਮੁੜ ਜਿੱਤਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਮਾਗਮ ਵਿੱਚ ਇਕੱਠੀ ਹੋਈ ਭਾਰੀ ਭੀੜ ਇਸ ਗੱਲ ਦਾ ਸਬੂਤ ਹੈ ਕਿ ਖੜਗ ਸਿੰਘ ਨੂੰ ਲੋਕਾਂ ਦਾ ਮਜ਼ਬੂਤ ਸਮਰਥਨ ਅਤੇ ਜ਼ਮੀਨੀ ਪੱਧਰ ਨਾਲ ਡੂੰਘਾ ਜੁੜਾਅ ਹਾਸਲ ਹੈ। ਹਿਪਕਿਨਸ ਨੇ ਸਮਾਜਿਕ ਏਕਤਾ ਅਤੇ ਭਾਈਚਾਰਕ ਸਾਂਝ ‘ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਬਿਨਾਂ ਕਿਸੇ ਦਾ ਸਿੱਧਾ ਨਾਮ ਲਏ ਹਾਲੀਆ ਵਿਵਾਦਾਂ ਦਾ ਹਵਾਲਾ ਦਿੰਦਿਆਂ ਕਿਹਾ ਕਿ ਲੇਬਰ ਪਾਰਟੀ ਨਫ਼ਰਤ ਫੈਲਾਉਣ ਜਾਂ ਭਾਈਚਾਰਿਆਂ ਵਿੱਚ ਵੰਡ ਪੈਦਾ ਕਰਨ ਦੀ ਕਿਸੇ ਵੀ ਕੋਸ਼ਿਸ਼ ਨੂੰ ਬਰਦਾਸ਼ਤ ਨਹੀਂ ਕਰੇਗੀ ਅਤੇ ਨਿਊਜ਼ੀਲੈਂਡ ਨੂੰ ਆਪਣਾ ਘਰ ਬਣਾਉਣ ਵਾਲੇ ਹਰ ਭਾਈਚਾਰੇ ਦੇ ਨਾਲ ਖੜ੍ਹੀ ਰਹੇਗੀ।

ਉਨ੍ਹਾਂ ਨੇ ਭਾਰਤ-ਨਿਊਜ਼ੀਲੈਂਡ ਮੁਕਤ ਵਪਾਰ ਸਮਝੌਤੇ (FTA) ਨੂੰ ਲੈ ਕੇ ਨੈਸ਼ਨਲ ਅਤੇ ਨਿਊਜ਼ੀਲੈਂਡ ਫਰਸਟ ਵਿਚਾਲੇ ਚੱਲ ਰਹੇ ਵਿਵਾਦ ਦਾ ਵੀ ਜ਼ਿਕਰ ਕਰਦਿਆਂ ਕਿਹਾ ਕਿ ਦੇਸ਼ ਨੂੰ ਇਸ ਸਮੇਂ ਵੰਡ ਨਹੀਂ, ਸਗੋਂ ਏਕਤਾ, ਇਨਸਾਫ਼ ਅਤੇ ਆਪਸੀ ਸਤਿਕਾਰ ਦੀ ਲੋੜ ਹੈ। ਚੋਣ ਮੁਹਿੰਮ ਦੀ ਸ਼ੁਰੂਆਤ ਤੋਂ ਬਾਅਦ ਖੜਗ ਸਿੰਘ ਨੇ ਕਿਹਾ ਕਿ ਉਹ ਲੋਕਾਂ ਵੱਲੋਂ ਮਿਲੇ ਭਰਵੇਂ ਸਮਰਥਨ ਲਈ ਦਿਲੋਂ ਧੰਨਵਾਦੀ ਹਨ। ਉਨ੍ਹਾਂ ਨੇ ਪਰਿਵਾਰਾਂ, ਵਲੰਟੀਅਰਾਂ, ਸਮਰਥਕਾਂ, ਕਮਿਊਨਿਟੀ ਆਗੂਆਂ ਅਤੇ ਪਾਰਟੀ ਵਰਕਰਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਮੁਹਿੰਮ ਟਾਕਾਨਿਨੀ ਦੇ ਲੋਕਾਂ ਦੀ ਹੈ।

ਉਨ੍ਹਾਂ ਕਿਹਾ, “ਇਹ ਮੁਹਿੰਮ ਸਾਡੇ ਸਾਰਿਆਂ ਦੀ ਹੈ। ਅਸੀਂ ਲੋਕਾਂ ਦੀ ਗੱਲ ਸੁਣਾਂਗੇ, ਸਖ਼ਤ ਮਿਹਨਤ ਕਰਾਂਗੇ, ਲੋਕਾਂ ਦਾ ਭਰੋਸਾ ਜਿੱਤਾਂਗੇ ਅਤੇ ਟਾਕਾਨਿਨੀ ਸੀਟ ਮੁੜ ਲੇਬਰ ਦੀ ਝੋਲੀ ਵਿੱਚ ਲਿਆਵਾਂਗੇ।”

ਖੜਗ ਸਿੰਘ, ਜੋ ਦੱਖਣੀ ਆਕਲੈਂਡ ਦੇ ਪ੍ਰਸਿੱਧ ਕਾਰੋਬਾਰੀ, ਜਸਟਿਸ ਆਫ਼ ਦ ਪੀਸ (JP) ਅਤੇ ਸਮਾਜ ਸੇਵੀ ਵਜੋਂ ਜਾਣੇ ਜਾਂਦੇ ਹਨ, ਆਪਣੀ ਚੋਣ ਮੁਹਿੰਮ ਨੂੰ ਰੁਜ਼ਗਾਰ, ਬਿਹਤਰ ਸਿਹਤ ਸੇਵਾਵਾਂ, ਸਸਤੇ ਘਰਾਂ ਅਤੇ ਪਰਿਵਾਰਾਂ ਲਈ ਵੱਧ ਸਹਾਇਤਾ ਵਰਗੇ ਮੁੱਦਿਆਂ ‘ਤੇ ਕੇਂਦਰਿਤ ਕਰ ਰਹੇ ਹਨ। ਟਾਕਾਨਿਨੀ ਸੀਟ ਇਸ ਵੇਲੇ ਨੈਸ਼ਨਲ ਪਾਰਟੀ ਦੀ ਸੰਸਦ ਮੈਂਬਰ ਰੀਮਾ ਨਖਲੇ ਕੋਲ ਹੈ, ਜਿਨ੍ਹਾਂ ਨੇ 2023 ਦੀ ਚੋਣ ਵਿੱਚ 21,936 ਵੋਟਾਂ ਨਾਲ ਜਿੱਤ ਦਰਜ ਕੀਤੀ ਸੀ। ਲੇਬਰ ਦੇ ਉਮੀਦਵਾਰ ਡਾ. ਅਨੇ ਨੇਰੂ ਲੇਵਾਸਾ ਨੂੰ 13,161 ਵੋਟਾਂ ਮਿਲੀਆਂ ਸਨ ਅਤੇ ਨੈਸ਼ਨਲ ਨੇ 8,775 ਵੋਟਾਂ ਦੇ ਫਰਕ ਨਾਲ ਇਹ ਸੀਟ ਜਿੱਤੀ ਸੀ। ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਇਸ ਵਾਰ ਟਾਕਾਨਿਨੀ ਦੱਖਣੀ ਆਕਲੈਂਡ ਦੀਆਂ ਸਭ ਤੋਂ ਦਿਲਚਸਪ ਅਤੇ ਕਰੀਬੀ ਚੋਣੀ ਟੱਕਰਾਂ ਵਿੱਚੋਂ ਇੱਕ ਹੋ ਸਕਦੀ ਹੈ।

Share it :
error: Content is protected !!